ਸ਼ਹਿਰ ਦੇ ਪ੍ਰਮੁੱਖ ਪੁਆਇੰਟ ''ਤੇ ਲੱਗੇCCTV ਕੈਮਰੇ ਲੰਬੇ ਸਮੇਂ ਤੋਂ ਖਰਾਬ

02/05/2020 1:52:39 PM

ਕਪੂਰਥਲਾ (ਮਹਾਜਨ)— ਸ਼ਹਿਰ ਨੂੰ ਅਪਰਾਧ ਮੁਕਤ ਕਰਵਾਉਣ ਦੇ ਮਕਸਦ ਨਾਲ ਕਰੀਬ ਸਾਢੇ 3 ਸਾਲ ਪਹਿਲਾਂ ਸ਼ਹਿਰ ਦੇ 12 ਪੁਆਇੰਟਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਸਨ। ਇਹ ਕੈਮਰੇ ਅਪਰਾਧਾਂ ਨੂੰ ਰੋਕਣ 'ਚ ਇਕ ਵੱਡੀ ਭੂਮਿਕਾ ਅਦਾ ਕਰਦੇ ਰਹੇ ਹਨ, ਉਥੇ ਹੀ ਹੁਣ ਜ਼ਿਆਦਾਤਰ ਸੀ. ਸੀ. ਟੀ. ਵੀ. ਕੈਮਰਿਆਂ ਦੇ ਖਰਾਬ ਹੋਣ ਨਾਲ ਸ਼ੱਕੀ ਵਿਅਕਤੀ ਪੁਲਸ ਦੀਅੱਖ ਤੋਂ ਸਾਫ ਨਿਕਲਣ 'ਚ ਕਾਮਯਾਬ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਲ ਜੂਨ 2016 'ਚ 'ਜਾਗੋ ਕਪੂਰਥਲਾ' ਸੰਸਥਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਦੇ ਯਤਨਾਂ ਸਦਕਾ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਦੇ 12 ਮੁੱਖ ਪੁਆਇੰਟਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ, ਜਿਸ 'ਤੇ ਕਰੀਬ 20 ਲੱਖ ਰੁਪਏ ਦੀ ਲਾਗਤ ਆਈ ਸੀ। ਇਨ੍ਹਾਂ ਸੀ. ਸੀ. ਟੀ. ਵੀ. ਕੈਮਰਿਆਂ ਦੇ ਲੱਗਣ ਨਾਲ ਕਈ ਅਪਰਾਧੀ ਪੁਲਸ ਵੱਲੋਂ ਫੜੇ ਗਏ ਸਨ, ਜਿਨ੍ਹਾਂ 'ਚੋਂ ਏ. ਟੀ. ਐੱਮ. ਤੋੜ ਕੇ ਫਰਾਰ ਹੋਏ ਮੁਲਜ਼ਮ ਵੀ ਸ਼ਾਮਲ ਸਨ, ਜਿਸ ਦੇ ਸਿੱਟੇ ਵਜੋਂ ਕਈ ਵੱਡੀਆਂ ਵਾਰਦਾਤਾਂ ਸੁਲਝੀਆਂ ਸਨ ਪਰ ਇਸ ਤੋਂ ਬਾਅਦ ਸਮਾਂ ਬੀਤਣ 'ਤੇ ਜ਼ਿਆਦਾਤਰ ਸੀ. ਸੀ. ਟੀ. ਵੀ. ਕੈਮਰੇ ਖਰਾਬ ਹੋਣ ਲੱਗ ਪਏ ਅਤੇ ਕਈ ਪ੍ਰਮੁੱਖ ਪੁਆਇੰਟਾਂ 'ਤੇ ਲੰਬੇ ਸਮੇਂ ਤੋਂ ਠੀਕ ਨਾ ਹੋਣ ਕਾਰਨ ਇਹ ਲਗਭਗ ਬੰਦ ਹੋ ਗਏ।

