ਲਰਨਿੰਗ ਲਾਇਸੈਂਸ ਬਣਾਉਣ ਦਾ ਕੰਮ ਸੇਵਾ ਕੇਂਦਰਾਂ ਨੂੰ ਸੌਂਪਣ ਦੀ ਕਵਾਇਦ ਸ਼ੁਰੂ

12/29/2019 4:25:29 PM

ਜਲੰਧਰ (ਚੋਪੜਾ)— ਲਰਨਿੰਗ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੰਮ ਜ਼ਿਲੇ ਦੇ ਸੇਵਾਂ ਕੇਂਦਰਾਂ 'ਚ ਸ਼ਿਫਟ ਹੋਵੇਗਾ ਅਤੇ ਲੋਕ ਆਪਣੇ ਘਰਾਂ ਦੇ ਨੇੜੇ ਕਿਸੇ ਵੀ ਸੇਵਾ ਕੇਂਦਰ 'ਚ ਜਾ ਕੇ ਲਰਨਿੰਗ ਡਰਾਈਵਿੰਗ ਲਾਇਸੈਂਸ ਬਣਵਾ ਸਕਣਗੇ। ਜ਼ਿਲਾ ਟਰਾਂਸਪੋਰਟ ਵਿਭਾਗ ਨੇ ਇਸ ਸਬੰਧੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ 'ਚ ਬੀਤੇ ਦਿਨ ਆਟੋਮੇਟਿਡ ਡਰਾਈਵਿੰਗ ਸੈਂਟਰ 'ਚ ਆਰ. ਟੀ. ਓ. ਸਟਾਫ ਨੇ ਜ਼ਿਲੇ ਨਾਲ ਸਬੰਧਤ ਸੇਵਾ ਕੇਂਦਰਾਂ ਦੇ ਵਰਕਰਾਂ ਨੂੰ ਲਾਇਸੈਂਸ ਬਣਾਉਣ ਸਬੰਧੀ ਸਮੁੱਚੀ ਪ੍ਰਕਿਰਿਆ ਸਬੰਧੀ ਟ੍ਰੇਨਿੰਗ ਦਿੱਤੀ। ਇਸ ਦੌਰਾਨ ਟ੍ਰੈਕ 'ਤੇ ਤਾਇਨਾਤ ਆਰ. ਟੀ. ਓ. ਕਲਰਕ ਜਸਵਿੰਦਰ ਸਿੰਘ, ਕਰੁਣਾ ਅਤੇ ਹੋਰਾਂ ਨੇ ਸਹੂਲਤ ਕੇਂਦਰਾਂ ਦੇ ਵਰਕਰਾਂ ਦਾ ਆਨਲਾਈਨ ਅਪੁਆਇੰਟਮੈਂਟ ਤੋਂ ਲੈ ਕੇ ਅਰਜ਼ੀ ਦੇ ਦਸਤਾਵੇਜ਼ਾਂ ਨੂੰ ਸਕੈਨ ਕਰਨ, ਵਿਭਾਗ ਦੀ ਵੈਬਸਾਈਟ 'ਤੇ ਬਿਨੇਕਾਰ ਦੀ ਫੋਟੋ ਅਤੇ ਟਰੈਫਿਕ ਨਿਯਮਾਂ ਦੇ ਟੈਸਟ ਅਤੇ ਹੋਰ ਜ਼ਰੂਰੀ ਪ੍ਰਕਿਰਿਆ ਬਾਰੇ ਦੱਸਿਆ ਤਾਂ ਜੋ ਕੇਂਦਰਾਂ 'ਚ ਲਰਨਿੰਗ ਲਾਇਸੈਂਸ ਬਣਾਉਣ ਆਉਣ ਵਾਲੇ ਬਿਨੇਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇਸ ਸਬੰਧ 'ਚ ਸੈਕਟਰੀ ਆਰ. ਟੀ. ਓ. ਡਾ. ਨਯਨ ਜੱਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਲਰਨਿੰਗ ਲਾਇਸੈਂਸ ਬਣਵਾਉਣ ਦਾ ਕੰਮ ਸੇਵਾ ਕੇਂਦਰਾਂ 'ਚ ਸ਼ੁਰੂ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਜ਼ਿਲੇ ਨਾਲ ਸਬੰਧਤ ਸਾਰੇ ਕੇਂਦਰਾਂ 'ਚ ਜਨਵਰੀ ਮਹੀਨੇ 'ਚ ਸ਼ੁਰੂ ਹੋਣਾ ਹੈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ 'ਚ ਆਮ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਹੋਰ ਸਹੂਲਤਾਂ ਦੀ ਤਰ੍ਹਾਂ ਲਰਨਿੰਗ ਲਾਇਸੈਂਸ ਬਣਾਉਣ ਦੀ ਸਹੂਲਤ ਵੀ ਬਿਨਾਂ ਕਿਸੇ ਰੁਕਾਵਟ ਦੇ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਦੇ ਸ਼ੁਰੂ ਹੋਣ ਨਾਲ ਦੂਰ ਤੋਂ ਆੲੇ ਲੋਕਾਂ ਨੂੰ ਸ਼ਹਿਰ 'ਚ ਆ ਕੇ ਲਾਇਸੈਂਸ ਬਣਵਾਉਣ ਨੂੰ ਮਜਬੂਰ ਨਹੀਂ ਹੋਣਾ ਪਵੇਗਾ ਅਤੇ ਲੋਕਾਂ ਦੀ ਰੋਜ਼ਾਨਾ ਲੱਗਣ ਵਾਲੀ ਭੀੜ ਵੀ ਕਾਫ਼ੀ ਹੱਦ ਤੱਕ ਖਤਮ ਹੋ ਜਾਵੇਗੀ।

