ਸ਼ਰਾਰਤੀ ਅਨਸਰਾਂ ਵੱਲੋਂ ਪਵਿੱਤਰ ਕਾਲੀ ਵੇਈਂ ਦੇ ਬੰਨ੍ਹ ਨੂੰ ਤੋੜਨ ਦੀ ਕੋਸ਼ਿਸ਼

07/01/2020 2:24:03 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਅਵਤਾਰ ਗਊਸ਼ਾਲਾ ਫੱਤੇਵਾਲ ਨੇੜੇ ਪਵਿੱਤਰ ਕਾਲੀ ਵੇਈਂ ਦੇ ਪਾਰ ਵਾਲੇ ਹਿੱਸੇ ਵਾਲੇ ਬੰਨ੍ਹ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਤੋਂ ਬਾਅਦ ਅਨੇਕਾਂ ਅਜਿਹੇ ਸੁਆਲ ਖੜ੍ਹੇ ਹੋ ਗਏ ਹਨ, ਜਿਨ੍ਹਾਂ ਨੇ ਜ਼ਿਲ੍ਹਾ ਕਪੂਰਥਲਾ ਅੰਦਰ ਕਾਨੂੰਨ ਵਿਵਸਥਾ ਦੇ ਇੰਤਜ਼ਾਮਾਂ ਨੂੰ ਕਿਤੇ ਨਾ ਕਿਤੇ ਕਟਹਿਰੇ 'ਚ ਜ਼ਰੂਰ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਇਹ ਮਾਮਲਾ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਸਿੱਧੇ ਤੌਰ 'ਤੇ ਪ੍ਰਸ਼ਾਸਨ ਨੂੰ ਚੁਣੋਤੀ ਦੇਣ ਕਰਕੇ ਗੰਭੀਰ ਵੀ ਹੈ। ਇਸ ਲਈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਮੌਕੇ 'ਤੇ ਜਾ ਕੇ ਵੇਖਣ ਨੂੰ ਮਿਲਿਆ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਬੰਨ੍ਹ ਦੇ ਰਸਤੇ ਨੂੰ ਯਕੀਨੀ ਤੌਰ 'ਤੇ ਕਿਸੇ ਜੇ. ਸੀ. ਬੀ. ਮਸ਼ੀਨ ਨਾਲ ਪੁੱਟ ਕੇ ਬੰਨ੍ਹ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਸਬੰਧਤ ਪ੍ਰਸ਼ਾਸਨ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪਾਸੇ ਜਲਦੀ ਧਿਆਨ ਨਾ ਦਿੱਤਾ ਤਾਂ ਵੇਈਂ ਦਾ ਪਾਣੀ ਕਮਜ਼ੋਰ ਕਰ ਦਿੱਤੇ ਬੰਨ੍ਹ ਨੂੰ ਤੋੜ ਕੇ ਜਿੱਥੇ ਫਸਲਾਂ ਦੀ ਤਬਾਹੀ ਦਾ ਕਾਰਨ ਬਣ ਜਾਵੇਗਾ, ਉੱਥੇ ਨਾਲ ਹੀ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ 'ਚ ਦਿੱਤੀ ਜਾਣ ਵਾਲੀ ਰਾਸ਼ੀ ਕਾਰਨ ਸੂਬੇ ਦੀ ਸਰਕਾਰ ਨੂੰ ਵੀ ਲੱਖਾਂ-ਕਰੋੜਾਂ ਰੁਪਏ ਦਾ ਨੁਕਸਾਨ ਵੀ ਝਲਣਾ ਪੈ ਸਕਦਾ ਹੈ।