ਇਨ੍ਹਾਂ ਬੰਦ ਹੋਏ ਸੀ. ਸੀ. ਟੀ. ਵੀ. ਕੈਮਰਿਆਂ ਕਾਰਨ ਕਈ ਅਪਰਾਧੀ ਕੈਮਰਿਆਂ 'ਚ ਕੈਦ ਹੋਣ ਤੋਂ ਬਚ ਗਏ, ਜਿਸ ਕਾਰਨ ਪੁਲਸ ਨੂੰ ਇਨ੍ਹਾਂ ਨੂੰ ਫੜਨ ਲਈ ਕਾਫੀ ਵੱਡੇ ਉਪਰਾਲੇ ਵੀ ਕਰਨੇ ਪਏ ਪਰ ਅਜੇ ਤੱਕ ਠੀਕ ਨਹੀਂ ਕਰਵਾਇਆ ਗਿਆ। ਉਥੇ ਸ਼ਹਿਰ ਦੇ ਬਾਕੀ 38 ਪੁਆਇੰਟਾਂ 'ਤੇ ਫੰਡ ਦੀ ਕਮੀ ਕਾਰਨ ਬੀਤੇ ਸਾਢੇ 3 ਸਾਲਾਂ ਤੋਂ ਕੈਮਰੇ ਨਹੀਂ ਲੱਗ ਸਕੇ।
ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਪਰਿਵਾਰ ਨਾਲ ਸਬੰਧਤ ਸਕੂਲੀ ਵਿਦਿਆਰਥੀ ਜਸਕੀਰਤ ਸਿੰਘ ਦੇ ਕਤਲ ਮਾਮਲੇ 'ਚ ਸ਼ਾਮਲ 3 ਦੋਸ਼ੀਆਂ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਪੁਲਸ ਵਲੋਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਹਰਕਤ 'ਚ ਆਏ ਕਪੂਰਥਲਾ ਨਿਵਾਸੀਆਂ ਨੇ ਪੁਲਸ ਦੇ ਸੰਯੁਕਤ ਯਤਨਾਂ ਨਾਲ 'ਜਾਗੋ ਕਪੂਰਥਲਾ' ਵਲੋਂ ਅਪਰਾਧ ਮੁਕਤ ਬਣਾਉਣ ਲਈ ਕੈਮਰੇ ਲਗਾਉਣ ਦੀ ਯੋਜਨਾ ਬਣਾਈ ਗਈ ਸੀ ਪਰ ਹੁਣ ਜ਼ਿਆਦਾਤਰ ਕੈਮਰੇ ਬੰਦ ਪਏ ਹਨ ਅਤੇ ਕਈ ਪੁਆਇੰਟਾਂ 'ਤੇ ਹਾਲੇ ਤੱਕ ਕੈਮਰੇ ਵੀ ਨਹੀਂ ਲੱਗੇ।

ਇਨ੍ਹਾਂ ਚੌਕਾਂ 'ਚ ਲੱਗੇ ਸਨ ਕੈਮਰੇ
ਜਲੰਧਰ-ਬਾਈਪਾਸ, ਡੀ. ਸੀ. ਚੌਕ, ਸ਼੍ਰੀ ਸਤਨਾਰਾਇਣ ਮੰਦਰ ਚੌਕ, ਸ਼ਾਲੀਮਾਰ ਬਾਗ ਚੌਕ, ਅੰਮ੍ਰਿਤਸਰ ਬਾਈਪਾਸ ਚੌਕ, ਅੰਮ੍ਰਿਤਸਰ ਚੁੰਗੀ ਚੌਕ, ਚਾਰਬੱਤੀ ਚੌਕ, ਰਮਨੀਕ ਚੌਕ, ਪੁਲਸ ਲਾਈਨ ਚੌਕ, ਨਿਊ ਕੈਂਟ ਦੇ ਨਜ਼ਦੀਕ ਇੰਡਸਟਰੀਅਲ ਚੌਕ 'ਚ 20 ਲੱਖ ਰੁਪਏ ਦੀ ਲਾਗਤ ਨਾਲ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਸਨ ਅਤੇ ਇਨ੍ਹਾਂ 'ਚ ਜ਼ਿਆਦਾਤਰ ਪੁਆਇੰਟ ਬੰਦ ਪਏ ਹਨ।

ਇਨ੍ਹਾਂ ਪੁਆਇੰਟਾਂ 'ਤੇ ਬੰਦ ਪਏ ਹਨ ਕੈਮਰੇ
ਡੀ. ਸੀ. ਚੌਕ, ਸ਼ਾਲੀਮਾਰ ਬਾਗ, ਬਾਈਪਾਸ, ਲੱਖਣ ਹਮੀਰਾ ਚੌਕ ਆਦਿ ਪੁਆਇੰਟਾਂ 'ਤੇ ਕੈਮਰੇ ਬੰਦ ਪਏ ਹਨ ਤੇ ਫਿਲਹਾਲ ਚਾਰਬੱਤੀ ਚੌਕ, ਸ਼ਿਵ ਮੰਦਰ ਚੌਕ, ਸ਼ਹੀਦ ਭਗਤ ਸਿੰਘ ਚੌਕ, ਸ਼੍ਰੀ ਸਤਨਾਰਾਇਣ ਬਾਜ਼ਾਰ, ਅੰਮ੍ਰਿਤਸਰ ਚੁੰਗੀ ਤੇ ਪੁਲਸ ਲਾੲੀਨ ਚੌਕ 'ਚ ਕੈਮਰੇ ਚੱਲ ਰਹੇ ਹਨ।