PunjabKesari

ਜ਼ਿਲੇ ਦੇ ਇਨ੍ਹਾਂ ਸੇਵਾ ਕੇਂਦਰਾਂ 'ਚ ਬਣ ਸਕਣਗੇ ਲਰਨਿੰਗ ਲਾਇਸੈਂਸ
ਟ੍ਰੇਨਿੰਗ ਲੈਣ ਲਈ ਹਰੇਕ ਸੇਵਾ ਕੇਂਦਰ ਦੇ 2 ਵਰਕਰ ਸ਼ਾਮਲ ਹੋਏ ਸਨ। ਹੁਣ ਲੋਕਾਂ ਨੂੰ ਜ਼ਿਲੇ ਦੇ ਇਨ੍ਹਾਂ ਸੇਵਾ ਕੇਂਦਰਾਂ 'ਚ ਜਨਵਰੀ ਮਹੀਨੇ 'ਚ ਲਰਨਿੰਗ ਲਾਇਸੈਂਸ ਬਣਾਉਣ ਦੀ ਸਹੂਲਤ ਵੀ ਮਿਲਣੀ ਸ਼ੁਰੂ ਹੋ ਜਾਵੇਗੀ। ਜਿਨ੍ਹਾਂ ਸੇਵਾ ਕੇਂਦਰਾਂ 'ਚ ਇਹ ਸਹੂਲਤ ਮਿਲੇਗੀ ਉਨ੍ਹਾਂ 'ਚੋਂ ਮੁੱਖ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ, ਆਦਮਪੁਰ 'ਚ ਨੇੜੇ ਬੀ. ਡੀ. ਪੀ. ਓ. ਦਫ਼ਤਰ, ਅਲਾਵਲਪੁਰ 'ਚ ਨੇੜੇ ਬੱਸ ਸਟੈਂਡ, ਬੜਾ ਪਿੰਡ ਰੋਡ ਗੋਰਾਇਆ, ਫਿਲੌਰ 'ਚ ਪਟਵਾਰਖਾਨੇ ਦੇ ਪਿੱਛੇ, ਨਕੋਦਰ 'ਚ ਬੈਕ ਸਾਈਡ ਬੱਸ ਸਟੈਂਡ, ਜਲੰਧਰ-2 ਬਸਤੀ ਮਿੱਠੂ 'ਚ ਗੁਰਦੁਆਰੇ ਦੇ ਸਾਹਮਣੇ, ਭੋਗਪੁਰ, ਬਰਲਟਨ ਪਾਰਕ, ਦੋਮੋਰੀਆ ਪੁਲ, ਸ਼ਾਹਕੋਟ ਦੁਸਹਿਰਾ ਗਰਾਊਂਡ, ਈ. ਓ. ਸੀ. ਪੀ. ਨੂਰਮਹਲ, ਗੋਨਸੀ ਮੁਹੱਲਾ ਨਕੋਦਰ, ਗੁਰੂ ਅਮਰਦਾਸ ਕਲੋਨੀ ਨੇੜੇ ਵੇਰਕਾ ਮਿਲਕ ਪਲਾਂਟ, ਲੰਮਾ ਪਿੰਡ, ਮਾਡਲ ਟਾਊਨ ਸਰਕਾਰੀ ਗਰਲਜ਼ ਸਕੂਲ ਨੇੜੇ, ਮਕਸੂਦਾਂ, ਟਿਊਬਵੈਲ ਨੰ. 2 ਗੋਰਾਇਆ, ਫੁੱਲ ਰੋਡ ਲੋਹੀਆਂ, ਪਿਮਸ ਹਸਪਤਾਲ ਗੜ੍ਹਾ, ਮਹਿਤਪੁਰ 'ਚ ਪ੍ਰਾਇਮਰੀ ਹੈਲਥ ਸੈਂਟਰ, ਸਬ ਤਹਿਸੀਲ ਕਰਤਾਰਪੁਰ, ਸਵਿਧਾ ਸੈਂਟਰ ਐੱਸ. ਡੀ. ਐੱਮ. ਦਫਤਰ ਨਕੋਦਰ, ਸੁਵਿਧਾ ਸੈਂਟਰ ਐੱਸ. ਡੀ. ਐੱਮ. ਦਫਤਰ ਫਿਲੌਰ, ਢਿੱਲਵਾਂ ਪਿੰਡ ਤੱਲ੍ਹਣ ਰੋਡ, ਪਿੰਡ ਖੁਲਰਾ ਕਿੰਗਰਾ ਪਿੱਛੇ ਟੀ. ਵੀ. ਸੈਂਟਰ, ਕੋਟ ਸਦੀਕ ਪਿੰਡ ਕਾਲਾ ਸੰਘਿਆਂ ਰੋਡ, ਪਿੰਡ ਲੱਧੇਵਾਲੀ ਦਾ ਕੇਂਦਰ ਸ਼ਾਮਲ ਹੈ।


shivani attri

Content Editor

Related News