ਜਨਰਲ ਆਬਜ਼ਰਵਰ ਦੀ ਮੌਜੂਦਗੀ ''ਚ ਕਾਊਂਟਿੰਗ ਸੁਪਰਵਾਈਜ਼ਰਾਂ ਤੇ ਸਹਾਇਕਾਂ ਦੀ ਟਰੇਨਿੰਗ

05/16/2019 12:14:11 PM

ਹੁਸ਼ਿਆਰਪੁਰ (ਘੁੰਮਣ)— ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 05-ਹੁਸ਼ਿਆਰਪੁਰ ਲਈ ਨਿਯੁਕਤ ਕੀਤੇ ਗਏ ਜਨਰਲ ਆਬਜ਼ਰਵਰ ਜੈ ਪ੍ਰਕਾਸ਼ ਸ਼ਿਵਹਰੇ ਦੀ ਮੌਜੂਦਗੀ ਵਿਚ ਬੀਤੇ ਦਿਨ ਇਲੈਕਟ੍ਰੋਨੀਕਲੀ ਟਰਾਂਸਮਿਟਡ ਪੋਸਟਲ ਬੈਲੇਟ ਸਿਸਟਮ (ਈ. ਟੀ. ਪੀ. ਬੀ. ਐੱਸ.) ਸਬੰਧੀ ਸੁਪਰਵਾਈਜ਼ਰਾਂ ਅਤੇ ਸਹਾਇਕ ਸੁਪਰਵਾਈਜ਼ਰਾਂ ਦੀ ਪ੍ਰੀ-ਕਾਊਂਟਿੰਗ ਟਰੇਨਿੰਗ ਕਰਵਾਈ ਗਈ। ਇਸ ਦੌਰਾਨ ਜ਼ਿਲਾ ਚੋਣ ਅਫਸਰ ਨੇ ਕਾਊਂਟਿੰਗ ਸੁਪਰਵਾਈਜ਼ਰਾਂ ਨੂੰ ਪੂਰੇ ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਵੀ ਪ੍ਰਕਾਰ ਦੀ ਡਿਊਟੀ ਚੋਣ ਪ੍ਰਕਿਰਿਆ ਲਈ ਬਹੁਤ ਅਹਿਮ ਹੈ, ਇਸ ਲਈ ਚੋਣ ਸਟਾਫ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਕਿਰਿਆ ਦਾ ਹਿੱਸਾ ਬਣ ਰਹੇ ਹਨ।
ਜ਼ਿਲਾ ਚੋਣ ਅਫਸਰ-ਕਮ-ਰਿਟਰਨਿੰਗ ਅਫਸਰ ਈਸ਼ਾ ਕਾਲੀਆ ਨੇ ਕਾਊਂਟਿੰਗ ਸੁਪਰਵਾਈਜ਼ਰਾਂ ਅਤੇ ਸਹਾਇਕ ਸੁਪਰਵਾਈਜ਼ਰਾਂ ਨੂੰ ਗੰਭੀਰਤਾ ਨਾਲ ਆਪਣੀ ਡਿਊਟੀ ਸਮਝਣ ਅਤੇ ਨਿਭਾਉਣ ਦੇ ਨਿਰਦੇਸ਼ ਦਿੱਤੇ। ਵਧੀਕ ਡਿਪਟੀ ਕਮਿਸ਼ਨਰ (ਜ) ਹਰਪ੍ਰੀਤ ਸਿੰਘ ਸੂਦਨ ਨੇ ਪ੍ਰੈਕਟੀਕਲ ਤੌਰ 'ਤੇ ਸਾਰਿਆਂ ਨੂੰ ਬਾਰੀਕੀ ਨਾਲ ਈ. ਟੀ. ਪੀ. ਬੀ. ਐੱਸ. ਸਬੰਧੀ ਸਿਖਲਾਈ ਦਿੱਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਵੀ ਕੀਤਾ। ਇਸ ਤੋਂ ਪਹਿਲਾਂ ਜ਼ਿਲਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਬੰਧੀ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਪੋਲਿੰਗ ਤੋਂ 48 ਘੰਟੇ ਪਹਿਲਾਂ ਚੋਣ ਪ੍ਰਚਾਰ ਨਾ ਕਰਨ ਸਬੰਧੀ ਵੀ ਹਦਾਇਤ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਚੋਣ ਲੜਨ ਵਾਲੇ ਉਮੀਦਵਾਰ ਇਸ ਦਾ ਪਾਲਣ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਟੈਲੀਵਿਜ਼ਨ, ਸਿਨੇਮਾ, ਰੇਡੀਓ ਆਦਿ ਇਲੈਕਟ੍ਰੋਨਿਕ ਮੀਡੀਆ ਰਾਹੀਂ ਚੋਣ ਪ੍ਰਚਾਰ ਦੇ ਪ੍ਰਸਾਰਣ 'ਤੇ ਵੀ ਪਾਬੰਦੀ ਰਹੇਗੀ, ਜਦਕਿ 48 ਘੰਟਿਆਂ ਦੇ ਸਮੇਂ ਦੌਰਾਨ ਪ੍ਰਿੰਟ ਮੀਡੀਆ ਰਾਹੀਂ ਚੋਣ ਪ੍ਰਚਾਰ ਸਬੰਧੀ ਇਸ਼ਤਿਹਾਰ ਲਈ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਹੈ।
