ਟ੍ਰੈਫਿਕ ਥਾਣੇ ''ਚ ਕੁਲ ਨਫਰੀ 185, ਪ੍ਰਮੋਸ਼ਨ ਤੋਂ ਬਾਅਦ ਬਣੇ 85 ਏ. ਐੱਸ. ਆਈ.

03/02/2020 12:39:34 PM

ਜਲੰਧਰ (ਵਰੁਣ)— ਜਲੰਧਰ ਟ੍ਰੈਫਿਕ ਪੁਲਸ ਦੇ ਇਤਿਹਾਸ 'ਚ ਕੁਲ ਨਫਰੀ ਤੋਂ ਅੱਧੀ ਨਫਰੀ ਏ. ਐੱਸ. ਆਈ. ਰੈਂਕ ਦੇ ਪੁਲਸ ਕਰਮਚਾਰੀਆਂ ਦੀ ਬਣ ਗਈ ਹੈ। ਹਾਲ ਹੀ 'ਚ ਹੌਲਦਾਰ ਤੋਂ ਏ. ਐੱਸ. ਆਈ. ਪ੍ਰਮੋਟ ਹੋਏ 36 ਮੁਲਾਜ਼ਮਾਂ ਤੋਂ ਬਾਅਦ ਟ੍ਰੈਫਿਕ ਥਾਣੇ 'ਚ ਕੁਲ 85 ਏ. ਐੱਸ. ਆਈ. ਬਣ ਗਏ ਹਨ, ਜਦਕਿ ਟ੍ਰੈਫਿਕ ਥਾਣੇ ਦੀ ਕੁਲ ਨਫਰੀ 185 ਹੈ।

ਜਲੰਧਰ ਹੀ ਨਹੀਂ ਸਗੋਂ ਪ੍ਰਮੋਸ਼ਨ ਤੋਂ ਬਾਅਦ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਦੇ ਟ੍ਰੈਫਿਕ ਥਾਣਿਆਂ 'ਚ ਏ. ਐੱਸ. ਆਈ. ਰੈਂਕ ਦੇ ਮੁਲਾਜ਼ਮਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਹਾਲ 'ਚ ਹੀ ਹੋਈ ਪ੍ਰਮੋਸ਼ਨ ਤੋਂ ਬਾਅਦ ਜਲੰਧਰ ਟ੍ਰੈਫਿਕ ਪੁਲਸ 'ਚ ਤਾਇਨਾਤ 36 ਹੌਲਦਾਰਾਂ ਨੂੰ ਏ. ਐੱਸ. ਆਈ. ਪ੍ਰਮੋਟ ਕੀਤਾ ਗਿਆ ਹੈ, ਜਦਕਿ 2 ਏ. ਐੱਸ. ਆਈਜ਼ ਨੂੰ ਸਬ-ਇੰਸਪੈਕਟਰ ਪ੍ਰਮੋਟ ਕੀਤਾ ਗਿਆ ਹੈ। ਪ੍ਰਮੋਸ਼ਨ ਤੋਂ ਬਾਅਦ ਟ੍ਰੈਫਿਕ ਥਾਣੇ 'ਚ ਹੁਣ ਕੁਲ 85 ਥਾਣੇਦਾਰ (ਏ. ਐੱਸ. ਆਈ.), 7 ਸਬ-ਇੰਸਪੈਕਟਰ ਅਤੇ 5 ਇੰਸਪੈਕਟਰ ਹਨ।

ਹੌਲਦਾਰਾਂ ਦੀ ਗੱਲ ਕਰੀਏ ਤਾਂ ਹੁਣ ਥਾਣੇ 'ਚ ਸਿਰਫ 17 ਹੌਲਦਾਰ ਹਨ, ਜਦਕਿ 7 ਮਹਿਲਾ ਪੁਲਸ ਕਰਮਚਾਰੀ ਹਨ। 17 ਹੌਲਦਾਰ ਉਹ ਹਨ, ਜਿਨ੍ਹਾਂ ਨੂੰ ਡਿਊਟੀ ਦਿੰਦੇ ਹੋਏ 24 ਸਾਲ ਨਹੀਂ ਹੋਏ। ਇਨ੍ਹਾਂ ਦੇ 24 ਸਾਲ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਏ. ਐੱਸ. ਆਈ. ਨਿਯੁਕਤ ਕਰ ਦਿੱਤਾ ਜਾਵੇਗਾ। ਟ੍ਰੈਫਿਕ ਥਾਣੇ 'ਚ 27 ਹੋਮਗਾਰਡ ਦੇ ਜਵਾਨ ਵੀ ਤਾਇਨਾਤ ਹਨ।

