ਜਲੰਧਰ: ਸਹੁਰਿਆਂ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ
Sunday, Dec 19, 2021 - 12:59 PM (IST)
ਜਲੰਧਰ (ਮਾਹੀ, ਵਰਿੰਦਰ)- ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਭਗਵਾਨਪੁਰ ਵਿਖੇ ਇਕ ਵਿਅਕਤੀ ਨੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਲਾਂਬੜਾ ਦੀ ਪੁਲਸ ਨੇ ਦੋ ਔਰਤਾਂ ਸਮੇਤ 4 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਭਗਵਾਨਪੁਰ ਵਿਖੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਖਾ ਲਈ ਹੈ, ਜਿਸ ਨੂੰ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਇਲਾਜ ਅਧੀਨ ਮੌਤ ਹੋ ਗਈ, ਜਿਸ ਤੋਂ ਬਾਅਦ ਥਾਣਾ ਲਾਂਬੜਾ ਦੇ ਸਬ ਇੰਸਪੈਕਟਰ ਲਵਲੀਨ ਸਿੰਘ ਸਮੇਤ ਪੁਲਸ ਪਾਰਟੀ ਲੁਧਿਆਣਾ ਡੀ. ਐੱਮ. ਸੀ. ਹਸਪਤਾਲ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਕਪੂਰਥਲਾ ’ਚ ਬੇਅਦਬੀ ਦੀ ਘਟਨਾ ਵਾਪਰਨ ਮਗਰੋਂ ਮਾਹੌਲ ਬਣਿਆ ਤਣਾਅਪੂਰਨ
ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮਨਜੋਤ ਗੁਪਤਾ ਪੁੱਤਰ ਰਾਜਿੰਦਰ ਕੁਮਾਰ ਵਾਸੀ ਭਗਵਾਨਪੁਰ ਵਜੋਂ ਹੋਈ ਹੈ। ਐੱਸ. ਐੱਚ. ਓ. ਲਾਂਬੜਾ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਨੂੰਹ ਰੀਤੂ ਗੁਪਤਾ ਪੁੱਤਰੀ ਜਗਮੋਹਨ ਬਾਂਸਲ ਵਾਸੀ ਪਿੰਡ ਬਾਂਡੀ ਥਾਣਾ ਸੰਗਤ ਜ਼ਿਲ੍ਹਾ ਬਠਿੰਡਾ ਹਰ ਰੋਜ਼ ਮੇਰੇ ਬੇਟੇ ਨਾਲ ਬੇਵਜ੍ਹਾ ਕਲੇਸ਼ ਕਰਦੀ ਸੀ, ਜਿਸ ਨਾਲ ਮੇਰਾ ਬੇਟਾ ਬਹੁਤ ਪਰੇਸ਼ਾਨ ਰਹਿੰਦਾ ਸੀ ਅਤੇ ਉਸ ਦੇ ਸਹੁਰਾ ਪਰਿਵਾਰ ’ਚੋਂ ਉਸ ਦੇ ਪਿਤਾ ਜਗਮੋਹਨ ਬਾਂਸਲ, ਭਰਾ ਕਿਸ਼ੋਰ ਬਾਂਸਲ, ਸੱਸ ਰੇਖਾ ਬਾਂਸਲ, ਉਸ ਨੂੰ ਇਹ ਕਹਿ ਕੇ ਪਰੇਸ਼ਾਨ ਕਰਦੇ ਸਨ ਕਿ ਉਹ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਵੱਖਰਾ ਹੋ ਕੇ ਰਹੇ, ਜਿਸ ਤੋਂ ਕਾਫ਼ੀ ਪਰੇਸ਼ਾਨ ਰਹਿਣ ਲੱਗਾ ਅਤੇ ਉਸ ਨੇ ਬੀਤੇ ਦਿਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਐੱਸ. ਐੱਚ. ਓ. ਲਾਂਬੜਾ ਸੁਖਦੇਵ ਸਿੰਘ ਨੇ ਦੱਸਿਆ ਕਿ ਮਨਜੋਤ ਗੁਪਤਾ ਦੇ ਪਿਤਾ ਰਾਜਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਪਤਨੀ ਰੀਤੂ ਗੁਪਤਾ, ਸੱਸ ਰੇਖਾ ਬਾਂਸਲ, ਭਰਾ ਕਿਸ਼ੋਰ ਬਾਂਸਲ, ਸਹੁਰੇ ਜਗਮੋਹਨ ਬਾਂਸਲ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਸ਼ਾਂਤੀ ਨੂੰ ਖ਼ਤਰਾ ਨਹੀਂ, ਗ੍ਰਹਿ ਮੰਤਰਾਲਾ ਸਰਹੱਦ ’ਤੇ ਡਰੋਨ ਨੂੰ ਸੁੱਟਣ ਵਾਲੇ ਉਪਕਰਣ ਲਾਵੇ: ਸੁਖਜਿੰਦਰ ਰੰਧਾਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