''ਜਗ ਬਾਣੀ'' ''ਚ ਖ਼ਬਰ ਲੱਗਣ ਤੋਂ ਬਾਅਦ ਕੋਠੀ ਦੀ ਫੁਟੇਜ ਲਈ ਕਬਜ਼ੇ ''ਚ

02/12/2019 4:51:03 PM

ਜਲੰਧਰ, (ਜ.ਬ., ਮਹੇਸ਼)— 'ਜਗ ਬਾਣੀ' ਵਿਚ ਖ਼ਬਰ ਲੱਗਣ ਤੋਂ ਬਾਅਦ ਬਾਰਾਂਦਰੀ ਪੁਲਸ ਨੇ ਅੱਜ ਸੰਤ ਨਗਰ ਦੀ ਇਕ ਕੋਠੀ 'ਚੋਂ ਚੋਰੀ ਦੀ ਫੁਟੇਜ ਕਬਜ਼ੇ 'ਚ ਲਈ ਹੈ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਖਬਰ ਛਾਪੀ ਸੀ ਕਿ ਸੰਤ ਨਗਰ ਇਲਾਕੇ ਵਿਚ ਕੁੱਝ ਦਿਨਾਂ ਤੋਂ ਗੈਸ ਸਿਲੰਡਰ ਚੋਰ ਗਿਰੋਹ ਸਰਗਰਮ ਹੈ। ਬਾਰਾਂਦਰੀ ਦੇ ਐੱਸ. ਐੱਚ. ਓ. ਸੁਖਦੇਵ  ਸਿੰਘ ਨੇ ਦੱਸਿਆ ਕਿ ਪੁਲਸ ਨੇ ਅੱਜ ਇਕ ਕੋਠੀ 'ਚੋਂ ਸੀ. ਸੀ. ਟੀ. ਵੀ. ਫੁਟੇਜ  ਹਾਸਲ ਕੀਤੀ ਹੈ।  ਵੇਖੀ ਗਈ ਫੁਟੇਜ ਅਨੁਸਾਰ 3 ਚੋਰ ਪਹਿਲਾਂ ਮੌਕੇ ਦੀ ਰੇਕੀ ਕਰਦੇ ਹਨ  ਅਤੇ ਉਸ ਤੋਂ ਬਾਅਦ ਇਕ ਚੋਰ ਬੜੇ ਆਰਾਮ ਨਾਲ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਜਾਂਦਾ  ਹੈ ਅਤੇ 2 ਚੋਰ ਘਰ ਦੇ ਬਾਹਰ ਹੀ ਰੇਕੀ ਕਰਦੇ ਹਨ। 

ਇਸ ਦੌਰਾਨ ਇਕ ਕਾਰ ਵੀ ਉਥੋਂ ਲੰਘਦੀ  ਹੈ ਪਰ ਉਨ੍ਹਾਂ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਲੱਗਦਾ। ਘਰ ਦੇ ਅੰਦਰ ਦਾਖਲ ਹੋਇਆ ਚੋਰ  ਸਿਰਫ 2 ਮਿੰਟ 22 ਸਕਿੰਡ 'ਚ ਸਿਲੰਡਰ ਚੋਰੀ ਕਰ ਕੇ ਬਾਹਰ ਖੜ੍ਹੇ ਆਪਣੇ ਸਾਥੀ ਨੂੰ ਫੜਾ  ਦਿੰਦਾ ਹੈ। ਉਸ ਤੋਂ ਬਾਅਦ ਤਿੰਨੇ ਉਥੋਂ ਰਫੂਚੱਕਰ ਹੋ ਜਾਂਦੇ ਹਨ। ਐੱਸ. ਐੱਚ. ਓ.  ਸੁਖਦੇਵ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਕਈ ਸ਼ੱਕੀ ਵਿਅਕਤੀਆਂ  ਤੋਂ ਪੁੱਛਗਿੱਛ ਕੀਤੀ ਗਈ ਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਪੁਲਸ ਸੁੱਤੀ ਹੈ ਰਾਤ ਨੂੰ ਖੁਦ ਕਰੋ ਆਪਣੀ ਸੁਰੱਖਿਆ
ਸੰਤ ਨਗਰ 'ਚ ਹੋਈ ਇਸ ਚੋਰੀ ਦੀ ਵਾਰਦਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਲੰਧਰ ਪੁਲਸ  ਕਮਿਸ਼ਨਰੇਟ ਦਾ ਮੋਟੋ ਇਸ ਸਮੇਂ ਇਹ ਲੱਗ ਰਿਹਾ ਹੈ ਕਿ ਰਾਤ ਨੂੰ ਪੁਲਸ ਸੁੱਤੀ ਹੈ, ਇਸ ਲਈ  ਲੋਕ ਰਾਤ ਨੂੰ ਆਪਣੀ ਸੁਰੱਖਿਆ ਆਪ ਕਰਨ। ਚੋਰ ਗਿਰੋਹ ਬੜੇ ਆਰਾਮ ਨਾਲ ਵਾਰਦਾਤਾਂ ਨੂੰ  ਅੰਜਾਮ ਦੇ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੋਰੀ ਦੇ ਟਾਰਗੈੱਟ ਨਾਲ ਆਏ ਚੋਰ ਘਰ ਦੇ ਮੈਂਬਰ ਜਾਗਣ 'ਤੇ ਉਸ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਪੁਲਸ ਹਮੇਸ਼ਾ ਵੱਡਾ ਹਾਦਸਾ ਹੋਣ ਤੋਂ ਬਾਅਦ  ਹੀ ਹਰਕਤ ਵਿਚ ਆਉਂਦੀ ਹੈ।


Shyna

Content Editor

Related News