ਰਕਮ ਨਾ ਹੋਣ ਕਾਰਣ ਰੁਕਿਆ ਕੈਮਰਿਆਂ ਦਾ ਕੰਮ
ਕਰਤਾਰਪੁਰ ਰੋਡ ਚੌਕ, ਮਿਲਟਰੀ ਕੰਟੀਨ ਚੌਕ, ਸ਼ਹਿਨਾਈ ਪੈਲੇਸ ਰੋਡ, ਨਵੀਆਂ ਕਚਹਿਰੀਆਂ, ਧਾਰੀਵਾਲ ਚੁੰਗੀ, ਸੀਨਪੁਰਾ ਚੌਕ, ਨੂਰਪੁਰ ਦੋਨਾ, ਦੇਵੀ ਤਲਾਬ ਚੌਕ, ਮਨਸੂਰਵਾਲ, ਸ਼ੇਖੂਪੁਰ, ਮਾਰਕਫੈੱਡ ਚੌਕ, ਜੰਮੂ ਪੈਲੇਸ ਰੋਡ, ਨਵੀਂ ਮੰਡੀ, ਰੇਲਵੇ ਸਟੇਸ਼ਨ, ਬੱਸ ਸਟੈਂਡ, ਔਜਲਾ ਫਾਟਕ ਚੌਕ, ਇੰਡਸਟਰੀਅਲ ਏਰੀਆ, ਮਾਤਾ ਭੱਦਰਕਾਲੀ ਚੌਕ, ਸੁਲਤਾਨਪੁਰ ਲੋਧੀ ਮਾਰਗ, ਦੰਦੂਪੁਰ ਮਾਰਗ, ਸੁਲਤਾਨਪੁਰ ਬਾਈਪਾਸ ਚੌਕ, ਕੁਸ਼ਟ ਆਸ਼ਰਮ ਚੌਕ, ਬੱਕਰਖਾਨਾ ਚੌਕ, ਕਾਂਜਲੀ, ਨਵੀਂ ਦਾਣਾ ਮੰਡੀ ਚੌਕ, ਫੁਹਾਰਾ ਚੌਕ, ਮਸਜਿਦ ਚੌਕ ਆਦਿ ਵਿਖੇ ਰਕਮ ਨਾ ਹੋਣ ਕਾਰਣ ਸੀ. ਸੀ. ਟੀ. ਵੀ. ਕੈਮਰਿਆਂ ਦਾ ਕੰਮ ਰੁਕਿਆ ਪਿਆ ਹੈ।

ਕੈਮਰਿਆਂ ਦੀ ਮਦਦ ਨਾਲ ਰੋਕਿਆ ਜਾ ਸਕਦੈ ਲਾਈਵ ਕ੍ਰਾਈਮ
ਜੇਕਰ ਪੂਰੇ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਤਾਂ ਪੁਲਸ ਵੱਲੋਂ ਇਨ੍ਹਾਂ ਕੈਮਰਿਆਂ ਨੂੰ ਕੰਟਰੋਲ ਰੂਮ 'ਤੇ 24 ਘੰਟੇ ਨਿਗਰਾਨੀ ਰੱਖੀ ਜਾਵੇ ਤਾਂ ਸ਼ਹਿਰ 'ਚ ਲਾਈਵ ਕ੍ਰਾਈਮ ਨੂੰ ਰੋਕਿਆ ਜਾ ਸਕਦਾ ਹੈ ਕਿਉਂਕਿ ਸ਼ਹਿਰ 'ਚ ਕਿਸੇ ਵੀ ਚੌਕ ਜਾਂ ਖੇਤਰ 'ਚ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਕੰਟਰੋਲ ਰੂਮ 'ਚ ਡਿਊਟੀ 'ਤੇ ਬੈਠੇ ਕਰਮਚਾਰੀ ਇਸ ਘਟਨਾ ਦਾ ਲਾਈਵ ਦੇਖ ਕੇ ਜਿੱਥੇ ਇਸ ਘਟਨਾ ਨੂੰ ਰੋਕਣ 'ਚ ਉੱਚਿਤ ਕਦਮ ਚੁੱਕ ਸਕਦੇ ਹਨ, ਉਥੇ ਅਸਲੀ ਅਪਰਾਧੀਆਂ ਨੂੰ ਆਸਾਨੀ ਨਾਲ ਪਛਾਣ ਵੀ ਸਕਦੇ ਹਨ। ਇਸ ਲਈ ਇਨ੍ਹਾਂ ਸ਼ਹਿਰ ਦੇ ਪੁਆਇੰਟਾਂ 'ਚ ਬੰਦ ਕੈਮਰੇ ਅਤੇ ਬਕਾਇਆ ਰਹਿੰਦੇ ਕੈਮਰਿਆਂ ਨੂੰ ਤੁਰੰਤ ਚਾਲੂ ਕੀਤਾ ਜਾਣਾ ਹੈ ਤਾਂ ਜੋ ਸ਼ਹਿਰ ਕਪੂਰਥਲਾ ਅਪਰਾਧ ਮੁਕਤ ਸ਼ਹਿਰ ਬਣ ਸਕੇ।

