ਪੁਲਸ ਨੂੰ ਮਿਲੀ ਅਹਿਮ ਸਫ਼ਲਤਾ, ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸ ਕੇ ਫਿਰੌਤੀ ਮੰਗਣ ਵਾਲੇ 2 ਗ੍ਰਿਫ਼ਤਾਰ
Thursday, Sep 01, 2022 - 11:17 AM (IST)

ਰੂਪਨਗਰ (ਵਿਜੇ)-ਜ਼ਿਲ੍ਹੇ ’ਚ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿਚ ਜ਼ਿਲ੍ਹਾ ਪੁਲਸ ਨੇ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸ਼ਰਾਰਤੀ ਅਨਸਰਾਂ ਅਤੇ ਵਾਰਦਾਤਾਂ ਕਰਨ ਵਾਲੇ ਵਿਅਕਤੀਆਂ ਨੂੰ ਨੱਥ ਪਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਤਾਂ ਮੁਕੱਦਮਾ ਨੰਬਰ 158 ਮਿਤੀ 31-08-2022 ਅ/ਧ 385,386,506, ਆਈ. ਪੀ. ਸੀ., ਵਾਧਾ ਜੁਰਮ 472 ਹਿੰ.ਦ ਅਤੇ 25-54-59 ਆਰਮਜ ਐਕਟ ਥਾਣਾ ਸਿਟੀ ਰੂਪਨਗਰ ਦੀ ਤਫ਼ਤੀਸ਼ ਦੌਰਾਨ ਰਮਨਦੀਪ ਸਿੰਘ ਉਰਫ਼ ਰਮਨ ਪੁੱਤਰ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਉਰਫ਼ ਬਿੰਦਰੀ ਪੁੱਤਰ ਰਾਜ ਸਿੰਘ ਵਾਸੀਆਨ ਪਿੰਡ ਬੜੀ ਝੱਲੀਆਂ, ਥਾਣਾ ਸ੍ਰੀ ਚਮਕੌਰ ਸਾਹਿਬ ਜ਼ਿਲਾ ਰੂਪਨਗਰ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਗੁ. ਸ੍ਰੀ ਬੇਰ ਸਾਹਿਬ ’ਚ ਸ਼ੁਰੂ, ਵੇਖੋ ਤਸਵੀਰਾਂ
ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਕਹਿ ਕੇ ਆਪਣੇ-ਆਪ ਨੂੰ ‘ਸਿੰਘਾ ਗੈਂਗਸਟਰ’ ਦੱਸ ਕੇ ਮੋਬਾਇਲ ’ਤੇ ਵਿਅਕਤੀਆਂ ਨੂੰ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ। ਮੁਲਜ਼ਮਾਂ ਨੇ ਮੋਹਾਲੀ ਦੇ ਇਕ ਵਿਅਕਤੀ, ਖਰੜ ਦੇ ਦੋ ਅਤੇ ਰੂਪਨਗਰ ਏਰੀਆ ਦੇ ਚਾਰ ਵਿਅਕਤੀਆਂ ਤੋਂ 3/3 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਪੈਸੇ ਨਾ ਦੇਣ ’ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਸਨ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ 25 ਅਗਸਤ 2022 ਨੂੰ ਚੋਰੀ ਕੀਤੇ ਮੋਟਰਸਾਈਕਲ ਅਤੇ ਮੋਬਾਇਲ ਤੋਂ ਰੂਪਨਗਰ ਸ਼ਹਿਰ ਦੇ ਨਾਮਵਰ ਵਿਅਕਤੀਆਂ ਨੂੰ ਫੋਨ ਕਰਕੇ ਫਿਰੌਤੀ ਲਈ ਧਮਕਾਇਆ ਸੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕਰਕੇ ਮੁਲਜ਼ਮਾਂ ਪਾਸੋਂ ਇਕ ਚੋਰੀ ਦਾ ਮੋਟਰਸਾਈਕਲ, ਖੋਹ ਕੀਤਾ ਮੋਬਾਇਲ ਫੋਨ, ਇਕ ਕਮਾਨੀਦਾਰ ਚਾਕੂ ਅਤੇ ਪੀਸੀਆਂ ਹੋਈਆਂ ਲਾਲ ਮਿਰਚਾਂ (ਅੱਖਾਂ ਵਿਚ ਪਾਉਣ ਲਈ) ਬਰਾਮਦ ਕੀਤੀਆਂ।
ਇਹ ਵੀ ਪੜ੍ਹੋ: ਫਗਵਾੜਾ ’ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਮਿਲੇ ਅੰਗ