ਉੱਧਰ, ਭਾਵੇਂ ਵਿਰੋਧੀ ਧਿਰ ਵੱਲੋਂ ਬੰਨ੍ਹ ਦੇ ਰਸਤੇ ਨੂੰ ਖੁਰਦ-ਬੁਰਦ ਅਤੇ ਨੁਕਸਾਨ ਪਹੁੰਚਾਉਣ ਪਿੱਛੇ ਕਥਿਤ ਤੌਰ 'ਤੇ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ਹੋਣ ਦੇ ਦੋਸ਼ ਲਾਏ ਜਾ ਰਹੇ ਹਨ ਪਰ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਕੀ ਭੂਮਿਕਾ ਹੋਵੇਗੀ ,ਵੇਖਣ ਬਾਅਦ ਸਾਰੀ ਸਥਿਤੀ ਅਪਣੇ-ਆਪ ਕੁਝ ਦਿਨਾਂ 'ਚ ਸਪੱਸ਼ਟ ਹੋ ਜਾਵੇਗੀ। ਜ਼ਾਹਰ ਤੌਰ 'ਤੇ ਪ੍ਰਸ਼ਾਸਨ ਵੱਲੋਂ ਬੰਨ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਜਾਂਚ ਕਰਨ ਦੀ ਗੱਲ ਆਖੀ ਜਾਵੇਗੀ, ਉਹ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਕਨੂੰਨ ਦੀ ਇਹੀ ਪ੍ਰਕਿਰਿਆ ਹੈ। ਹਾਲਾਤ ਦੇ ਮੱਦੇਨਜ਼ਰ ਜਾਂਚ ਦੇ ਨਾਲ-ਨਾਲ ਬੰਨ੍ਹ ਦੀ ਕੀਤੀ ਗਈ ਭੰਨ੍ਹ-ਤੋੜ ਨੂੰ ਠੀਕ ਕਰਨ ਦਾ ਕੰਮ ਵੀ ਪਹਿਲ ਦੇ ਆਧਾਰ 'ਤੇ ਸ਼ੁਰੂ ਹੋਣਾ ਬਹੁਤ ਜ਼ਰੂਰੀ ਹੈ, ਜਿਸ 'ਚ ਸੰਗਤਾਂ ਦੀ ਮਦਦ ਲੈਣੀ ਹੈ ਜਾਂ ਸਰਕਾਰ ਵੱਲੋਂ ਅਪਣੇ ਪੱਧਰ 'ਤੇ ਕੰਮ ਨੂੰ ਪੂਰਾ ਕਰਨਾ ਹੈ, ਇਹ ਤਾਂ ਸਰਕਾਰ 'ਤੇ ਹੀ ਨਿਰਭਰ ਕਰਦਾ ਹੈ।

ਬੰਨ੍ਹ ਦੇ ਰਸਤੇ ਨੂੰ ਜਲਦ ਕੀਤਾ ਜਾਵੇ ਚਾਲੂ : ਖੇਤਰ ਵਾਸੀ
ਕਾਲੀ ਵੇਈਂ ਦੇ ਜਿਸ ਹਿੱਸੇ ਦੇ ਰਸਤੇ ਨੂੰ ਗੈਰ-ਕਾਨੂੰਨੀ ਢੰਗ ਨਾਲ ਪੁੱਟ ਕੇ ਬੰਦ ਕਰ ਦਿੱਤਾ ਗਿਆ ਹੈ,ਉਸ ਸਬੰਧੀ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਰਸਤੇ ਨੂੰ ਚਾਲੂ ਕਰਨ ਦੇ ਨਾਲ-ਨਾਲ ਬੰਨ੍ਹ ਦੇ ਇਸ ਹਿੱਸੇ ਨੂੰ ਮਜਬੂਤ ਕੀਤਾ ਜਾਵੇ।

ਕੁਝ ਹੀ ਦਿਨਾਂ ਅੰਦਰ ਵੇਈਂ ਦੇ ਆਰ-ਪਾਰ ਜਾਣ ਵਾਸਤੇ ਰੱਖਿਆ ਜਾਣਾ ਸੀ ਪੁੱਲ
ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਮੰਡ ਫੱਤੇਵਾਲ ਦੀ ਗਊਸ਼ਾਲਾ ਨੇੜੇ ਵੇਈਂ 'ਤੇ ਲੋਹੇ ਦਾ ਪੁੱਲ ਕੁਝ ਹੀ ਦਿਨਾਂ 'ਚ ਆਰ-ਪਾਰ ਜਾਣ ਵਾਸਤੇ ਰੱਖਿਆ ਜਾਣਾ ਸੀ, ਜੋ ਕਿ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ 6 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਸੰਗਤਾਂ ਦੀ ਮੰਗ 'ਤੇ ਤਿਆਰ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਬੰਨ੍ਹ ਦੇ ਦੂਜੇ ਪਾਸੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨ੍ਹ-ਤੋੜ ਕਾਰਨ ਹੁਣ ਪੁਲ ਚਾਲੂ ਹੋਣ 'ਚ ਦੇਰੀ ਹੋ ਜਾਵੇਗੀ।

