ਮੁਨੀਸ਼ ਕਤਲ ਕਾਂਡ ਦੇ ਮਾਮਲੇ ''ਚ ਪੁਲਸ ਨੇ 5 ਮੁਲਜ਼ਮ ਕੀਤੇ ਗ੍ਰਿਫ਼ਤਾਰ

07/20/2020 5:53:29 PM

ਜਲੰਧਰ (ਵਰੁਣ)— ਨਿਊ ਜਵਾਲਾ ਨਗਰ 'ਚ ਮੁਨੀਸ਼ ਕਤਲ ਕਾਂਡ ਮਾਮਲੇ 'ਚ ਪੁਲਸ ਨੇ ਧਰਮਿੰਦਰ ਅਤੇ ਉਸ ਦੇ ਪਿਤਾ ਸਮੇਤ 5 ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ। 'ਜਗ ਬਾਣੀ' ਦੇ ਐਤਵਾਰ ਵਾਲੇ ਅੰਕ 'ਚ ਹੀ ਇਹ ਕਤਲ ਕੇਸ ਹੱਲ ਹੋਣ ਦਾ ਖੁਲਾਸਾ ਕੀਤਾ ਗਿਆ ਸੀ। ਕਤਲ ਦੇ ਪਿੱਛੇ ਕਾਰਨ ਨਾਜਾਇਜ਼ ਹਫਤਾ-ਵਸੂਲੀ ਲਈ ਤੰਗ ਕਰਨਾ ਦੱਸਿਆ ਗਿਆ ਹੈ, ਜਿਸ ਤੋਂ ਪਰੇਸ਼ਾਨ ਹੋ ਕੇ ਧਰਮਿੰਦਰ ਨੇ ਆਪਣੇ ਪਿਤਾ, ਚਾਚੇ ਦੇ ਪੁੱਤ ਅਤੇ ਸਾਥੀਆਂ ਨਾਲ ਮਿਲ ਕੇ ਮੁਨੀਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਨੀਸ਼ ਦੇ ਕਤਲ ਤੋਂ ਬਾਅਦ ਜਦੋਂ ਉਸ ਦੀ ਪਛਾਣ ਹੋਈ ਤਾਂ ਉਸ ਦੇ ਮੋਬਾਇਲ ਦੀ ਕਾਲ ਡਿਟੇਲ ਤੋਂ ਲੈ ਕੇ ਸਾਰੇ ਪਹਿਲੂਆਂ ਤੋਂ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੂੰ ਮ੍ਰਿਤਕ ਦੇ ਮੋਬਾਇਲ ਦੀ ਡਿਟੇਲ 'ਚੋਂ ਕੁਝ ਸ਼ੱਕੀ ਨੰਬਰ ਮਿਲੇ, ਜਿਨ੍ਹਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਸ ਨੇ ਸਬਜ਼ੀ ਦਾ ਕੰਮ ਕਰਨ ਵਾਲੇ ਧਰਮਿੰਦਰ ਕੇਵਟ (30), ਉਸ ਦੇ ਪਿਤਾ ਉਪਿੰਦਰ ਕੇਵਟ, ਚਾਚੇ ਦੇ ਪੁੱਤ ਰਾਜੇਸ਼ (ਸਾਰੇ ਨਿਵਾਸੀ ਸ਼ੀਤਲ ਨਗਰ) ਅਤੇ ਸੂਰਜ ਦਾਸ ਨਿਵਾਸੀ ਜਾਨਕੀ ਨਗਰ ਅਤੇ ਬਲਬੀਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਜਦੋਂ ਧਰਮਿੰਦਰ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਕਤਲ ਕੇਸ 'ਚ ਜਦੋਂ ਮੁਨੀਸ਼ ਜੇਲ ਚਲਾ ਗਿਆ ਤਾਂ ਉਸ ਤੋਂ ਕੁਝ ਸਮੇਂ ਬਾਅਦ ਉਹ ਜੇਲ 'ਚੋਂ ਫੋਨ ਕਰ ਕੇ ਉਨ੍ਹਾਂ ਕੋਲੋਂ ਹਫਤਾ ਮੰਗਣ ਲੱਗਾ ਅਤੇ ਉਸ ਦੇ ਸਾਥੀ ਆ ਕੇ ਪੈਸੇ ਲੈ ਵੀ ਜਾਂਦੇ ਸਨ। ਧਰਮਿੰਦਰ ਨੇ ਕਿਹਾ ਕਿ ਉਹ ਪਿਛਲੇ 3 ਸਾਲਾਂ ਤੋਂ ਮੁਨੀਸ਼ ਨੂੰ ਹਫਤਾ ਦੇ ਰਹੇ ਸਨ ਪਰ ਪੈਰੋਲ 'ਤੇ ਆਉਣ ਤੋਂ ਬਾਅਦ ਮੁਨੀਸ਼ ਹੋਰ ਜ਼ਿਆਦਾ ਪੈਸੇ ਮੰਗਣ ਲੱਗਾ।

ਪੈਸੇ ਨਾ ਦੇਣ 'ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਦੋਸ਼ ਹੈ ਕਿ ਇਸ ਦੌਰਾਨ ਮੁਨੀਸ਼ ਨੇ ਉਨ੍ਹਾਂ ਦੀ ਕਿ ਰਿਸ਼ਤੇਦਾਰ ਔਰਤ ਨਾਲ ਵੀ ਬਦਤਮੀਜ਼ੀ ਕੀਤੀ, ਜਿਸ 'ਤੇ ਉਪਿੰਦਰ ਕੇਵਟ ਨੇ ਮੁਨੀਸ਼ ਨੂੰ ਕਤਲ ਕਰਨ ਦਾ ਸੁਝਾਅ ਦਿੱਤਾ। ਧਰਮਿੰਦਰ ਨੇ ਆਪਣੇ ਚਾਚੇ ਦੇ ਪੁੱਤ ਰਾਜੇਸ਼ ਕੇਵਟ ਨਾਲ ਗੰਢ-ਸੰਢ ਕਰਕੇ 17 ਜੁਲਾਈ ਨੂੰ ਮੁਨੀਸ਼ ਨੂੰ ਗੋਦਾਮ 'ਚ ਬੁਲਾ ਲਿਆ। ਉਥੇ ਬਲਬੀਰ, ਉਪਿੰਦਰ ਅਤੇ ਇਕ ਨਾਬਾਲਗ ਵੀ ਮੌਜੂਦ ਸੀ।

PunjabKesari

ਗੱਲਾਂ 'ਚ ਲਾਉਣ ਲਈ ਧਰਮਿੰਦਰ ਨੇ ਮੁਨੀਸ਼ ਨੂੰ ਕਿਹਾ ਕਿ ਉਹ ਆਖਰੀ ਵਾਰ ਹਫਤਾ ਦੇਣਗੇ ਅਤੇ ਇਹ ਵੀ ਕਿਹਾ ਕਿ ਪੈਸੇ ਲੈਣ ਤੋਂ ਪਹਿਲਾਂ ਕਾਗਜ਼ 'ਤੇ ਆਖਰੀ ਵਾਰ ਪੈਸੇ ਲੈਣ ਦੀ ਗੱਲ ਲਿਖ ਕੇ ਵੀ ਦੇਣੀ ਪਵੇਗੀ। ਜਿਉਂ ਹੀ ਮੁਨੀਸ਼ ਕਾਗਜ਼ 'ਤੇ ਐਗਰੀਮੈਂਟ ਲਿਖਣ ਲੱਗਾ ਤਾਂ ਪਿੱਛਿਓਂ ਧਰਮਿੰਦਰ ਨੇ ਜਿਮ ਵਿਚ ਵਰਤੀ ਜਾਣ ਵਾਲੀ ਰਾਡ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ। ਮੁਨੀਸ਼ ਦੇ ਬੇਹੋਸ਼ ਹੁੰਦੇ ਹੀ ਧਰਮਿੰਦਰ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਮੌਕੇ 'ਤੇ ਇਕ ਨਾਬਾਲਗ ਅਤੇ ਬਲਬੀਰ ਨਾਂ ਦਾ ਦੋਸ਼ੀ ਅਤੇ ਬਜ਼ੁਰਗ ਉਪਿੰਦਰ ਕੇਵਟ ਵੀ ਉਥੇ ਖੜ੍ਹੇ ਇਹ ਸਭ ਦੇਖ ਰਹੇ ਸਨ। ਮੁਨੀਸ਼ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਕੰਬਲਾਂ ਵਿਚ ਲਪੇਟ ਕੇ ਇਕ ਬੋਰੀ ਵਿਚ ਪਾ ਦਿੱਤਾ ਗਿਆ। ਇਸ ਦੌਰਾਨ ਧਰਮਿੰਦਰ ਨੇ ਆਪਣੇ ਸਾਥੀ ਸੂਰਜ ਨੂੰ ਫੋਨ ਕਰਕੇ ਛੋਟਾ ਹਾਥੀ ਲਿਆਉਣ ਲਈ ਕਿਹਾ।

ਇਹ ਵੀ ਪੜ੍ਹੋ: 3 ਭੈਣਾਂ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਦਾਸਤਾਨ, ਮਤਰੇਈ ਮਾਂ ਨੇ ਵਾਲਾਂ ਤੋਂ ਫੜ ਘੜੀਸਦੇ ਹੋਏ ਕੱਢਿਆ ਘਰੋਂ ਬਾਹਰ

