4 ਹਥਿਆਰਬੰਦ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਗੈਸ ਏਜੰਸੀ ਦੇ ਗੁਦਾਮ ਦੀ ਲੁੱਟ

Monday, Jan 25, 2021 - 09:02 PM (IST)

ਭੋਗਪੁਰ,(ਸੂਰੀ)- ਗਣਤੰਤਰ ਦਿਵਸ ਦੇ ਸਬੰਧ ਵਿਚ ਪੁਲਸ ਵੱਲੋਂ ਸੁਰੱਖਿਆ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹਦੀ ਨਜ਼ਰ ਆਈ ਜਦੋਂ ਥਾਣਾ ਭੋਗਪੁਰ ਦੇ ਪਿੰਡ ਕਾਲਾ ਬੱਕਰਾ ਨੇੜੇ ਸਥਿਤ ਇਕ ਗੈਸ ਏਜੰਸੀ ਦੇ ਗੁਦਾਮ 'ਚੋਂ ਚਾਰ ਲੁਟੇਰੇ ਗੁਦਾਮ ਦੇ ਕਰਿੰਦੇ ਪਾਸੋਂ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਦਿਨ ਦਿਹਾੜੇ ਪੰਜਾਹ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਪ੍ਰੀਤਮ ਗੈਸ ਏਜੰਸੀ ਡੱਲੀ ਭੋਗਪੁਰ ਦਾ ਕਾਲਾ ਬੱਕਰਾ ਪਿੰਡ ਨੇੜੇ ਗੁਦਾਮ ਹੈ। ਇਸ ਗੁਦਾਮ 'ਚੋਂ ਗੈਸ ਸਲੰਡਰ ਸਪਲਾਈ ਵਾਲੀਆਂ ਗੱਡੀਆਂ ਸਲੰਡਰ ਲੈ ਕੇ ਜਾਂਦੀਆਂ ਹਨ। ਅੱਜ ਦੁਪਿਹਰ 12 ਵਜੇ ਦੇ ਕਰੀਬ ਇਕ ਨੌਜ਼ਵਾਨ ਗੁਦਾਮ ਅੰਦਰ ਆਇਆ ਅਤੇ ਉਸ ਨੇ ਗੁਦਾਮ ਵਿਚ ਕੰਮ ਕਰਨ ਵਾਲੇ ਕੁਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਪਾਸੋਂ ਬਿਨ੍ਹਾਂ ਕਾਪੀ ਤੋਂ ਗੈਸ ਸਲੰਡਰ ਲੈਣ ਬਾਰੇ ਗੱਲ ਕੀਤੀ ਤਾਂ ਕਰਿੰਦੇ ਨੇ ਸਲੰਡਰ ਦੇਣ ਤੋਂ ਨਾਂਹ ਕਰ ਦਿੱਤੀ। ਇਹ ਨੌਜ਼ਵਾਨ ਵਾਪਸ ਚਲਾ ਗਿਆ ਅਤੇ 12.30 ਵਜੇ ਦੇ ਕਰੀਬ 3 ਹੋਰ ਨੌਜ਼ਵਾਨਾਂ ਨਾਲ 2 ਮੋਟਰਸਾਇਕਲਾਂ 'ਤੇ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਗੁਦਾਮ ਦੇ ਗੇਟ ਅੱਗੇ ਪੁੱਜ ਗਏ। ਚਾਰੇ ਨੌਜ਼ਵਾਨ ਗੈਸ ਏਜੰਸੀ ਦੇ ਗੁਦਾਮ ਅੰਦਰ ਚਲੇ ਗਏ। ਅੰਦਰ ਦਾਖਲ ਹੁੰਦਿਆਂ ਸਾਰ ਹੀ ਇਨ੍ਹਾਂ ਸਾਰੇ ਨੌਜ਼ਵਾਨਾਂ ਨੇ ਦਹਿਸ਼ਤ ਪੈਦਾ ਕਰਨ ਲਈ ਗੁਦਾਮ ਅੰਦਰਲੇ ਗੇਟਾਂ 'ਤੇ ਕਰਪਾਨਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਨ੍ਹਾਂ ਲੁਟੇਰਿਆਂ ਨੇ ਕਰਪਾਨਾਂ ਦੇ ਡਰਾਵੇ ਨਾਲ ਕੁਲਜੀਤ ਸਿੰਘ ਨੂੰ ਘੇਰ ਲਿਆ ਅਤੇ ਕੈਸ਼ ਦੀ ਮੰਗ ਕੀਤੀ। ਕੁਲਜੀਤ ਸਿੰਘ ਨੇ ਉਸ ਪਾਸ ਜਮਾਂ 51,000 ਰੁਪਏ ਦੀ ਨਗਦੀ ਲੁਟੇਰਿਆਂ ਨੂੰ ਦੇ ਦਿੱਤੀ ਅਤੇ ਲੁਟੇਰੇ ਨਗਦੀ ਲੈ ਕੇ ਮੋਟਰਸਾਇਕਲਾਂ 'ਤੇ ਸਵਾਰ ਹੋ ਕੇ ਫਰਾਰ ਹੋ ਗਏ। 
ਇਸ ਲੁੱਟ ਸਬੰਧੀ ਸੂਚਨਾ ਮਿਲਦੇਸਾਰ ਹੀ ਥਾਣਾ ਭੋਗਪੁਰ ਮੁਖੀ ਮਨਜੀਤ ਸਿੰਘ ਪੁਲਸ ਫੋਰਸ ਨਾਲ ਇਸ ਗੈਸ ਏਜੰਸੀ ਦੇ ਗੁਦਾਮ ਵਿਚ ਪੁੱਜੇ ਅਤੇ ਇਸ ਲੁੱਟ ਦੀ ਵਾਰਦਾਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਹੈ ਕਿ ਪੁਲਸ ਵੱਲੋਂ ਇਸ ਗੁਦਾਮ ਨੂੰ ਲਗਦੇ ਰਸਤਿਆਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਜਲਦ ਹੀ ਇਸ ਵਾਰਦਾਤ ਦੇ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। 


Bharat Thapa

Content Editor

Related News