ਡੇਰੇ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ''ਚ ਚੱਲੀਆਂ ਤਲਵਾਰਾਂ, 1 ਦੀ ਮੌਤ

12/17/2019 11:31:56 AM

ਮਹਿਤਪੁਰ (ਸੂਦ)— ਪਿੰਡ ਬੁਲੰਦਾ ਵਿਖੇ ਦੋ ਧਿਰਾਂ 'ਚ ਡੇਰੇ ਦਾ ਵਿਵਾਦ ਇੰਨਾ ਭਖ ਗਿਆ ਕਿ ਇਕ ਵਿਅਕਤੀ ਸੁਖਦੇਵ ਸਿੰਘ ਵਾਸੀ ਕੰਗ (ਤਰਨਤਾਰਨ) ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੂੰ ਬਿਆਨ ਦਿੰਦੇ ਮਹੰਤ ਨਿਰਮਲ ਦਾਸ ਡੇਰਾ ਬਾਬਾ ਬੁੱਧ ਦਾਸ ਬਾਲੋਕੀ ਨੇ ਦੱਸਿਆ ਕਿ ਉਹ ਬੁਲੰਦਾ ਦੇ ਡੇਰੇ ਨਿਰਮਲ ਕੁਟੀਆ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਨੂੰ ਮਿਲਣ ਗਏ ਸਨ ਕਿ ਸਤੀਸ਼ ਕੁਮਾਰ ਪੁੱਤਰ ਸੰਤ ਲਾਲ, ਪਰਮਜੀਤ ਪੁੱਤਰ ਬਲਵੀਰ ਸਿੰਘ, ਬਲਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ, ਜਤਿੰਦਰ ਕਮਾਰ ਪੁੱਤਰ ਕਸ਼ਮੀਰੀ ਲਾਲ, ਕੁਲਦੀਪ ਸਿੰਘ ਪੁੱਤਰ ਸਾਧੂ ਸਿੰਘ, ਰਾਮ ਲਾਲ ਪੁੱਤਰ ਸ਼ਿਵਰਾਮ, ਸੁਰਜੀਤ ਸਿੰਘ ਪੁੱਤਰ ਸ਼ਿਵ ਰਾਮ ਸਮੇਤ 5-6 ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਰਪਾਨਾਂ ਮਾਰ-ਮਾਰ ਕੇ ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਨੂੰ ਮੌਕੇ 'ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਮਹਿਤਪੁਰ ਪੁਲਸ ਵਲੋਂ ਧਾਰਾ 302, 148, 149, 323 ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਸੀ ਵਿਵਾਦ ਦਾ ਕਾਰਨ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੁਲੰਦਾ 'ਚ ਸਥਿਤ ਪਹਿਲੇ ਮਹੰਤ ਬਲਦੇਵ ਸਿੰਘ ਦੀ ਬੀਤੇ ਦਿਨੀਂ ਮੌਤ ਹੋਣ ਕਾਰਣ ਪਿੰਡ ਦੇ ਕੁਝ ਲੋਕਾਂ ਨੇ ਆਪਣੇ ਤੌਰ 'ਤੇ ਹੀ ਡੇਰੇ 'ਚ ਕਿਸੇ ਵਿਅਕਤੀ ਨੂੰ ਮਹੰਤ ਦੇ ਤੌਰ 'ਤੇ ਗੱਦੀ ਦੇ ਦਿੱਤੀ ਸੀ। ਜਦਕਿ ਸੰਤ ਨਿਰਮਲ ਦਾਸ ਤੇ ਡੇਰੇ ਨਾਲ ਸਬੰਧਤ ਹੋਰ ਲੋਕ ਇਸ ਗੱਲ ਤੋਂ ਨਾਖੁਸ਼ ਸਨ। ਜਿਸ ਦਾ ਕੇਸ ਅਦਾਲਤ 'ਚ ਵੀ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਡੇਰੇ ਦੇ ਨਾਂ 'ਤੇ ਕਾਫੀ ਜ਼ਮੀਨ ਹੈ ਜਿਸ 'ਤੇ ਅਧਿਕਾਰ ਜਮਾਉਣ ਖਾਤਰ ਪਿੰਡ ਦੇ ਕੁਝ ਲੋਕਾਂ ਅਤੇ ਮਹੰਤਾਂ 'ਚ ਕਸ਼ਮਕਸ਼ ਚੱਲ ਰਹੀ ਸੀ। ਇਸ ਕਾਰਨ ਹੀ ਇਹ ਖੂਨੀ ਟਕਰਾਅ ਹੋਇਆ।


shivani attri

Content Editor

Related News