ਕਾਲੀਆ ਨੇ ਕਿਹਾ ਕਿ ਚੋਣ ਹਲਕੇ ਤੋਂ ਬਾਹਰਲੇ ਰਾਜਨੀਤਿਕ ਚੋਣ ਪ੍ਰਚਾਰਕ ਅਤੇ ਪਾਰਟੀ ਵਰਕਰ, ਜੋ ਚੋਣ ਪ੍ਰਚਾਰ ਲਈ ਹਲਕੇ ਵਿਚ ਆਏ ਹਨ, 'ਤੇ ਇਨ੍ਹਾਂ 48 ਘੰਟਿਆਂ ਦੇ ਸਮੇਂ ਦੌਰਾਨ ਲੋਕ ਸਭਾ ਹਲਕੇ ਵਿਚ ਰਹਿਣ 'ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਫੀਚਰ ਫਿਲਮਾਂ (ਵਪਾਰਕ ਇਸ਼ਤਿਹਾਰ ਨੂੰ ਛੱਡ ਕੇ) 'ਤੇ ਰੋਕ ਰਹੇਗੀ। 19 ਮਈ ਨੂੰ ਪੋਲਿੰਗ ਦਾ ਸਮਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਅਤੇ ਮੌਕ ਪੋਲ ਸਵੇਰੇ 6 ਵਜੇ ਸ਼ੁਰੂ ਹੋਵੇਗੀ, ਇਸ ਲਈ ਰਾਜਨੀਤਕ ਪਾਰਟੀਆਂ ਪੋਲਿੰਗ ਏਜੰਟਾਂ ਨੂੰ ਮੌਕ ਪੋਲ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਭੇਜਣਾ ਯਕੀਨੀ ਬਣਾਉਣ।
ਜ਼ਿਲਾ ਚੋਣ ਅਫਸਰ ਨੇ ਕਿਹਾ ਕਿ ਪੋਲਿੰਗ ਵਾਲੇ ਦਿਨ ਉਮੀਦਵਾਰ ਆਪਣੇ ਬੂਥ ਪੋਲਿੰਗ ਸਟੇਸ਼ਨ ਤੋਂ 200 ਮੀਟਰ ਦੂਰ ਲਾਉਣ, ਜਿੱਥੇ ਇਕ ਟੇਬਲ ਅਤੇ ਦੋ ਕੁਰਸੀਆਂ ਹੀ ਲਾਈਆਂ ਜਾ ਸਕਦੀਆਂ ਹਨ। ਪੋਲਿੰਗ ਸਟੇਸ਼ਨ ਅੰਦਰ ਪ੍ਰੀਜ਼ਾਈਡਿੰਗ ਅਫਸਰ ਤੋਂ ਇਲਾਵਾ ਕਿਸੇ ਨੂੰ ਵੀ ਮੋਬਾਇਲ ਫੋਨ ਦੀ ਵਰਤੋਂ ਦੀ ਆਗਿਆ ਨਹੀਂ ਹੋਵੇਗੀ। 50 ਫੀਸਦੀ ਪੋਲਿੰਗ ਬੂਥਾਂ 'ਤੇ ਵੈੱਬ ਕਾਸਟਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਰਾਜਨੀਤਕ ਪਾਰਟੀਆਂ ਕਾਊਂਟਿੰਗ ਏਜੰਟਾਂ ਦੇ ਆਈ-ਕਾਰਡ ਲਈ ਫਾਰਮ 18 ਭਰ ਕੇ ਫੋਟੋ ਸਮੇਤ 20 ਮਈ ਸ਼ਾਮ 5 ਵਜੇ ਤੱਕ ਚੋਣ ਦਫ਼ਤਰ ਵਿਚ ਭੇਜ ਦੇਣ, ਤਾਂ ਕਿ 21 ਅਪ੍ਰੈਲ ਤੱਕ ਕਾਊਂਟਿੰਗ ਏਜੰਟਾਂ ਨੂੰ ਆਈ-ਕਾਰਡ ਜਾਰੀ ਕੀਤੇ ਜਾ ਸਕਣ। ਬਿਨਾਂ ਆਈ-ਕਾਰਡ ਦੇ ਕਾਊਂਟਿੰਗ ਏਜੰਟ ਨੂੰ ਕਾਊਂਟਿੰਗ ਸੈਂਟਰ ਵਿਚ ਜਾਣ ਦੀ ਆਗਿਆ ਨਹੀਂ ਹੋਵੇਗੀ।
ਕਾਲੀਆ ਨੇ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ 17 ਮਈ ਨੂੰ ਸ਼ਾਮ 6 ਵਜੇ ਤੋਂ 19 ਮਈ ਸ਼ਾਮ 6 ਵਜੇ ਤੱਕ 'ਡਰਾਈ ਡੇਅ' ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ 23 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ 'ਡਰਾਈ ਡੇਅ' ਰਹੇਗਾ ਅਤੇ ਇਸ ਦੌਰਾਨ ਸ਼ਰਾਬ ਸਟੋਰ ਕਰਨ 'ਤੇ ਵੀ ਪੂਰਨ ਰੋਕ ਰਹੇਗੀ। ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ, ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਆਗਿਆ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਰਹੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤ ਸਿੰਘ, ਤਹਿਸੀਲਦਾਰ ਚੋਣਾਂ ਕਰਨੈਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।


shivani attri

Content Editor

Related News