ਪੁਲ ਚਾਲੂ ਹੋਣ ਨਾਲ 10 ਕਿਲੋਮੀਟਰ ਪੈਂਡਾ ਹੋ ਜਾਵੇਗਾ ਘੱਟ : ਸੰਤ ਸੀਚੇਵਾਲ
ਮੰਡ ਖੇਤਰ 'ਚੋਂ ਲੰਘਣ ਵਾਲੀ ਕਾਲੀ ਵੇਈਂ ਦੀ ਸਫ਼ਾਈ ਦੌਰਾਨ ਕੱਢੀ ਗਈ ਮਿੱਟੀ ਨਾਲ ਬੰਨ੍ਹ ਨੂੰ ਮਜਬੂਤ ਕਰਨ ਦੀ ਸੇਵਾ ਅੱਧੇ ਦਹਾਕੇ ਪਹਿਲਾਂ ਪੂਰੀ ਕਰ ਚੁੱਕੇ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੀ ਮੰਗ 'ਤੇ ਪੁਲ ਬਣਾਉਣ ਤੋਂ ਪਹਿਲਾਂ ਸਰਕਾਰ ਪਾਸੋਂ ਮਨਜ਼ੂਰੀ ਲੈਣੀ ਅਤੇ ਵੇਈਂ ਦੇ ਰਸਤੇ ਦੀ ਨਿਸ਼ਾਨਦੇਹੀ ਜ਼ਰੂਰੀ ਸੀ, ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਸੰਗਤਾਂ ਵੱਲੋਂ ਪੁਲ ਦੀ ਸਥਾਪਨਾ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਪੁਲ ਚਾਲੂ ਹੋਣ ਦੇ ਨਾਲ ਹੀ ਕਿਸਾਨਾਂ ਨੂੰ ਖੇਤੀ ਕਰਨ ਲਈ ਵੇਈਂ ਦੇ ਆਰ-ਪਾਰ ਜ਼ਮੀਨਾਂ 'ਚ ਜਾਣਾ ਸੁਖਾਲਾ ਹੋ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਕਿ ਕਿਸਾਨਾਂ ਲਈ ਹਿਤਕਾਰੀ ਪੁਲ ਦੇ ਚਾਲੂ ਹੋਣ ਤੋਂ ਬਾਅਦ ਲਗਭਗ 10 ਕਿਲੋਮੀਟਰ ਪੈਂਡਾ ਘਟੇਗਾ।

ਕੀ ਕਹਿਣੈ ਡੀ. ਸੀ. ਦਾ
ਇਸ ਦੌਰਾਨ ਜਦੋਂ ਡੀ. ਸੀ. ਦੀਪਤੀ ਉੱਪਲ ਨੂੰ ਬੰਨ੍ਹ ਨੂੰ ਪਹੁੰਚਾਏ ਗਏ ਨੁਕਸਾਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸ. ਡੀ. ਐੱਮ. ਨਾਲ ਗੱਲ ਕੀਤੀ ਜਾਵੇ।

ਮਾਮਲਾ ਧਿਆਨ 'ਚ ਨਹੀਂ, ਜਲਦ ਕੀਤੀ ਜਵੇਗੀ ਬਣਦੀ ਕਾਰਵਾਈ : ਐੱਸ. ਡੀ. ਐੱਮ.
ਡੀ. ਸੀ. ਨਾਲ ਗੱਲ ਕਰਨ ਤੋਂ ਬਾਅਦ ਜਦੋਂ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਡਾਕਟਰ ਚਾਰੂਮਿਤਾ ਨਾਲ ਉਕਤ ਮਾਮਲੇ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News