ਪੁਲਸ ਵੱਲੋਂ ਜਲੋਵਾਲ ਕਲੋਨੀ ''ਚ ਛਾਪੇਮਾਰੀ, ਭਾਰੀ ਮਾਤਰਾ ''ਚ ਸ਼ਰਾਬ ਬਰਾਮਦ

10/13/2019 7:10:57 PM

ਭੋਗਪੁਰ,(ਸੂਰੀ) : ਪੁਲਸ ਸਬ ਡਵੀਜ਼ਨ ਆਦਮਪੁਰ ਦੇ ਏ. ਐਸ. ਪੀ. ਅੰਕੁਰ ਗੁਪਤਾ ਵੱਲੋਂ ਇਲਾਕੇ 'ਚ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਭੋਗਪੁਰ ਪੁਲਸ ਵੱਲੋਂ ਥਾਣਾ ਮੁੱਖੀ ਨਰੇਸ਼ ਜੋਸ਼ੀ ਤੇ ਪੁਲਸ ਚੌਂਕੀ ਪਚੰਰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਵੱਲੋਂ ਭਾਰੀ ਗਿਣਤੀ 'ਚ ਪੁਲਸ ਫੋਰਸ ਨਾਲ ਪਚਰੰਗਾ ਪੁਲਸ ਚੌਂਕੀ ਹੇਠ ਪੈਂਦੇ ਪਿੰਡ ਜਲੋਵਾਲ ਤੇ ਕਲੋਨੀ ਨੇੜਲੇ ਡੇਰਿਆਂ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਨ੍ਹਾਂ ਡੇਰਿਆਂ 'ਚ ਨਸ਼ਿਆਂ ਦੀ ਸ਼ਰੇਆਮ ਵਿੱਕਰੀ ਕੀਤੇ ਜਾਣ ਦੀਆਂ ਸ਼ਿਕਾਇਤਾਂ ਪਿਛਲੇ ਲੰਮੇ ਸਮੇਂ ਤੋਂ ਮਿਲ ਰਹੀਆਂ ਸਨ। ਡੇਰਿਆਂ ਦੇ ਕਈ ਲੋਕਾਂ ਖਿਲਾਫ ਨਸ਼ਿਆਂ ਤੇ ਨਜ਼ਾਇਜ਼ ਸ਼ਰਾਬ ਦੀ ਤਸਕਰੀ ਦੇ ਕਈ ਮਾਮਲੇ ਦਰਜ਼ ਹਨ। ਪੁਲਸ ਵੱਲੋਂ ਹਰ ਡੇਰੇ ਦੇ ਬਾਹਰ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਸ ਵੱਲੋਂ ਹਰ ਘਰ ਦੀ ਬਰੀਕੀ ਨਾਲ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਪੁਲਸ ਨੂੰ ਇਕ ਘਰ 'ਚੋਂ ਘਰ ਦੀ ਕੱਢੀ 90 ਲੀਟਰ ਲਾਹਣ ਤੇ ਦੋ ਡਰੰਮ, ਇਕ ਘਰ ਵਿਚੋਂ 22 ਬੋਤਲਾਂ ਸ਼ਰਾਬ, ਇਕ ਘਰ 'ਚੋਂ 26 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਮੌਕੇ ਇਕੱਠੇ ਹੋਏ ਡੇਰਿਆਂ ਦੇ ਲੋਕਾਂ ਨੂੰ ਜਾਗਰੂਕ ਕਰਦਿਆਂ ਥਾਣਾ ਮੁਖੀ ਨਰੇਸ਼ ਜੋਸ਼ੀ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕ ਸਮਾਜ ਦੇ ਦੁਸ਼ਮਣ ਤੇ ਕਾਨੂੰਨ ਦੇ ਮੁਲਜ਼ਮ ਹਨ। ਉਨ੍ਹਾਂ ਕਿਹਾ ਕਿ ਜੇਕਰ ਕਈ ਔਰਤ ਜਾਂ ਆਦਮੀ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਇਸ ਕਾਰੋਬਾਰ ਨੂੰ ਤੁਰੰਤ ਬੰਦ ਕਰ ਦੇਵੇ। ਜੇਕਰ ਕੋਈ ਨਾਗਰਿਕ ਪੁਲਸ ਨੂੰ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਉਹ ਬਿਨਾਂ ਕਿਸੇ ਡਰ ਦੇ ਗੁਪਤ ਤੌਰ 'ਤੇ ਪੁਲਸ ਨੂੰ ਉਹ ਜਾਣਕਾਰੀ ਦੇ ਸਕਦਾ ਹੈ। ਇਤਲਾਹ ਦੇਣ ਵਾਲੇ ਦਾ ਨਾਮ ਪੁਲਸ ਵੱਲੋਂ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਦੀਆਂ ਜਾਣਕਾਰੀਆਂ ਲਗਾਤਾਰ ਪੁਲਸ ਨੂੰ ਮਿਲ ਰਹੀਆਂ ਹਨ। ਜੋ ਵੀ ਨਸ਼ਾ ਤਸਕਰ ਪੁਲਸ ਵੱਲੋਂ ਕਾਬੂ ਕੀਤਾ ਗਿਆ, ਉਸ ਨੂੰ ਕਿਸੇ ਸੂਰਤ 'ਚ ਵੀ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਪਿੰਡਾਂ ਦੇ ਪੰਚਾਂ, ਸਰਪੰਚਾਂ ਤੇ ਮੋਹਤਬਾਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਨਸ਼ਾ ਤਸਕਰ ਦੀ ਸਿਫਾਰਸ਼ ਨਾ ਕਰਨ।

PunjabKesari

ਪੁਲਸ ਤਲਾਸ਼ੀ ਲੈਂਦੀ ਰਹੀ ਤੇ ਨਸ਼ਈ ਪੁਲਸ ਦੀਆਂ ਗੱਡੀਆਂ ਦੇਖ ਕੇ ਵਾਪਸ ਪਰਤਦੇ ਰਹੇ
ਭੋਗਪੁਰ ਪੁਲਸ ਵੱਲੋਂ ਜਦੋਂ ਪਿੰਡ ਜਲੋਵਾਲ ਕਲੋਨੀ ਪਿੰਡਾਂ ਨੇੜਲੇ ਡੇਰਿਆਂ ਤੇ ਤਲਾਸ਼ੀ ਲਈ ਜਾ ਰਹੀ ਸੀ ਤਾਂ ਇਨਾਂ ਡੇਰਿਆਂ ਤੋਂ ਨਸ਼ਾ ਖਰੀਦਣ ਆਏ ਨਸ਼ਈ ਪੁਲਸ ਦੀਆਂ ਗੱਡੀਆਂ ਦੇਖ ਕੇ ਵਾਪਸ ਦੋੜਦੇ ਨਜ਼ਰ ਆਏ। ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ਸਥਿਤ ਗੜੀ ਬਖਸ਼ਾ ਚੌਂਕ ਨੇੜਲੇ ਰੇਲਵੇ ਫਾਟਕ ਤੋਂ ਪਿੰਡ ਜਲੋਵਾਲ ਵੱਲ ਜਾਂਦੇ ਰਸਤੇ 'ਤੇ ਨਸ਼ਿਆਂ ਦੀ ਵਿੱਕਰੀ ਦੀਆਂ ਪੁਲਸ ਦੇ ਖੁਫੀਆ ਵਿਭਾਗ ਦੀਆਂ ਕਈ ਰਿਪੋਰਟਾਂ ਉਚ ਪੁਲਸ ਅਧਿਕਾਰੀਆਂ ਨੂੰ ਮਿਲ ਰਹੀਆਂ ਹਨ। ਪੁਲਸ ਵੱਲੋਂ ਇਸ ਇਲਾਕੇ 'ਚੋਂ ਨਸ਼ਾ ਖਤਮ ਕਰਨ ਲਈ ਪੂਰੀ ਤਰਾਂ ਕਮਰ ਕੱਸੀ ਹੋਈ ਹੈ।

ਪੁਲਸ ਵੱਲੋਂ ਤਿੰਨ ਮਾਮਲੇ ਦਰਜ਼, ਦੋਸ਼ੀ ਪੁਲਸ ਵੱਲੋਂ ਗ੍ਰਿਫਤਾਰ
ਪੁਲਸ ਵੱਲੋਂ ਪਿੰਡ ਜਲੋਵਾਲ ਕਲੋਨੀ ਪਿੰਡਾਂ ਨੇੜਲੇ ਡੇਰਿਆਂ 'ਤੇ ਚਲਾਏ ਗਏ ਤਲਾਸ਼ੀ ਅਭਿਆਨ ਤੋਂ ਬਾਅਦ ਤਿੰਨ ਆਦਮੀਆਂ ਨੂੰ ਸ਼ਰਾਬ ਸਮੇਤ ਕਾਬੂ ਕਰਕੇ ਦੋਸ਼ੀਆਂ ਖਿਲਾਫ ਵੱਖ-ਵੱਖ ਮਾਮਲੇ ਦਰਜ਼ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੌਂਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਤਲਾਸ਼ੀ ਦੌਰਾਨ ਸ਼ਰਾਬ ਸਮੇਤ ਕਾਬੂ ਕੀਤੇ ਗਏ ਦੋਸ਼ੀਆਂ ਖਿਲਾਫ ਥਾਣਾ ਭੋਗਪੁਰ 'ਚ ਮਾਮਲੇ ਦਰਜ਼ ਕੀਤੇ ਗਏ ਹਨ। ਹਰਭਜਨ ਉਰਫ ਭਜੀ ਪੁੱਤਰ ਨਸੀਬ ਚੰਦ ਪਾਸੋਂ 90 ਲੀਟਰ ਲਾਹਣ ਬਰਾਮਦ ਕਰਕੇ ਉਸ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਨਛੱਤਰ ਸਿੰਘ ਪੁੱਤਰ ਕਰਨੈਲ ਸਿੰਘ ਪਾਸੋਂ 22 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਲਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਪਾਸੋਂ 26 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਉਸ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।
 


Related News