ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰੇ ਵਿਅਕਤੀ ਦੀ ਨਹੀਂ ਹੋਈ ਪਛਾਣ

02/12/2020 6:01:19 PM

ਜਲੰਧਰ (ਵਰੁਣ)— ਸੁਭਾਨਾ ਫਾਟਕ ਕੋਲ ਪੈਂਦੇ ਗੰਦੇ ਨਾਲੇ ਦੇ ਕੰਢੇ ਕੰਬਲ ਨਾਲ ਲਿਪਟੀ ਮਿਲੀ ਲਾਸ਼ ਦੀ ਮੰਗਲਵਾਰ ਨੂੰ ਵੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਮ੍ਰਿਤਕ ਦੀ ਪਛਾਣ ਲਈ ਰੇਲਵੇ ਸਟੇਸ਼ਨ, ਬੱਸ ਸਟੈਂਡ, ਮਜ਼ਦੂਰਾਂ ਦੇ ਕੁਆਰਟਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਉਸ ਦੀ ਤਸਵੀਰ ਦਿਖਾਈ ਪਰ ਮ੍ਰਿਤਕ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਈ ਪੰਜਾਬ ਲੈਵਲ 'ਤੇ ਉਸ ਦੀਆਂ ਤਸਵੀਰਾਂ ਭੇਜ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਮਦਦ ਲਈ ਜਾ ਰਹੀ ਹੈ। ਪੁਲਸ ਨੇ ਮੰਗਲਵਾਰ ਨੂੰ ਵੀ ਘਟਨਾ ਵਾਲੀ ਥਾਂ 'ਤੇ ਜਾ ਕੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ। ਫਿਲਹਾਲ ਮ੍ਰਿਤਕ ਦੀ ਪਛਾਣ ਕਰਨ ਲਈ ਕਾਫੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੁਲਸ ਦਾ ਕਹਿਣਾ ਹੈ ਕਿ ਪਛਾਣ ਤੋਂ ਬਾਅਦ ਹੀ ਹੱਤਿਆ ਦੇ ਕਾਰਨਾਂ ਦਾ ਪਤਾ ਲੱਗੇਗਾ। ਦੱਸ ਦੇਈਏ ਕਿ ਸੁਭਾਨਾ ਫਾਟਕ ਕੋਲ ਪੈਂਦੇ ਗੰਦੇ ਨਾਲੇ ਦੇ ਕੰਢੇ ਇਕ ਕੰਬਲ 'ਚੋਂ ਖੂਨ ਨਾਲ ਲਥਪਥ ਲਾਸ਼ ਮਿਲੀ ਸੀ। ਮ੍ਰਿਤਕ ਨੂੰ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਬੰਨ੍ਹ ਕੇ ਕੰਬਲ 'ਚ ਲਪੇਟ ਕੇ ਗੰਦੇ ਨਾਲੇ 'ਚ ਸੁੱਟ ਦਿੱਤਾ ਗਿਆ ਸੀ। ਸੋਮਵਾਰ ਦੁਪਹਿਰ ਕਰੀਬ 1 ਵਜੇ ਉਥੇ ਕੂੜਾ ਸੁੱਟਣ ਆਏ ਮੀਟ ਦੀ ਦੁਕਾਨ ਚਲਾਉਣ ਵਾਲੇ ਵਿਅਕਤੀ ਨੇ ਕੰਬਲ 'ਚੋਂ ਪੈਰ ਦੇਖੇ ਤਾਂ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰ. 7 ਦੀ ਪੁਲਸ ਸਮੇਤ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਸੀ। ਥਾਣਾ ਨੰ. 7 'ਚ ਅਣਪਛਾਤੇ ਲੋਕਾਂ 'ਤੇ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ।


shivani attri

Content Editor

Related News