ਕੈਮਰੇ ਬੰਦ ਹੋਣ ਕਾਰਨ ਜਨਤਾ 'ਚ ਭਾਰੀ ਰੋਸ : ਮਕਰੰਦੀ
'ਜਾਗੋ ਕਪੂਰਥਲਾ' ਦੇ ਪ੍ਰਧਾਨ ਸੁਭਾਸ਼ ਮਕਰੰਦੀ ਦਾ ਕਹਿਣਾ ਹੈ ਕਿ 'ਜਾਗੋ ਕਪੂਰਥਲਾ' ਨੇ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ 'ਚ ਕੈਮਰੇ ਲਗਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਜਿਸ 'ਚ ਪਹਿਲੇ ਪੜਾਅ 'ਚ 12 ਪੁਆਇੰਟਾਂ 'ਤੇ ਕੈਮਰੇ ਲਗਾਏ ਗਏ ਸਨ ਤੇ ਲਗਾਤਾਰ ਕੈਮਰੇ ਚੱਲੇ ਪਰ ਹੁਣ ਕੁੱਝ ਸਮੇਂ ਤੋਂ ਕੁੱਝ ਕੈਮਰੇ ਬੰਦ ਹੋਣ ਕਾਰਨ ਸ਼ਹਿਰ ਦੀ ਜਨਤਾ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਸ਼ਹਿਰ ਦੇ ਲੋਕ ਜਾਗੋ ਸੰਸਥਾ ਕੋਲੋਂ ਸਵਾਲ ਪੁੱਛ ਰਹੇ ਹਨ ਕਿ ਸ਼ਹਿਰ 'ਚ ਕੈਮਰੇ ਲਗਾਏ ਗਏ ਸਨ ਉਹ ਲਗਾਤਾਰ ਕਿਉਂ ਨਹੀਂ ਚੱਲ ਰਹੇ। ਪ੍ਰਧਾਨ ਸੁਭਾਸ਼ ਮਕਰੰਦੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਬੀਤੇ ਦਿਨੀਂ ਐੱਸ. ਐੱਸ. ਪੀ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਬੰਦ ਕੈਮਰਿਆਂ ਨੂੰ ਚਾਲੂ ਕਰਵਾਇਆ ਜਾਵੇਗਾ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਕਾਰਨ ਅਪਰਾਧ 'ਚ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੈਮਰੇ ਸ਼ਹਿਰ ਬੰਦ ਪਏ ਹਨ ਉਨ੍ਹਾਂ ਨੂੰ ਚਲਾਉਣ ਲਈ ਡੀ. ਐੱਸ. ਪੀ. ਕ੍ਰਾਈਮ ਸੰਦੀਪ ਸਿੰਘ ਮੰਡ ਦੀ ਡਿਊਟੀ ਲਗਾਈ ਗਈ ਹੈ, ਉਹ ਜਾਗੋ ਸੰਸਥਾ ਦੇ ਪ੍ਰਧਾਨ ਸੁਭਾਸ਼ ਮਕਰੰਦੀ ਨਾਲ ਮੀਟਿੰਗ ਕਰਕੇ ਤੇ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਨੂੰ ਨਾਲ ਲੈ ਕੇ ਬੰਦ ਕੈਮਰਿਆਂ ਨੂੰ ਤੁਰੰਤ ਚਾਲੂ ਕਰਵਾਉਣ ਤੇ ਬਕਾਇਆ ਪ੍ਰਾਜੈਕਟ 'ਤੇ ਤੁਰੰਤ ਕੈਮਰੇ ਲਗਾਏ ਜਾਣ।

ਬੰਦ ਕੈਮਰਿਆਂ ਨੂੰ ਤੁਰੰਤ ਕਰਵਾਇਆ ਜਾਵੇਗਾ ਚਾਲੂ : ਡੀ. ਸੀ.
ਡੀ. ਸੀ. ਦੀਪਤੀ ਉੱਪਲ ਦਾ ਕਹਿਣਾ ਹੈ ਕਿ ਇਸ ਸਬੰਧੀ ਐੱਸ. ਐੱਸ. ਪੀ. ਸਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਬੰਦ ਕੈਮਰਿਆਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇਗਾ ਅਤੇ ਬਕਾਇਆ ਕੈਮਰਿਆਂ ਨੂੰ ਲਗਾਉਣ ਲਈ ਜਾਗੋ ਸੰਸਥਾ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਇਸ ਸਬੰਧੀ ਜਲਦ ਹੀ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣਾ ਪ੍ਰਸ਼ਾਸਨ ਦੀ ਪਹਿਲ ਹੋਵੇਗੀ।


shivani attri

Content Editor

Related News