ਸੂਰਜ ਨੂੰ ਮੌਕੇ 'ਤੇ ਆ ਕੇ ਪਤਾ ਲੱਗਾ ਕਿ ਮੁਨੀਸ਼ ਨੂੰ ਕਤਲ ਕਰ ਦਿੱਤਾ ਗਿਆ ਹੈ। ਜਿਹੜੇ ਛੋਟਾ ਹਾਥੀ ਵਿਚ ਉਹ ਆਇਆ ਸੀ, ਉਸ ਵਿਚ ਸਬਜ਼ੀ ਲੱਦੀ ਹੋਈ ਸੀ, ਜੋ ਫਗਵਾੜਾ ਵਿਚ ਸਪਲਾਈ ਕੀਤੀ ਜਾਣੀ ਸੀ। ਸੂਰਜ ਅਤੇ ਧਰਮਿੰਦਰ ਨੇ ਲਾਸ਼ ਨੂੰ ਛੋਟਾ ਹਾਥੀ ਦੇ ਡਾਲੇ 'ਤੇ ਰੱਿਖਆ ਅਤੇ ਨਿਊ ਜਵਾਲਾ ਨਗਰ 'ਚ ਸੁੱਟ ਕੇ ਫਰਾਰ ਹੋ ਗਏ। ਰਾਜੇਸ਼, ਬਲਬੀਰ ਅਤੇ ਨਾਬਾਲਗ ਆਪਣੇ ਮੋਟਰਸਾਈਕਲਾਂ 'ਤੇ ਉਨ੍ਹਾਂ ਦੇ ਪਿੱਛੇ ਆਏ ਸਨ। ਉਪਿੰਦਰ ਕੇਵਟ ਗੋਦਾਮ ਵਿਚ ਹੀ ਬੈਠਾ ਰਿਹਾ।

ਪੁਲਸ ਦੀ ਮੰਨੀਏ ਤਾਂ ਦੋਸ਼ੀਆਂ ਨੇ ਲਾਸ਼ ਨੂੰ ਕਿਤੇ ਹੋਰ ਠਿਕਾਣੇ ਲਾਉਣਾ ਸੀ ਪਰ ਪੈਟਰੋਲਿੰਗ ਕਰ ਰਹੀ ਪੁਲਸ ਦੀ ਗੱਡੀ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਲਾਸ਼ ਨੂੰ ਉਥੇ ਹੀ ਸੁੱਟ ਦਿੱਤਾ। ਇਸ ਤੋਂ ਬਾਅਦ ਦੋਸ਼ੀਆਂ ਨੇ ਛੋਟਾ ਹਾਥੀ 'ਤੇ ਫਗਵਾੜਾ ਵਿਚ ਸਬਜ਼ੀ ਸਪਲਾਈ ਕੀਤੀ ਅਤੇ ਫਿਰ ਵਾਪਸ ਜਲੰਧਰ ਆ ਗਏ। ਪੁਲਸ ਨੇ ਧਰਮਿੰਦਰ, ਉਸ ਦੇ ਪਿਤਾ ਉਪਿੰਦਰ ਕੇਵਟ, ਰਾਜੇਸ਼, ਸੂਰਜ ਦਾਸ ਅਤੇ ਬਲਬੀਰ ਸਮੇਤ ਇਕ ਨਾਬਾਲਗ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। 5 ਦੋਸ਼ੀਆਂ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਗਈ ਹੈ, ਜਦੋਂ ਕਿ ਨਾਬਾਲਗ ਅਜੇ ਫਰਾਰ ਹੈ, ਜਿਸ ਦੀ ਭਾਲ 'ਚ ਪੁਲਸ ਛਾਪਾਮਾਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਪਹਿਲਾਂ ਹੀ ਕਤਲ ਕਾਂਡ ਹੱਲ ਹੋਣ ਦਾ ਖੁਲਾਸਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਪੁਲਸ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਕਤਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਹਾਈਕੋਰਟ 'ਚ 'ਰਿਟ' ਕਰਨਗੇ ਦਾਇਰ

