ਟਿੱਡੀ ਦਲ ਦੀ ਰੋਕਥਾਮ ਲਈ ਜ਼ਿਲਾ ਪੱਧਰੀ ਟੀਮ ਦਾ ਕੀਤਾ ਗਿਆ ਗਠਨ

05/15/2020 5:42:02 PM

ਜਲੰਧਰ (ਬਿਊਰੋ) - ਪੰਜਾਬ ਸੂਬੇ ਅਤੇ ਖਾਸ ਕਰਕੇ ਫਾਜ਼ਿਲਕਾ ਅਬੋਹਰ ਦੇ ਇਲਾਕਿਆਂ ਵਿਚ ਟਿੱਡੀ ਦਲ ਦੇ ਹਮਲੇ ਪ੍ਰਤੀ ਕਿਸਾਨਾਂ ਨੂੰ ਸੂਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਸੰਦਰਭ ਵਿਚ ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਰਾਜ ਦੇ ਸਮੂਹ ਜ਼ਿਲਿਆਂ ਨੂੰ ਜ਼ਿਲਾ ਪੱਧਰ ’ਤੇ ਟੀਮਾਂ ਦਾ ਗਠਨ ਕਰਦੇ ਹੋਏ ਪੂਰੀ ਤਰ੍ਹਾਂ ਨਾਲ ਸੂਚੇਤ ਰਹਿਣ ਲਈ ਕਿਹਾ ਗਿਆ ਹੈ। ਇਸ ਦੇ ਸਬੰਧ ਵਿਚ ਜ਼ਿਲਾ ਪੱਧਰੀ ਟੀਮ, ਜਿਸ ਵਿਚ ਡੀ. ਐੱਫ. ਓ., ਡਿਪਟੀ ਡਾਇਰੈਕਟਰ ਕੇ. ਵੀ. ਕੇ, ਜ਼ਿਲਾ ਪ੍ਰਸਾਰ ਮਾਹਿਰ ਕੀਟ ਵਿਗਿਆਨ ਤੋਂ ਇਲਾਵਾ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਮੈਂਬਰ ਬਣਾਏ ਗਏ ਹਨ। ਇਸ ਜ਼ਿਲਾ ਪੱਧਰ ਟੀਮ ਦੀ ਪਲੇਠੀ ਮੀਟਿੰਗ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲ਼ੰਧਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿਚ ਸ਼ਾਮਲ ਹੁੰਦੇ ਹੋਏ ਡਾ. ਸੰਜੀਵ ਕਟਾਰੀਆ ਜ਼ਿਲਾ ਪ੍ਰਸਾਰ ਮਾਹਿਰ, ਕੀਟ ਵਿਗਿਆਨ ਨੇ ਦੱਸਿਆ ਕੇ ਟਿੱਡੀ ਦਲ ਦੇ ਹਮਲੇ ਪ੍ਰਤੀ ਜ਼ਿਲਾ ਜਲੰਧਰ ਦੇ ਹਮਲੇ ਦੇ ਬਲਾਕ ਜਿਵੇਂ ਕਿ ਲੋਹੀਆਂ ਖਾਸ, ਸ਼ਾਹਕੋਟ ਅਤੇ ਨਕੋਦਰ ਵਿਚ ਵਧੇਰੇ ਸੂਚੇਤ ਹੋਣ ਦੀ ਲੋੜ ਹੈ। 