PunjabKesari

ਸੈਲਰੀ-ਡਿਊਟੀ ਓਹੀ ਰਹੇਗੀ, ਸਿਰਫ ਰੈਂਕ ਵਧਿਆ
ਹੌਲਦਾਰ ਤੋਂ ਏ. ਐੱਸ. ਆਈ. ਪ੍ਰਮੋਟ ਹੋਏ ਮੁਲਾਜ਼ਮਾਂ ਦਾ ਸਿਰਫ ਰੈਂਕ ਹੀ ਵਧਿਆ ਹੈ, ਜਦਕਿ ਡਿਊਟੀ ਅਤੇ ਸੈਲਰੀ ਪਹਿਲਾਂ ਦੀ ਤਰ੍ਹਾਂ ਹੀ ਰਹੇਗੀ। ਹਾਲਾਂਕਿ ਹੁਣ ਚੌਰਾਹਿਆਂ 'ਤੇ ਵਨ ਸਟਾਰ ਵਰਦੀ ਵਾਲੇ ਜ਼ਿਆਦਾ ਦਿਖਾਈ ਦੇਣਗੇ ਕਿਉਂਕਿ 85 ਏ. ਐੱਸ. ਆਈਜ਼ 'ਚੋਂ ਜ਼ਿਆਦਾਤਾਰ ਏ. ਐੱਸ. ਆਈ. ਫੀਲਡ 'ਚ ਰਹਿਣਗੇ। ਸੂਤਰਾਂ ਦੀ ਮੰਨੀਏ ਤਾਂ 24 ਸਾਲ ਦੀ ਡਿਊਟੀ ਹੋਣ 'ਤੇ ਸਰਕਾਰ ਖੁਦ ਹੀ ਹੌਲਦਾਰ ਨੂੰ ਏ. ਐੱਸ. ਆਈ. ਪ੍ਰਮੋਟ ਕਰੇਗੀ।

ਨਾਕਿਆਂ 'ਤੇ ਜ਼ਿਆਦਾ ਐੱਨ. ਜੀ. ਓ. (ਏ. ਐੱਸ. ਆਈ.) ਤਾਇਨਾਤ ਹੋਣ 'ਤੇ ਲੋਕਾਂ 'ਚ ਪ੍ਰਭਾਵ ਪਵੇਗਾ। ਵਨ ਸਟਾਰ ਵਰਦੀ 'ਚ ਖੜ੍ਹੇ ਮੁਲਾਜ਼ਮ ਨੂੰ ਦੇਖ ਕੇ ਲੋਕ ਟ੍ਰੈਫਿਕ ਨਿਯਮਾਂ ਨੂੰ ਤੋੜਣ 'ਚ ਡਰ ਮਹਿਸੂਸ ਕਰਨਗੇ। ਹਾਲਾਂਕਿ ਕੁਝ ਲੋਕ ਹੌਲਦਾਰ ਨੂੰ ਦੇਖ ਕੇ ਉਨ੍ਹਾਂ ਨੂੰ ਚਕਮਾ ਦੇ ਕੇ ਨਾਕੇ ਤੋਂ ਭੱਜ ਜਾਂਦੇ ਸਨ ਪਰ ਇਸ 'ਚ ਹੁਣ ਕਮੀ ਆਵੇਗੀ। ਟ੍ਰੈਫਿਕ ਥਾਣਿਆਂ 'ਚ 85 ਏ. ਐੱਸ. ਆਈਜ਼ ਹੋਣ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਪ੍ਰਭਾਵਿਤ ਨਹੀਂ ਹੋਵੇਗਾ ਪਰ ਇਸ ਦਾ ਫਾਇਦਾ ਜ਼ਰੂਰ ਮਿਲੇਗਾ।-ਗਗਨੇਸ਼ ਕੁਮਾਰ ਸ਼ਰਮਾ, ਏ. ਡੀ. ਸੀ. ਪੀ.


shivani attri

Content Editor

Related News