ਸੈਰ-ਸਪਾਟਾ ਕੇਂਦਰ ਦੀ ਕਾਇਆ ਕਲਪ ਕਰਕੇ ਸੂਬੇ ਦੀ ਅਰਥ ਵਿਵਸਥਾ ਨੂੰ ਦੇਵਾਂਗੇ ਮਜ਼ਬੂਤੀ : ਸਿੱਧੂ

Saturday, Jun 16, 2018 - 03:29 PM (IST)

ਸੈਰ-ਸਪਾਟਾ ਕੇਂਦਰ ਦੀ ਕਾਇਆ ਕਲਪ ਕਰਕੇ ਸੂਬੇ ਦੀ ਅਰਥ ਵਿਵਸਥਾ ਨੂੰ ਦੇਵਾਂਗੇ ਮਜ਼ਬੂਤੀ : ਸਿੱਧੂ

ਕਰਤਾਰਪੁਰ (ਸਾਹਨੀ)— ਕਿਸੇ ਵੀ ਕੰਮ ਦੀ ਅਲਖ ਜਗਾਉਣ ਨਾਲ ਕੰਮ ਕਰਨ ਦੀ ਪਾਵਰ 5 ਗੁਣਾ ਵੱਧ ਜਾਂਦੀ ਹੈ ਅਤੇ ਜੇਕਰ ਕਿਸੇ ਦੀ ਕਾਬਲੀਅਤ ਨੂੰ ਆਂਕਣਾ ਹੋਵੇ ਤਾਂ ਇਹ ਦੇਖਣਾ ਪੈਂਦਾ ਹੈ ਕਿ ਉਹ ਕੰਮ ਖਤਮ ਕਿਸ ਤਰ੍ਹਾਂ ਹੋਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੁੱਕਰਵਾਰ ਕਰਤਾਰਪੁਰ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਪੁੱਜੇ ਸਥਾਨਕ ਸਰਕਾਰਾਂ ਅਤੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਉਨ੍ਹਾਂ ਨੇ ਯਾਦਗਾਰ ਅੰਦਰ ਬਣੇ ਵੱਖ-ਵੱਖ ਆਜ਼ਾਦੀ ਦੀਆਂ ਲਹਿਰਾਂ, ਲੜਾਈਆਂ ਅਤੇ ਸ਼ਹਾਦਤਾਂ ਦੀ ਜਾਣਕਾਰੀ ਵੀ ਲਈ ਅਤੇ ਅਖੀਰ 'ਚ ਲੇਜ਼ਰ ਸ਼ੋਅ ਵੀ ਦੇਖਿਆ। ਇਸ ਤੋਂ ਪਹਿਲਾਂ ਗੱਲਬਾਤ ਦੌਰਾਨ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੀ ਆਈਕਾਨ ਬਣ ਕੇ ਉਭਰ ਰਿਹਾ ਸੱਭਿਆਚਾਰਕ ਸੈਰ-ਸਪਾਟਾ ਵਿਭਾਗ ਇਸ ਨਵੇਂ ਪ੍ਰਾਜੈਕਟ 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਇਤਿਹਾਸਕ ਕਈ ਅਜਿਹੀਆਂ ਥਾਵਾਂ ਹੋਣਗੀਆਂ, ਜਿੱਥੇ ਲੋਕ ਆਪਣੇ ਵਿਆਹ ਸਮਾਗਮ ਵੀ ਕਰ ਸਕਣਗੇ, ਜਿਸ ਨਾਲ ਪੰਜਾਬ ਦੀ ਆਰਥਿਕਤਾ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ 'ਤੇ ਕੰਮ ਕਰਨਾ ਇਸ ਲਈ ਜ਼ਰੂਰੀ ਹੋਇਆ, ਕਿਉਂਕਿ ਕਰੀਬ 2 ਕਰੋੜ ਪੰਜਾਬੀ ਵਿਦੇਸ਼ਾਂ 'ਚ ਵਸੇ ਹੋਏ ਹਨ । ਸਾਡਾ ਮਕਸਦ ਵੱਧ ਤੋਂ ਵੱਧ ਸੈਲਾਨੀਆਂ ਨੂੰ ਪੰਜਾਬ ਨਾਲ ਜੋੜਣਾ ਹੈ ।
ਇਸ ਲਈ ਸੈਰ-ਸਪਾਟਾ ਵਿਭਾਗ ਅੰਮ੍ਰਿਤਸਰ ਸਰਕਲ 'ਚ ਤਿੰਨ ਦਿਨਾਂ ਦਾ ਪ੍ਰੋਗਰਾਮ ਤਿਆਰ ਕਰੇਗਾ। ਜੇਕਰ ਇਹ ਪ੍ਰੋਗਰਾਮ ਕਾਮਯਾਬ ਹੋ ਗਿਆ ਤਾਂ ਤੁਸੀ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਸੂਬੇ ਦੀ ਅਰਥ ਵਿਵਸਥਾ ਮਜ਼ਬੂਤ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਦੀ ਜੰਗ-ਏ-ਆਜ਼ਾਦੀ ਯਾਦਗਾਰ ਇਸ ਸਰਕਲ ਦਾ ਹਿੱਸਾ ਹੋਵੇਗਾ। ਉਨ੍ਹਾਂ ਹੋਰ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਸੈਲਾਨੀਆਂ ਲਈ ਸ਼ੁਰੂ ਹੋਏ ਇਸ ਜੰਗ-ਏ-ਆਜ਼ਾਦੀ ਯਾਦਗਾਰ ਦੀ ਆਮਦਨ 35 ਲੱਖ ਹੋਈ ਹੈ ਅਤੇ ਤੀਜਾ ਪੜਾਅ ਪੂਰਾ ਹੋਣ ਤੋਂ ਬਾਅਦ ਇਹ ਆਮਦਨ ਦੁੱਗਣੀ ਹੋਵੇਗੀ। 
ਇਸ ਦੌਰਾਨ ਪੱਤਰਕਾਰਾਂ ਵੱਲੋਂ ਕਾਰਪੋਰੇਸ਼ਨ 'ਚ ਉਨ੍ਹਾਂ ਦੇ ਐਕਸ਼ਨ ਦੀ ਸ਼ੁੱਕਰਵਾਰ ਹੋਈ ਸ਼ਹਿਰੀ ਖੇਤਰ ਵਿਚ ਪ੍ਰਤੀਕ੍ਰਿਆ ਦੇ ਸੰਬੰਧ ਵਿਚ ਸਵਾਲ ਪੁੱਛਿਆ ਗਿਆ। ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸੱਚੇ ਰਸਤੇ 'ਚ ਰੁਕਾਵਟਾਂ ਤਾਂ ਆਉਂਦੀਆਂ ਹੀ ਹਨ ਪਰ ਜਨਤਾ ਦਾ ਪੈਸਾ ਅਫਸਰਾਂ ਦੀਆਂ ਜੇਬਾਂ ਪਾੜ ਕੇ ਵੀ ਕੱਢਣਾ ਮੇਰੀ ਜ਼ਿੰਮੇਵਾਰੀ ਹੈ ਅਤੇ ਲੋਕ ਉਸ ਦੇ ਨਾਲ ਹਨ। ਬਾਕੀ ਸਾਥੀਆਂ ਦੀ ਨਾਰਾਜ਼ਗੀ ਉਹ ਖੁਦ ਦੂਰ ਕਰ ਲੈਣਗੇ।


Related News