ਡਾ. ਕੁਲਦੀਪ ਸਿੰਘ, ਡਿਪਟੀ ਡਾਇਰੈਕਟਰ ਕੇ.ਵੀ.ਕੇ ਨੇ ਕਿਹਾ ਕਿ ਇਨ੍ਹਾਂ ਬਲਾਕਾਂ ਵਿਚ ਇਕ ਸਾਂਝੀ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜੋ ਜਲੰਧਰ ਦੇ ਨਾਲ ਲੱਗਦੇ ਇਲਾਕਿਆਂ ਵਿਚ ਰੈਗੁਲਰ ਤੌਰ ’ਤੇ ਸਰਵੇਖਣ ਕਰਨ ਅਤੇ ਰਿਪੋਰਟ ਜ਼ਿਲਾ ਕਮੇਟੀ ਨੂੰ ਭੇਜਣ ਤਾਂ ਜੋ ਸਮੇਂ ਸਿਰ ਟਿੱਡੀ ਦਲ ਦੀ ਰੋਕਥਾਮ ਦੇ ਉਪਰਾਲੇ ਸਬੰਧੀ ਢੁੱਕਵੀਂ ਕਾਰਵਾਈ ਕੀਤੀ ਜਾ ਸਕੇ। ਡਾ. ਸੁਰਜੀਤ ਸਿੰਘ, ਏ. ਡੀ. ਓ. (ਪੀ. ਪੀ.) ਨੇ ਮੀਟਿੰਗ ਵਿਚ ਜਾਣਕਾਰੀ ਦਿੱਤੀ ਕਿ ਇਨ੍ਹਾਂ ਬਲਾਕਾਂ ਵਿਚ ਸਪਰੇਅ ਪੰਪਾਂ ਅਤੇ ਕੀੜੇਮਾਰ ਦਵਾਈਆਂ ਆਦਿ ਦੀ ਉਪਲੱਭਧਤਾ ਯਕੀਨੀ ਬਣਾਉਣ ਲਈ ਸਬੰਧਤ ਕੰਪਨੀਆਂ ਅਤੇ ਕਿਸਾਨਾਂ ਨਾਲ ਰਾਬਤਾ ਕਾਈਮ ਕੀਤਾ ਜਾ ਰਿਹਾ ਹੈ। ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਜਲ਼ੰਧਰ ਨੇ ਦੱਸਿਆ ਕਿ ਟਿੱਡੀ ਦਲ ਦੀ ਰੋਕਥਾਮ ਲਈ ਸਿਫਾਰਸ਼ ਸ਼ੁਦਾ ਦਵਾਈਆਂ ਦੀ ਉਪਲੱਭਧਤਾ ਨੂੰ ਯਕੀਨੀ ਬਣਾਉਣ ਲਈ ਇਕ ਰਾਜ ਪੱਧਰੀ ਮੀਟਿੰਗ ਕੀਤੀ ਗਈ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਟਿੱਡੀ ਦਲ ਪਹਿਲਾਂ ਪਹਿਲ ਦਰੱਖਤਾਂ ’ਤੇ ਆ ਕੇ ਬੈਠਦਾ ਹੈ, ਜਿਸ ਨੂੰ ਵਕਤ ਰਹਿੰਦੇ ਹੀ ਜਲਦੀ ਕੰਟਰੋਲ ਕਰਨ ਦੀ ਜਰੂਰਤ ਹੂੰਦੀ ਹੈ। ਉਨ੍ਹਾਂ ਖੇਤੀਬਾੜੀ ਵਿਕਾਸ ਅਫਸਰ (ਪੀ.ਪੀ.) ਨੂੰ ਹਦਾਇਤ ਕੀਤੀ ਕਿ ਉਹ ਇਲਾਕੇ ਵਿਚ ਲੋੜੀਂਦੇ ਸਪਰੇ ਅਤੇ ਦਵਾਈਆਂ ਆਦਿ ਸਮਾਨ ਦਾ ਪ੍ਰਬੰਧ ਕਰਨ ਲਈ ਸਬੰਧਤ ਕੰਪਨੀਆਂ, ਡੀਲਰਾਂ ਅਤੇ ਕਿਸਾਨਾਂ ਨਾਲ ਰਾਬਤਾ ਕਰਦੇ ਹੋਏ ਲਿਸਟ ਤਿਆਰ ਕਰਨ। ਉਨ੍ਹਾਂ ਇਸ ਮੌਕੇ ’ਤੇ ਬਲਾਕ ਖੇਤੀਬਾੜੀ ਅਫਸਰ, ਨਕੋਦਰ, ਸ਼ਾਹਕੋਟ ਅਤੇ ਲੋਹੀਆਂ ਖਾਸ ਨੂੰ ਹਦਾਇਤ ਕਰਨ ਲਈ ਕਿਹਾ ਕਿ ਇਹ ਬਲਾਕ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ, ਸਰਪੰਚਾਂ, ਨੰਬਰਦਾਰਾਂ ਆਦਿ ਦੀਆਂ ਕਮੇਟੀਆਂ ਗਠਨ ਕਰਨ ਅਤੇ ਟਿੱਡੀ ਦਲ ਵਰਗੇ ਗੰਭੀਰ ਕੀੜੇ ਦੀ ਪਛਾਣ ਆਦਿ ਬਾਰੇ ਮੁਹਿੰਮ ਦੇ ਰੂਪ ਵਿਚ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਰੈਗੁਲਰ ਤੌਰ ’ਤੇ ਪਿੰਡਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਰਿਪੋਰਟ ਪ੍ਰਾਪਤ ਕਰਨ ਅਤੇ ਇਸ ਦਫਤਰ ਨੂੰ ਸੂਚਿਤ ਕਰਨ।   

ਡਾ. ਨਰੇਸ਼ ਗੁਲਾਟੀ, 
ਸੰਪਰਕ ਅਫਸਰ-ਕਮ-ਖੇਤੀਬਾੜੀ ਅਫਸਰ (ਬੀਜ),
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
ਜਲੰਧਰ


rajwinder kaur

Content Editor

Related News