ਜੇਸੀਟੀ ਮਿੱਲ ਟਰੇਡ ਯੂਨੀਅਨ ਕਾਂਗਰਸ ਦੇ ਐੱਸਪੀ ਫਗਵਾੜਾ ਨੂੰ ਸੌਂਪਿਆ ਮੰਗ ਪੱਤਰ
Saturday, Oct 12, 2024 - 05:24 AM (IST)
ਫਗਵਾੜਾ (ਜਲੋਟਾ) : ਜੇਸੀਟੀ ਮਿੱਲ ਟਰੇਡ ਯੂਨੀਅਨ ਕਾਂਗਰਸ ਦਾ ਇਕ ਵਫ਼ਦ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਕੁਮਾਰ ਦੀ ਅਗਵਾਈ ਹੇਠ ਐੱਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਿੱਲ ਵਿੱਚ ਕੰਮ ਕਰਦੇ ਮਜ਼ਦੂਰਾਂ ਨੇ ਐੱਸਪੀ ਫਗਵਾੜਾ ਨੂੰ ਦੱਸਿਆ ਕਿ ਜੇਸੀਟੀ ਕਾਟਨ ਟੈਕਸਟਾਈਲ ਮਿੱਲ ਫਗਵਾੜਾ ਵਿੱਚ ਕਰੀਬ 700-800 ਮਜ਼ਦੂਰ ਕੰਮ ਕਰਦੇ ਹਨ। ਜਿਨ੍ਹਾਂ ਨੂੰ ਮਿੱਲ ਮਾਲਕਾਂ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਅਤੇ ਓਵਰਟਾਈਮ ਦੀ ਕਰੀਬ ਇੱਕ ਸਾਲ ਦੀ ਰਾਸ਼ੀ ਨਹੀਂ ਦਿੱਤੀ ਗਈ। ਮਿੱਲ ਮਾਲਕ ਮਜ਼ਦੂਰਾਂ ਨੂੰ ਨਹੀਂ ਮਿਲਦੇ ਤੇ ਮਿੱਲ ਪ੍ਰਬੰਧਕਾਂ 'ਚ ਕੋਈ ਅਜਿਹਾ ਜ਼ਿੰਮੇਵਾਰ ਅਧਿਕਾਰੀ ਨਹੀਂ ਹੈ ਜੋ ਮਜ਼ਦੂਰਾਂ ਦਾ ਮਸਲਾ ਮਾਲਕਾਂ ਤੱਕ ਪਹੁੰਚਾ ਕੇ ਮਸਲਾ ਹੱਲ ਕਰਵਾ ਸਕੇ।
ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਲ ਮਾਲਕ ਮਿੱਲ ਦੀ ਮਸ਼ੀਨਰੀ ਨੂੰ ਚੋਰੀ-ਛਿਪੇ ਵੇਚਣ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਮਿੱਲ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾ ਸਕੇ। ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਸੈਂਕੜੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ ਅਤੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਸਹੀ ਕਮਾਈ ਵੀ ਨਹੀਂ ਮਿਲੇਗੀ। ਮਿੱਲ ਮਾਲਕ ਅਤੇ ਪ੍ਰਬੰਧਕ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰਕੇ ਸ਼ਰੇਆਮ ਗੁੰਡਾਗਰਦੀ ਕਰਨ 'ਤੇ ਤੁਲੇ ਹੋਏ ਹਨ, ਇਸ ਲਈ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਰੋਹ ਨੂੰ ਸਮਝਦਿਆਂ ਮਿੱਲ ਮਾਲਕਾਂ ਨੂੰ ਮਸ਼ੀਨਰੀ ਵੇਚਣ ਤੋਂ ਰੋਕਿਆ ਜਾਵੇ। ਜੇਕਰ ਅਜੇ ਵੀ ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਬਕਾਏ ਨਾ ਦੇ ਕੇ ਅਜਿਹਾ ਕੋਈ ਕਦਮ ਚੁੱਕਿਆ ਗਿਆ ਤਾਂ ਤਿੱਖਾ ਵਿਰੋਧ ਕੀਤਾ ਜਾਵੇਗਾ। ਜਿਸ ਕਾਰਨ ਅਮਨ-ਸ਼ਾਂਤੀ ਭੰਗ ਹੋਵੇਗੀ ਅਤੇ ਪੈਦਾ ਹੋਣ ਵਾਲੀ ਸਥਿਤੀ ਦੀ ਜਿੰਮੇਵਾਰੀ ਸਥਾਨਕ ਪ੍ਰਸ਼ਾਸਨ ਅਤੇ ਮਿੱਲ ਮਾਲਕਾਂ ਦੀ ਹੋਵੇਗੀ।
ਐੱਸਪੀ ਫਗਵਾੜਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰ ਕੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਇੰਟਕ ਯੂਨੀਅਨ ਨੇ ਜੇਸੀਟੀ ਮਿੱਲ ਮਾਲਕਾਂ ਸੁਨੀਲ ਥਾਪਰ, ਮੁਕੁਲਿਕਾ ਸਿਨਹਾ ਅਤੇ ਮੈਨੇਜਰ ਰਾਜਨ ਸ਼ਰਮਾ, ਸੰਨੀ ਜਲੋਟਾ ਨੂੰ ਸਖ਼ਤ ਚਿਤਾਵਨੀ ਵੀ ਦਿੱਤੀ ਕਿ ਉਹ ਮਜ਼ਦੂਰਾਂ ਦੇ ਬਕਾਏ ਅਦਾ ਕਰਨ ਤੋਂ ਪਹਿਲਾਂ ਮਿੱਲ ਦੀ ਮਸ਼ੀਨਰੀ ਵੇਚਣ ਦੀ ਕੋਸ਼ਿਸ਼ ਨਾ ਕਰਨ। ਇਸ ਮੌਕੇ ਇੰਟਕ ਫਗਵਾੜਾ ਦੇ ਉਪ ਪ੍ਰਧਾਨ ਮੋਹਿਤ ਸ਼ਰਮਾ, ਵਿਨੋਦ ਪਾਂਡੇ, ਸਕੱਤਰ ਸੁਜੀਤ ਕੁਮਾਰ ਆਦਿ ਹਾਜ਼ਰ ਸਨ।