ਫਾਈਨਾਂਸਰਾਂ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ

Tuesday, Feb 18, 2020 - 11:25 PM (IST)

ਫਾਈਨਾਂਸਰਾਂ ਤੋਂ ਦੁਖੀ ਵਿਅਕਤੀ ਨੇ ਕੀਤੀ ਖੁਦਕੁਸ਼ੀ

ਕਪੂਰਥਲਾ, (ਭੂਸ਼ਣ)— ਸ਼ਹਿਰ ਦੇ ਮੁਹੱਲਾ ਹਕੀਮ ਜਾਫਰ ਅਲੀ ਦੇ ਇਕ ਵਿਅਕਤੀ ਨੇ ਫਾਇਨਾਂਸਰਾਂ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੇ ਮਕਾਨ ਲੈਣ ਲਈ ਕਰਜ਼ ਨਾ ਮਿਲਣ ਕਾਰਣ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜਿਥੇ ਸਿਵਲ ਹਸਪਤਾਲ, ਕਪੂਰਥਲਾ ਭੇਜ ਦਿੱਤੀ ਹੈ, ਉਥੇ ਹੀ ਮ੍ਰਿਤਕ ਦੀ ਪਤਨੀ ਦੀ ਸ਼ਿਕਾਇਤ 'ਤੇ 2 ਔਰਤਾਂ ਸਮੇਤ 3 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮਾਮਲੇ 'ਚ ਨਾਮਜ਼ਦ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

ਜਾਣਕਾਰੀ ਅਨੁਸਾਰ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਹਰਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਮੁਹੱਲਾ ਹਕੀਮ ਜਾਫਰ ਅਲੀ 'ਚ ਇਕ ਵਿਅਕਤੀ ਨੇ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ, ਜਿਸ 'ਤੇ ਸਿਟੀ ਪੁਲਸ ਦੇ ਸਬ ਇੰਸਪੈਕਟਰ ਕੇਵਲ ਸਿੰਘ ਪੁਲਸ ਟੀਮ ਦੇ ਨਾਲ ਮੌਕੇ ਪੁੱਜੇ ਤਾਂ ਉਨ੍ਹਾਂ ਨੇ ਪੱਖੇ ਨਾਲ ਲਟਕਦੀ ਹੋਈ ਲਾਸ਼ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਤਾਰਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਦਾ ਨਾਂ ਅਵਤਾਰ ਸਿੰਘ (50) ਬਿਜਲੀ ਮਕੈਨਿਕ ਹੈ।

ਘਰ 'ਚ ਮੌਜੂਦ ਮ੍ਰਿਤਕ ਦੀ ਪਤਨੀ ਸੁਲੇਖਾ ਨੇ ਦੱਸਿਆ ਕਿ ਉਹ ਇਕ ਕਾਲਜ 'ਚ ਨੌਕਰੀ ਕਰਦੀ ਹੈ, ਜਦੋਂ ਉਹ ਬਾਅਦ ਦੁਪਹਿਰ ਘਰ ਪਹੁੰਚੀ ਤਾਂ ਉਸ ਨੇ ਆਪਣੇ ਪਤੀ ਅਵਤਾਰ ਸਿੰਘ ਨੂੰ ਪੱਖੇ ਨਾਲ ਲਮਕਦਾ ਹੋਇਆ ਪਾਇਆ। ਸੁਲੇਖਾ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਈ ਦਿਨਾਂ ਤੋਂ ਕਾਫ਼ੀ ਪ੍ਰੇਸ਼ਾਨ ਸੀ। ਉਸ ਦੇ ਪਤੀ ਨੇ ਘਰ ਕਾਫ਼ੀ ਛੋਟਾ ਹੋਣ ਕਾਰਣ ਵੱਡਾ ਘਰ ਲੈਣ ਦਾ ਪਲਾਨ ਬਣਾਇਆ ਸੀ, ਜਿਸ ਦੇ ਮਕਸਦ ਨਾਲ ਉਸ ਨੇ ਦੇਵ ਨਾਮਕ ਨੌਜਵਾਨ ਨਾਲ ਸੰਪਰਕ ਕੀਤਾ ਸੀ। ਜਿਸ ਨੇ ਉਸ ਨੂੰ ਬੈਂਕ ਲੋਨ, ਦਿਵਾਉੁਣ ਦਾ ਝਾਂਸਾ ਦਿੰਦੇ ਹੋਏ ਉਸ  ਨਾਲ ਇਕ ਲੱਖ ਰੁਪਏ ਦੀ ਰਕਮ ਲੈ ਲਈ ਸੀ। ਉਸ ਨੇ ਇਹ ਰਕਮ ਨਿਸ਼ਾ ਪੁੱਤਰੀ ਹਰਬੰਸ ਲਾਲ ਅਤੇ ਸੁਮਨ ਪਤਨੀ ਹਰਬੰਸ ਲਾਲ ਤੋਂ ਲਈ ਸੀ। ਜੋ ਉਸ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕਰਦੇ ਸਨ। ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਬੈਂਕ ਦਾ ਕਰਜ਼ ਨਾ ਮਿਲਣ ਅਤੇ ਫਾਇਨਾਂਸਰਾਂ ਤੋਂ ਤੰਗ ਆ ਕੇ ਉਸ ਦੇ ਪਤੀ ਨੇ ਖੁਦਕੁਸ਼ੀ ਕੀਤੀ ਹੈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਦੇਵ, ਨਿਸ਼ਾ ਅਤੇ ਸੁਮਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 


author

KamalJeet Singh

Content Editor

Related News