ਸਟਰੀਟ ਲਾਈਟ ਮੇਨਟੀਨੈਂਸ ਦੇ ਟੈਂਡਰਾਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ

03/14/2020 3:29:54 PM

ਜਲੰਧਰ (ਖੁਰਾਣਾ)— ਸ਼ਹਿਰ ਦੀਆਂ 65 ਹਜ਼ਾਰ ਦੇ ਕਰੀਬ ਸਟਰੀਟ ਲਾਈਟਾਂ ਨੂੰ ਮੇਨਟੇਨ ਕਰਨ ਦੇ ਬਦਲੇ ਜਲੰਧਰ ਨਗਰ ਨਿਗਮ ਹਰ ਸਾਲ ਪ੍ਰਾਈਵੇਟ ਠੇਕੇਦਾਰਾਂ ਨੂੰ 4 ਕਰੋੜ ਰੁਪਏ ਦਾ ਭੁਗਤਾਨ ਕਰਦਾ ਹੈ। ਇਸ ਵਾਰ ਮੇਨਟੀਨੈਂਸ ਲਈ ਲਗਾਏ ਗਏ ਟੈਂਡਰਾਂ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ, ਜਿੱਥੇ ਟੈਂਡਰ ਭਰਨ ਵਾਲੇ ਇਕ ਠੇਕੇਦਾਰ ਗੁਰਮ ਇਲੈਕਟ੍ਰੀਕਲ ਨੇ ਸਿਵਲ ਰਿੱਟ ਪਟੀਸ਼ਨ ਨੰਬਰ 6694/2020 ਦਾਖਲ ਕਰ ਦਿੱਤੀ ਹੈ। ਮਾਣਯੋਗ ਅਦਾਲਤ ਨੇ ਪਟੀਸ਼ਨ ਮਨਜ਼ੂਰ ਕਰ ਲਈ ਹੈ ਅਤੇ ਇਸ 'ਤੇ ਸ਼ਾਇਦ ਸੋਮਵਾਰ ਨੂੰ ਸੁਣਵਾਈ ਹੋ ਸਕਦੀ ਹੈ।

ਇਸ ਪਟੀਸ਼ਨ 'ਚ ਮਾਲੇਰਕੋਟਲਾ (ਸੰਗਰੂਰ) ਨਾਲ ਸਬੰਧਤ ਠੇਕੇਦਾਰ ਨਾਲ ਸਟਰੀਟ ਲਾਈਟ ਮੇਨਟੀਨੈਂਸ ਦੀ ਪੂਰੀ ਪ੍ਰਕਿਰਿਆ 'ਤੇ ਸਵਾਲ ਉਠਾਏ ਗਏ ਹਨ। ਪਟੀਸ਼ਨ ਵਿਚ ਦੱਸਿਆ ਗਿਆ ਹੈ ਕਿ ਨਗਰ ਨਿਗਮ ਨੇ ਸਟਰੀਟ ਲਾਈਟ ਮੇਨਟੀਨੈਂਸ ਦੇ 4 ਕਰੋੜ ਦੇ ਟੈਂਡਰ ਜਦੋਂ ਚੌਥੀ ਵਾਰ ਲਗਾਏ ਤਾਂ ਉਸ ਨੇ ਇਕ ਜ਼ੋਨ ਲਈ 48.90 ਫੀਸਦੀ ਲੈੱਸ ਆਫਰ ਕੀਤਾ। ਕਿਉਂਕਿ ਉਨ੍ਹਾਂ ਟੈਂਡਰਾਂ ਵਿਚ ਸਟਾਰ ਰੇਟ ਲਗਾਏ ਜਾਣ ਦੀ ਸ਼ਰਤ ਪਹਿਲਾਂ ਤੋਂ ਤੈਅ ਸੀ, ਇਸ ਲਈ ਸਬੰਧਤ ਨਿਗਮ ਅਧਿਕਾਰੀਆਂ ਦਾ ਫਰਜ਼ ਬਣਦਾ ਸੀ ਕਿ ਉਹ ਸਾਰੇ ਠੇਕੇਦਾਰਾਂ ਨੂੰ ਸਟਾਰ ਰੇਟ ਮੁਤਾਬਕ ਸਭ ਤੋਂ ਵੱਧ ਭਾਵ 48.90 ਫੀਸਦੀ ਡਿਸਕਾਊਂਟ 'ਤੇ ਵਰਕ ਆਰਡਰ ਅਲਾਟ ਕਰਦੇ ਪਰ ਨਗਰ ਨਿਗਮ ਦੀ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਨੇ ਨਿਯਮਾਂ ਦੇ ਉਲਟ ਜਾਂਦਿਆਂ ਇਸ ਟੈਂਡਰ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੇ 2 ਠੇਕੇਦਾਰਾਂ ਦੇ 6 ਜ਼ੋਨ ਦੇ ਟੈਂਡਰ ਰੱਦ ਕਰ ਦਿੱਤੇ। ਐੱਫ. ਐਂਡ ਸੀ. ਸੀ. ਦਾ ਇਹ ਕਦਮ ਨਿਯਮਾਂ ਤੋਂ ਉਲਟ ਸੀ ਅਤੇ ਉਸ ਨਾਲ ਨਿਗਮ ਨੂੰ ਕਾਫੀ ਆਰਥਿਕ ਹਾਨੀ ਹੋਈ। ਬਾਅਦ ਵਿਚ ਐੱਫ. ਐਂਡ ਸੀ. ਸੀ. ਦੀ ਸਿਫਾਰਸ਼ 'ਤੇ ਸਿਰਫ ਇਕ ਠੇਕੇਦਾਰ ਨੂੰ 48.90 ਫੀਸਦੀ ਲੈੱਸ 'ਤੇ ਕੰਮ ਅਲਾਟ ਕਰ ਦਿੱਤਾ ਗਿਆ।

