ਨਕਾਬਪੋਸ਼ ਲੁਟੇਰੇ ਫਿਊਜ਼ਨ ਮਾਈਕ੍ਰੋ ਫਾਈਨਾਂਸ ਸ਼ਾਖਾ ’ਚੋਂ 72 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ

08/12/2023 1:18:36 PM

ਸੁਲਤਾਨਪੁਰ ਲੋਧੀ (ਧੀਰ)-ਪਵਿੱਤਰ ਨਗਰੀ ’ਚ ਚੋਰੀਆਂ ਅਤੇ ਲੁੱਟਾਂਖੋਹਾਂ ਨਿਰੰਤਰ ਜਾਰੀ ਹਨ। ਦੁਪਹਿਰ ਹਥਿਆਰਬੰਦ ਨਕਾਬਪੋਸ਼ 4 ਲੁਟੇਰੇ ਸਭ ਤੋਂ ਵੱਧ ਭੀੜ ਭੜੱਕੇ ਵਾਲੇ ਬਾਜ਼ਾਰ ਚੌਕ ਚੇਲਿਆਂ ਦੇ ਨਜ਼ਦੀਕ ਫਿਊਜ਼ਨ ਮਾਈਕ੍ਰੋ ਫਾਈਨਾਂਸ ਸ਼ਾਖਾ ’ਚ 72 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਸੁਰਿੰਦਰ ਕੁਮਾਰ, ਡੀ. ਐੱਸ. ਪੀ. ਸਤਨਾਮ ਸਿੰਘ, ਐੱਸ. ਐੱਚ. ਓ. ਲਖਵਿੰਦਰ ਸਿੰਘ ਸੁਲਤਾਨਪੁਰ ਲੋਧੀ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਕੈਸ਼ੀਅਰ ਦੀ ਨੌਕਰੀ ਕਰਦੇ ਅੰਕੁਸ਼ ਨੇ ਦੱਸਿਆ ਉਹ ਦਫਤਰ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਮੂੰਹ ’ਤੇ ਕੱਪੜਾ ਬੰਨ੍ਹ ਕੇ 4 ਵਿਅਕਤੀਆਂ ਅੰਦਰ ਆਏ, ਜਿਨ੍ਹਾਂ ਦੇ ਹੱਥ ’ਚ ਪਿਸਤੌਲ ਫੜ੍ਹੇ ਹੋਏ ਸਨ। ਉਕਤ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਉਪਰੰਤ ਪਿਸਤੌਲ ਦੀ ਨੌਕ ’ਤੇ ਉਸ ਕੋਲੋਂ ਕਰੀਬ 72 ਹਜ਼ਾਰ ਦੀ ਨਕਦੀ ਲੁੱਟ ਲਈ ਤੇ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ

PunjabKesari

ਇਸ ਦੌਰਾਨ ਕੈਸ਼ੀਅਰ ਅੰਕੁਸ਼ ਦੇ ਬਲਾਉਣ ’ਤੇ ਕੰਪਨੀ ਦੇ ਇਕ ਹੋਰ ਕਰਮਚਾਰੀ ਬਾਹਰ ਆਇਆ ਤਾਂ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ। ਇਸ ਸਬੰਧੀ ਐੱਸ. ਪੀ. ਕਪੂਰਥਲਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਲੁਟੇਰੇ ਜਾਂਦੇ ਹੋਏ ਦਫ਼ਤਰ ’ਚ ਲੱਗੇ ਸੀ. ਸੀ. ਟੀ. ਵੀ. ਦਾ ਡੀ. ਬੀ. ਆਰ. ਵੀ. ਨਾਲ ਲੈ ਗਏ ਹਨ। ਇਸ ਕਰਕੇ ਪੁਲਸ ਵੱਲੋਂ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਛਾਣਬੀਣ ਕਰ ਰਹੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਦਿਨ-ਦਿਹਾੜੇ ਹਥਿਆਰਾਂ ਨਾਲ ਲੈਸ ਲੁਟੇਰਿਆਂ ਵੱਲੋਂ ਸ਼ਰੇਆਮ ਭੀਡ਼ ਭਡ਼ੱਕੇ ਵਾਲੇ ਬਾਜ਼ਾਰ ਚੌਕ ਚੇਲਿਆਂ ’ਚ ਲੁੱਟ ਦੀ ਵਾਰਦਾਤ ਕਰਕੇ ਫਰਾਰ ਹੋਣ ਉਪਰੰਤ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਡਰੇ ਤੇ ਸਹਿਮੇ ਹੋਏ ਹਨ, ਜੋ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕਰ ਰਹੇ ਹਨ। ਲੋਕਾਂ ਦੀ ਕਹਿਣਾ ਹੈ ਕਿ ਲੁੱਟਾਂ-ਖੋਹਾਂ ਤੇ ਚੋਰੀਆਂ ਹੁਣ ਆਮ ਵਾਰਦਾਤਾਂ ਹੀ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਤਾਂ ਦਿੰਦੀ ਹੈ ਪਰ ਪੁਲਸ ਦੇ ਹੱਥ ਕੁੱਝ ਵੀ ਨਹੀਂ ਲੱਗਦਾ, ਇੰਨੇ ਨੂੰ ਮਾਮਲੇ ਠੰਡੇ ਬਸਤੇ ’ਚ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਦੁੱਭਰ ਹੋਇਆ ਪਿਆ ਹੈ, ਜਦਕਿ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਪ੍ਰਤੀਤ ਹੁੰਦਾ ਹੈ।

ਐੱਸ. ਐੱਸ. ਪੀ. ਕੋਲੋਂ ਪੁਲਸ ਗਸ਼ਤ ਵਧਾਉਣ ਦੀ ਮੰਗ
ਸਥਾਨਕ ਲੋਕਾਂ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਕੋਲੋਂ ਸੁਲਤਾਨਪੁਰ ਲੋਧੀ ’ਚ ਚੋਰਾਂ-ਲੁਟੇਰਿਆਂ ਨੂੰ ਨੱਥ ਪਾਉਣ ਤੇ ਗੁਰੂ ਕੀ ਨਗਰੀ ’ਚ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਤਾਂ ਪੁਲਸ ਦੀ ਨਫਰੀ ਬਹੁਤ ਘੱਟ ਹੈ। ਮਨਚਲੇ ਨੌਜਵਾਨ ਬੁਲੇਟ ’ਤੇ ਸਵਾਰ ਹੋ ਕੇ ਭੀੜ-ਭੜੱਕੇ ਵਾਲੇ ਬਜ਼ਾਰਾਂ ’ਚ ਗੇੜੇ ਮਾਰਦੇ ਹਨ। ਬੁਲੇਟ ਦੇ ਸਾਈਲੈਂਸਰਾਂ ’ਚ ਨਿਕਲਦੀ ਆਵਾਜ਼ ਜਿੱਥੇ ਸ਼ੋਰ ਪ੍ਰਦੂਸ਼ਣ ਪੈਦਾ ਕਰ ਰਹੀ ਹੈ, ਉੱਥੇ ਹੀ ਪੁਲਸ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਲਾਉਂਦੀ ਹੈ। ਇਸੇ ਤਰ੍ਹਾਂ ਟ੍ਰੈਫਿਕ ਦੀ ਸਮੱਸਿਆ ਵੀ ਬੁਰੀ ਤਰ੍ਹਾਂ ਬੇਹਾਲ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News