ਮੁਨੀਸ਼ ਨੂੰ ਨਾ ਮਾਰਦੇ ਤਾਂ ਉਹ ਡਰਾ-ਡਰਾ ਕੇ ਮੇਰੇ ਪਿਤਾ ਨੂੰ ਹੀ ਮਾਰ ਦਿੰਦਾ : ਧਰਮਿੰਦਰ
ਪੁਲਸ ਨੇ ਜਦੋਂ ਧਰਮਿੰਦਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਮੁਨੀਸ਼ ਵੱਲੋਂ ਨਾਜਾਇਜ਼ ਹਫਤਾ-ਵਸੂਲੀ ਤੋਂ ਪਰੇਸ਼ਾਨ ਹੋ ਗਿਆ ਸੀ। ਉਸ ਦੇ ਪਿਤਾ ਬੀਮਾਰ ਰਹਿੰਦੇ ਹਨ, ਜਿਸ ਦੇ ਬਾਵਜੂਦ ਮੁਨੀਸ਼ ਉਨ੍ਹਾਂ ਨੂੰ ਫੋਨ ਕਰ ਕੇ ਡਰਾਉਂਦਾ ਸੀ। ਜਦੋਂ ਵੀ ਮੁਨੀਸ਼ ਦਾ ਫੋਨ ਆਉਂਦਾ, ਉਸ ਦੇ ਪਿਤਾ ਖਾਣਾ-ਪੀਣਾ ਵੀ ਛੱਡ ਦਿੰਦੇ ਸਨ ਅਤੇ ਸਹਿਮ ਜਾਂਦੇ ਸਨ। ਧਰਮਿੰਦਰ ਨੇ ਕਿਹਾ ਕਿ ਉਸ ਨੂੰ ਹਮੇਸ਼ਾ ਆਪਣੇ ਪਿਤਾ ਦੀ ਚਿੰਤਾ ਰਹਿੰਦੀ ਸੀ ਕਿਉਂਕਿ ਜੇਕਰ ਮੁਨੀਸ਼ ਜ਼ਿੰਦਾ ਰਹਿੰਦਾ ਤਾਂ ਮੇਰੇ ਪਿਤਾ ਦੀ ਮੁਨੀਸ਼ ਦੇ ਖੌਫ ਨਾਲ ਮੌਤ ਤੈਅ ਸੀ। ਇਹੀ ਕਾਰਣ ਹੈ ਕਿ ਉਨ੍ਹਾਂ ਮੁਨੀਸ਼ ਦੇ ਕਤਲ ਦੀ ਯੋਜਨਾ ਬਣਾਈ ਅਤੇ ਉਸ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ: ਪ੍ਰੀਤਮ ਸਿੰਘ ਦੇ ਪਰਿਵਾਰ ਨੇ ਅਸਥੀਆਂ ਲੈਣ ਤੋਂ ਕੀਤਾ ਇਨਕਾਰ, ਹਾਈਕੋਰਟ 'ਚ 'ਰਿਟ' ਕਰਨਗੇ ਦਾਇਰ

ਇਹ ਸੀ ਮਾਮਲਾ
17 ਜੁਲਾਈ ਦੀ ਰਾਤ ਨੂੰ ਨਿਊ ਜਵਾਲਾ ਨਗਰ 'ਚੋਂ ਪੁਲਸ ਨੂੰ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੇ ਸਿਰ ਅਤੇ ਗਰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਮ੍ਰਿਤਕ ਦੀ ਰਾਤ ਨੂੰ ਪਛਾਣ ਨਹੀਂ ਹੋ ਪਾਈ ਪਰ ਸਵੇਰੇ ਜਦੋਂ ਪਛਾਣ ਹੋਈ ਤਾਂ ਪਤਾ ਲੱਗਾ ਕਿ ਉਕਤ ਲਾਸ਼ ਸ਼ਿਵ ਨਗਰ ਦੇ ਰਹਿਣ ਵਾਲੇ ਮੁਨੀਸ਼ (30) ਦੀ ਹੈ। ਮੁਨੀਸ਼ ਨੇ 2013 ਵਿਚ ਆਪਣੀ ਪ੍ਰੇਮਿਕਾ ਦੇ ਪਤੀ ਨੂੰ ਕਤਲ ਕਰ ਦਿੱਤਾ ਸੀ। ਇਸੇ ਕੇਸ ਵਿਚ ਉਹ ਜੇਲ 'ਚ ਸਜ਼ਾ ਕੱਟ ਰਿਹਾ ਸੀ ਪਰ ਉਹ ਪੈਰੋਲ 'ਤੇ ਆਇਆ ਹੋਇਆ ਸੀ। ਦੂਜੇ ਪਾਸੇ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮੁਨੀਸ਼ ਜੇਲ 'ਚੋਂ ਹੀ ਹਫਤਾ-ਵਸੂਲੀ ਲਈ ਫੋਨ ਕਰਦਾ ਸੀ ਅਤੇ ਉਸ ਦੇ ਸਾਥੀ ਲੋਕਾਂ ਕੋਲੋਂ ਆ ਕੇ ਪੈਸੇ ਲੈ ਜਾਂਦੇ ਸਨ। ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਥਾਣੇ ਦਾ ਰਿਕਾਰਡ ਚੈੱਕ ਕਰਵਾਇਆ ਹੈ। ਇਸ ਤੋਂ ਪਹਿਲਾਂ ਮੁਨੀਸ਼ ਖ਼ਿਲਾਫ਼ ਹਫਤਾ-ਵਸੂਲੀ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ।


shivani attri

Content Editor

Related News