PunjabKesari

5ਵੀਂ ਵਾਰ ਲਗਾਏ ਟੈਂਡਰ ਨਿਗਮ ਨੇ ਖੋਲ੍ਹੇ
ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਮੇਨਟੇਨ ਕਰਨ ਲਈ ਲਗਾਏ ਗਏ 7 ਜ਼ੋਨ ਦੇ ਟੈਂਡਰਾਂ 'ਚੋਂ ਨਿਗਮ ਅਧਿਕਾਰੀਆਂ ਨੇ ਐੱਫ. ਐਂਡ ਸੀ. ਸੀ. ਦੀ ਸਿਫਾਰਸ਼ 'ਤੇ ਸਿਰਫ 1 ਜ਼ੋਨ ਦੇ ਟੈਂਡਰ ਦਾ ਵਰਕ ਆਰਡਰ ਅਲਾਟ ਕਰ ਦਿੱਤਾ ਸੀ ਅਤੇ ਬਾਕੀ 6 ਜ਼ੋਨਾਂ ਦੇ ਟੈਂਡਰ ਦੁਬਾਰਾ ਭਾਵ 5ਵੀਂ ਵਾਰ ਲਗਾਏ ਗਏ ਜਿਨ੍ਹਾਂ ਨੂੰ ਸ਼ੁੱਕਰਵਾਰਖੋਲ੍ਹਿਆ ਗਿਆ। ਨਿਗਮ ਸੂਤਰਾਂ ਮੁਤਾਬਕ ਜ਼ੋਨ ਨੰਬਰ 1 ਅਤੇ 5 ਲਈ 2-2, ਜਦੋਂਕਿ ਬਾਕੀ 4 ਜ਼ੋਨਾਂ ਲਈ 1-1 ਟੈਂਡਰ ਨਿਗਮ ਨੂੰ ਮਿਲਿਆ ਹੈ।

ਠੇਕੇਦਾਰ ਨੇ ਅਦਾਲਤੀ ਹਵਾਲਾ ਦੇ ਕੇ ਪੱਤਰ ਸੌਂਪਿਆ
ਨਿਗਮ ਵੱਲੋਂ ਸਟਰੀਟ ਲਾਈਟਾਂ ਦੀ ਮੇਨਟੀਨੈਂਸ ਦੇ 6 ਜ਼ੋਨ ਦੇ ਟੈਂਡਰਾਂ ਨੂੰ ਸ਼ੁੱਕਰਵਾਰ ਦੋਬਾਰਾ ਖੋਲ੍ਹੇ ਜਾਣ ਤੋਂ ਪਹਿਲਾਂ ਜ਼ੋਨ ਨੰਬਰ 7 ਦਾ ਕੰਟਰੈਕਟ ਲੈਣ ਵਾਲੇ ਠੇਕੇਦਾਰ ਗੁਰਮ ਇਲੈਕਟ੍ਰੀਕਲ ਨੇ ਨਿਗਮ ਪ੍ਰਸ਼ਾਸਨ ਨੂੰ ਇਕ ਪੱਤਰ ਸੌਂਪਿਆ, ਜਿਸ ਵਿਚ ਦੱਸਿਆ ਗਿਆ ਕਿ ਇਨ੍ਹਾਂ ਟੈਂਡਰਾਂ ਨੂੰ ਰੱਦ ਕਰਨ ਬਾਰੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਨੰਬਰ 6694/2020 ਦਾਖਲ ਕੀਤੀ ਗਈ ਹੈ। ਇਸ ਲਈ ਜਦੋਂ ਤੱਕ ਹਾਈ ਕੋਰਟ ਦਾ ਫੈਸਲਾ ਨਹੀਂ ਆਉਂਦਾ, ਤਦ ਤੱਕ 13 ਮਾਰਚ ਨੂੰ ਖੋਲ੍ਹੇ ਜਾਣ ਵਾਲੇ ਟੈਂਡਰਾਂ ਨੂੰ ਮੁਲਤਵੀ ਕੀਤਾ ਜਾਵੇ। ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਐੱਸ. ਈ. ਨੇ ