ਸਵੀਪ ਮੁਹਿੰਮ ''ਤੇ ਲੱਖਾਂ ਦਾ ਖਰਚਾ ਵੀ ਨਹੀਂ ਭਰ ਸਕਿਆ ਵੋਟਰਾਂ ''ਚ ਜੋਸ਼

05/20/2019 4:37:19 PM

ਜਲੰਧਰ (ਪੁਨੀਤ)— 9 ਵਿਧਾਨ ਸਭਾ ਹਲਕਿਆਂ ਵਾਲੀ ਜਲੰਧਰ ਦੀ ਲੋਕ ਸਭਾ ਸੀਟ 'ਤੇ ਵੋਟਿੰਗ ਦੇ ਪ੍ਰਤੀ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆਇਆ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੱਲੀ ਪੋਲਿੰਗ ਦੌਰਾਨ 62.92 ਫੀਸਦੀ ਪੋਲਿੰਗ ਹੋਈ, ਜੋ ਕਿ ਪਿਛਲੀ ਵਾਰ 2014 'ਚ ਹੋਈਆਂ ਚੋਣਾਂ ਤੋਂ ਲਗਭਗ 6 ਫੀਸਦੀ ਘੱਟ ਹੈ, 2014 'ਚ ਵੋਟ ਫੀਸਦੀ 67.21 ਰਿਹਾ ਸੀ। ਪਿਛਲੀ ਵਾਰ ਵਿਧਾਨ ਸਭਾ ਚੋਣਾਂ 'ਚ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ 'ਚ 77 ਫੀਸਦੀ ਤੋਂ ਜ਼ਿਆਦਾ ਪੋਲਿੰਗ ਹੋਈ ਸੀ ਪਰ ਇਸ ਵਾਰ ਇਹ ਗ੍ਰਾਫ 15 ਫੀਸਦੀ ਡਾਊਨ ਰਿਹਾ। ਇਸ ਤਰ੍ਹਾਂ ਘੱਟ ਵੋਟਿੰਗ ਹੋਣਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਲੋਕ ਹੁਣ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਉਣ ਲੱਗੇ ਹਨ।
ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਦੇ ਪਹਿਲੇ ਰਾਊਂਡ 'ਚ 8 ਵਜੇ ਤੱਕ 11 ਫੀਸਦੀ ਤੱਕ ਵੋਟਿੰਗ ਹੋਈ, 11 ਵਜੇ ਤੱਕ ਇਹ ਅੰਕੜਾ 20 ਫੀਸਦੀ ਤੱਕ ਪਹੁੰਚ ਗਿਆ, ਜਦਕਿ 1 ਵਜੇ ਤੱਕ ਵੋਟਿੰਗ ਫੀਸਦੀ 36.3 ਫੀਸਦੀ ਰਿਹਾ। ਇਸ ਤੋਂ ਬਾਅਦ 3 ਵਜੇ ਦੇ ਅਗਲੇ ਰਾਊਂਡ 'ਚ 45.51 ਫੀਸਦੀ ਵੋਟਿੰਗ ਰਹੀ। ਇਸ ਦੌਰਾਨ ਉਮੀਦ ਕੀਤੀ ਜਾ ਰਹੀ ਸੀ ਕਿ ਗਰਮੀ ਘੱਟ ਹੋ ਰਹੀ ਹੈ, ਜਿਸ ਕਾਰਨ ਵੋਟਰ ਹੁਣ ਵੋਟਿੰਗ ਕੇਂਦਰਾਂ ਵੱਲ ਮੂੜ ਕਰਨਗੇ ਪਰ ਅਜਿਹਾ ਹੋਇਆ ਨਹੀਂ। ਸ਼ਾਮ 6 ਵਜੇ ਜਦ ਵੋਟਿੰਗ ਬੰਦ ਹੋਈ ਤਾਂ ਇਹ ਅੰਕੜਾ ਸਿਰਫ 62.36 ਫੀਸਦੀ ਤੱਕ ਹੀ ਪਹੁੰਚ ਪਾਇਆ। ਘੱਟ ਵੋਟਿੰਗ ਤੋਂ ਪ੍ਰਸ਼ਾਸਨ ਨੂੰ ਵੀ ਨਿਰਾਸ਼ਾ ਹੋਈ। ਪਿਛਲੇ ਸਮੇਂ ਦੌਰਾਨ ਵੋਟਰਾਂ ਦਾ ਉਮੀਦਵਾਰਾਂ ਪ੍ਰਤੀ ਗੁੱਸਾ ਖੁਲ੍ਹ ਕੇ ਸਾਹਮਣੇ ਆਇਆ ਹੈ, ਇਸ ਨੂੰ ਵੀ ਘੱਟ ਵੋਟਿੰਗ ਦਾ ਇਕ ਕਾਰਨ ਮੰਨਿਆ ਜਾ ਸਕਦਾ ਹੈ, ਉਥੇ ਹੀ ਗਰਮੀ ਕਾਰਨ ਵੀ ਲੋਕ ਘਰਾਂ ਵਿਚ ਹੀ ਰਹੇ।
9 ਵਿਧਾਨ ਸਭਾ ਹਲਕਿਆਂ 'ਚ ਕਈ ਸਥਾਨਾਂ 'ਤੇ ਵੋਟਿੰਗ ਮਸ਼ੀਨਾਂ 'ਚ ਖਰਾਬੀ ਕਾਰਨ ਕਈ ਘੰਟੇ ਵੋਟਿੰਗ ਪ੍ਰਭਾਵਿਤ ਰਹੀ। ਮਸ਼ੀਨ ਨੂੰ ਬਦਲਣ ਜਾਂ ਬੈਟਰੀ ਆਦਿ ਨੂੰ ਚੇਂਜ ਕਰਨ 'ਚ ਸਮਾਂ ਲੱਗਣ ਕਾਰਨ ਲੋਕਾਂ ਨੂੰ ਗਰਮੀ 'ਚ ਇੰਤਜ਼ਾਰ ਕਰਨਾ ਪਿਆ। ਅੰਕੜਿਆਂ ਮੁਤਾਬਕ ਕੁੱਲ 79 ਫਾਲਟ ਸਾਹਮਣੇ ਆਏ ਹਨ। ਇਨ੍ਹਾਂ 'ਚ ਈ. ਵੀ. ਐੱਮ. ਦੇ 12 ਬੀ. ਯੂ. ਪਾਰਟ, 6 ਸੀ. ਯੂ. , ਜਦਕਿ 61 ਵੀ. ਵੀ. ਪੈਟ 'ਚ ਖਰਾਬੀ ਆਉਣ ਦੇ ਬਾਅਦ ਉਸ ਨੂੰ ਬਲ ਕੇ ਵੋਟਿੰਗ ਨੂੰ ਦੁਬਾਰਾ ਚਾਲੂ ਕਰਵਾਇਆ ਗਿਆ।
ਉਥੇ ਹੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨ ਵੱਲੋਂ ਚਲਾਈ ਗਈ ਸਵੀਪ (ਸਿਸਟਮੈਂਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟ੍ਰੋਲਰ ਪਾਰਟੀਸਪੇਸ਼ਨ) ਮੁਹਿੰਮ ਵੀ ਕੋਈ ਅਸਰ ਨਹੀਂ ਦਿਖਾ ਸਕਿਆ। ਇਸ ਮੁਹਿੰਮ ਦੇ ਤਹਿਤ ਪ੍ਰਸ਼ਾਸਨ ਨੇ ਲੱਖਾਂ ਰੁਪਏ ਖਰਚ ਕੀਤੇ, ਪ੍ਰਚਾਰ ਲਈ ਕਈ ਗੱਡੀਆਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਚਲਾਈਆਂ ਗਈਆਂ ਪਰ ਇਸ ਦਾ ਕੋਈ ਅਸਰ ਨਹੀਂ ਦਿਸਿਆ, ਕਿਉਂਕਿ ਪਿਛਲੀ ਵਾਰ ਜਿੰਨੀ ਵੀ ਵੋਟਿੰਗ ਨਹੀਂ ਹੋਈ। ਇਸ ਦੇ ਉਲਟ ਉਮੀਦ ਕੀਤੀ ਜਾ ਰਹੀ ਸੀ ਕਿ ਵੋਟਿੰਗ ਦਾ ਅੰਕੜਾ 70 ਫੀਸਦੀ ਨੂੰ ਪਾਰ ਕਰ ਜਾਵੇਗਾ। ਕਈ ਜਗ੍ਹਾ ਪਹਿਲੀ ਵਾਰ ਵੋਟ ਪਾਉਣ ਨੂੰ ਲੈ ਕੇ ਸਰਟੀਫਿਕੇਟ ਨਾ ਮਿਲਣ 'ਤੇ ਨੌਜਵਾਨਾਂ 'ਚ ਰੋਸ ਦੇਖਣ ਨੂੰ ਮਿਲਿਆ। ਇਸ ਸੰਬੰਧ 'ਚ ਕਈ ਵੋਟਰਾਂ ਨੇ ਆਪਣੇ ਮੋਬਾਇਲ ਰਾਹੀਂ ਇਸ ਦੀ ਸ਼ਿਕਾਇਤ ਵੀ ਕੀਤੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿੰਨੇ ਸਰਟੀਫਿਕੇਟ ਉਨ੍ਹਾਂ ਨੂੰ ਮਿਲੇ ਸਨ, ਉਹ ਲੱਗ ਗਏ ਅਤੇ ਖਤਮ ਹੋ ਗਏ। ਪ੍ਰਸ਼ਾਸਨ ਵੱਲੋਂ ਵੋਟਰਾਂ ਲਈ ਸਰਟੀਫਿਕੇਟ ਦੇਣ ਦਾ ਐਲਾਨ ਕੀਤਾ ਗਿਆ ਸੀ। ਉਕਤ ਸਰਟੀਫਿਕੇਟ ਪਹਿਲੀ ਵਾਰ ਵੋਟ ਕਰਨ ਵਾਲੇ ਅਤੇ ਬਜ਼ੁਰਗ ਵੋਟਰਾਂ ਨੂੰ ਦਿੱਤੇ ਜਾਣੇ ਸਨ ਪਰ ਸਾਰਿਆਂ ਨੂੰ ਨਹੀਂ ਮਿਲ ਸਕੇ। ਜਲੰਧਰ ਕੈਂਟ ਦੀ ਸੀਟ 'ਤੇ ਸਭ ਤੋਂ ਘੱਟ ਵੋਟਿੰਗ ਹੋਈ।
ਵੈੱਬਕਾਸਟਿੰਗ ਤੋਂ 957 ਬੂਥਾਂ 'ਤੇ ਲਾਈਵ ਨਿਗਰਾਨੀ
ਜ਼ਿਲਾ ਪ੍ਰਸ਼ਾਸਨ ਵੱਲੋਂ ਵੈਬਕਾਸਟਿੰਗ ਨਾਲ ਚੋਣ ਪ੍ਰਕਿਰਿਆ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ, ਇਸ ਦੌਰਾਨ ਜੇਕਰ ਕੋਈ ਕੈਮਰਾ ਹਿਲ ਜਾਂਦਾ ਜਾਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਤੁਰੰਤ ਉਥੇ ਫੋਨ ਕਰਕੇ ਹਦਾਇਤਾਂ ਦਿੱਤੀਆਂ ਜਾਂਦੀਆਂ। ਇਸ ਮੌਕੇ ਸ਼ਹਿਰ 'ਚ ਨਹੀਂ , ਸਗੋਂ ਦਿਹਾਤੀ ਦੇ ਮਿਲਾ ਕੇ 957 ਬੂਥਾਂ 'ਤੇ ਨਿਗਰਾਨੀ ਰਹੀ। ਇਨ੍ਹਾਂ ਵਿਚੋਂ 439 ਨਾਜ਼ੁਕ ਬੂਥ ਵੀ ਸ਼ਾਮਲ ਸੀ। ਡੀ. ਸੀ. ਆਫਿਸ ਵਿਚ ਚੱਲ ਰਹੀ ਇਸ ਵੈਬਕਾਸਟਿੰਗ ਦਾ ਅੱਧਾ ਦਰਜ਼ਨ ਤੋਂ ਜ਼ਿਆਦਾ ਕਰਮਚਾਰੀ ਹਿੱਸਾ ਬਣੇ। ਜ਼ਿਲੇ ਵਿਚ ਸ਼ਾਂਤਮਈ ਢੰਗ ਨਾਲ ਚੋਣ ਹੋਣ 'ਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ, ਉਥੇ ਜਲੰਧਰ ਸੈਂਟਰਲ ਨਾਲ ਸਬੰਧਿਤ ਇਕ ਬੂਥ 'ਤੇ ਪਹੁੰਚੇ ਵਿਅਕਤੀ ਵੱਲੋਂ ਵੋਟ ਪਾਉਣ ਨੂੰ ਲੈ ਕੇ ਇਤਰਾਜ ਜਤਾਇਆ ਗਿਆ ਪਰ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ।

PunjabKesari
ਉਮੀਦਵਾਰਾਂ ਦੇ ਬੂਥਾਂ 'ਤੇ ਨਹੀਂ ਦਿੱਸੀ ਚਹਿਲ ਪਹਿਲ
ਉਮੀਦਵਾਰਾਂ ਦੇ ਬੂਥਾਂ 'ਤੇ ਵੀ ਖਾਸਾ ਰੰਗ ਦੇਖਣ ਨੂੰ ਨਹੀਂ ਮਿਲਿਆ। ਸ਼ਹਿਰ 'ਚ ਵੱਖ ਵੱਖ ਥਾਵਾਂ 'ਤੇ ਉਮੀਦਵਾਰਾਂ ਦੇ ਬੂਥ 'ਤੇ ਇੱਕਾ-ਦੁੱਕਾ ਵਿਅਕਤੀ ਬੈਠੇ ਨਜ਼ਰ ਆਏ। ਇਸ ਤੋਂ ਪਹਿਲਾ ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਵੋਟਰਾਂ ਦੀ ਰੌਣਕ ਇਨ੍ਹਾਂ ਬੂਥਾਂ 'ਤੇ ਹੀ ਰਹਿੰਦੀ ਹੈ ਪਰ ਇਸ ਵਾਰ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਪਰਚੀ ਉਨ੍ਹਾਂ ਦੇ ਘਰਾਂ ਵਿਚ ਭਿਜਵਾਉਣ ਕਾਰਨ ਲੋਕਾਂ ਨੇ ਇਨ੍ਹਾਂ ਬੂਥਾਂ ਤੋਂ ਦੂਰੀ ਬਣਾਈ ਰੱਖੀ। ਹਾਲਾਂਕਿ ਕੁਝ ਲੋਕ ਇਥੇ ਆਪਣੀ ਵੋਟ ਸਬੰਧੀ ਜਾਣਕਾਰੀ ਲੈਣ ਲਈ ਦਿਖਾਈ ਦਿੱਤੇ ਪਰ ਕੁੱਲ ਮਿਲਾ ਕੇ ਲੋਕ ਹੁਣ ਸਿੱਧੇ ਤੌਰ 'ਤੇ ਵੋਟਿੰਗ ਕਾਊਂਟਰ 'ਤੇ ਜਾਂਦੇ ਨਜ਼ਰ ਆਏ। ਵੋਟਿੰਗ ਸੈਂਟਰ ਤੋਂ 100 ਮੀਟਰ ਦੀ ਦੂਰੀ 'ਤੇ ਬਣਾਏ ਗਏ ਇਨ੍ਹਾਂ ਬੂਥਾਂ 'ਚ ਜਦੋਂ ਲੋਕ ਨਹੀਂ ਆ ਰਹੇ ਸਨ ਉਥੇ ਬੈਠੇ ਪਾਰਟੀ ਨਾਲ ਸਬੰਧਤ ਲੋਕ ਹੀ ਚੱਲਦੇ ਬਣੇ ਅਤੇ ਬੂਥ ਖਾਲੀ ਹੋ ਗਏ।


shivani attri

Content Editor

Related News