ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜ਼ਨਾਹ, ਮਾਮਲਾ ਦਰਜ਼

Sunday, May 26, 2019 - 10:03 PM (IST)

ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਜਬਰ-ਜ਼ਨਾਹ, ਮਾਮਲਾ ਦਰਜ਼

ਟਾਂਡਾ ਉਡ਼ਮੁਡ਼(ਪੰਡਿਤ)- ਕੰਧਾਲਾ ਜੱਟਾਂ ਇਲਾਕੇ ਦੇ ਇਕ ਪਿੰਡ ਨਾਲ ਸਬੰਧਤ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਦੋ ਸਾਲ ਵਿਚ ਕਈ ਵਾਰ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਖਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀਡ਼ਤ ਔਰਤ ਦੇ ਬਿਆਨ ਦੇ ਅਾਧਾਰ ’ਤੇ ਮਨਿੰਦਰ ਸਿੰਘ ਢਿੱਲੋਂ ਪੁੱਤਰ ਜਸਵੀਰ ਸਿੰਘ ਨਿਵਾਸੀ ਪਿੰਡ ਦਰੀਆਂ ਅਤੇ ਇਸ ਸਾਜ਼ਿਸ਼ ’ਚ ਸ਼ਾਮਲ ਸੁਰਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਨਿਵਾਸੀ ਦਰੀਆਂ ਖਿਲਾਫ਼ ਦਰਜ ਕੀਤਾ ਹੈ।

ਪੀੜਤਾ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਆਪਣੇ ਪਿੰਡੋਂ ਸੁਰਜੀਤ ਸਿੰਘ ਦੇ ਖੇਤਾਂ ਵਿਚ ਆਲੂ ਦੀ ਭਰਾਈ ਦਾ ਕੰਮ ਕਰਨ ਆਉਂਦੀ ਸੀ, ਜਿੱਥੇ ਸੁਰਜੀਤ ਸਿੰਘ ਨੇ ਇਕ ਦਿਨ ਉਸ ਨੂੰ ਆਖਿਆ ਕਿ ਉਸ ਦਾ ਰਿਸ਼ਤੇਦਾਰ ਮਨਿੰਦਰ ਢਿੱਲੋਂ ਉਸ ਨਾਲ ਗੱਲ ਕਰਨੀ ਚਾਹੁੰਦਾ ਹੈ ਅਤੇ ਬਾਅਦ ਵਿਚ ਉਸ ਦਾ ਫੋਨ ਨੰਬਰ ਲੈ ਕੇ ਢਿੱਲੋਂ ਉਸ ਨਾਲ ਗੱਲਬਾਤ ਕਰਨ ਲੱਗਾ। ਬਾਅਦ ਵਿਚ ਉਸ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਈ ਵਾਰ ਜਬਰ-ਜ਼ਨਾਹ ਕੀਤਾ। ਜਦੋਂ ਵੀ ਉਹ ਢਿੱਲੋਂ ਨਾਲ ਵਿਆਹ ਕਰਵਾਉਣ ਬਾਰੇ ਗੱਲ ਕਰਦੀ ਤਾਂ ਅੱਗੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਦੀ ਗੱਲ ਕਰਦਾ। ਉਸ ਨੇ ਕਈ ਵਾਰ ਸੁਰਜੀਤ ਸਿੰਘ ਨਾਲ ਵੀ ਇਸ ਸਬੰਧੀ ਗੱਲ ਕੀਤੀ। 21 ਜਨਵਰੀ 2019 ਨੂੰ ਮਨਿੰਦਰ ਸਿੰਘ ਦਾ ਉਸ ਨੂੰ ਫੋਨ ਆਇਆ ਕਿ ਉਸ ਦੇ ਘਰ ਵਾਲੇ ਨਹੀਂ ਮੰਨ ਰਹੇ ਅਤੇ ਉਹ ਘਰੋਂ ਦੌਡ਼ ਜਾਂਦੇ ਹਨ। ਮਨਿੰਦਰ ਉਸ ਨੂੰ ਲੁਧਿਆਣਾ ਲੈ ਗਿਆ, ਜਿੱਥੇ ਉਹ ਕਿਰਾਏ ’ਤੇ ਰਹਿਣ ਲੱਗੇ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। 21 ਮਈ ਨੂੰ ਜਦੋਂ ਉਹ ਉਸ ਨੂੰ ਲੁਧਿਆਣਾ ਤੋਂ ਵਾਪਸ ਪਿੰਡ ਲੈ ਕੇ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਪਹਿਲਾਂ ਅਮਰਜੀਤ ਕੌਰ ਨਾਲ ਵਿਆਹਿਆ ਹੋਇਆ ਹੈ। ਉਸ ਨੇ ਆਪਣੇ ਨਾਲ ਹੋਏ ਧੱਕੇ ਦੀ ਗੱਲ ਪੰਚਾਇਤ ਨੂੰ ਦੱਸੀ। ਬਾਅਦ ’ਚ ਟਾਂਡਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਦੋਸ਼ ਲਾਇਆ ਕਿ ਢਿੱਲੋਂ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਦੋ ਸਾਲਾਂ ਵਿਚ ਕਈ ਵਾਰ ਜਬਰ-ਜ਼ਨਾਹ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

satpal klair

Content Editor

Related News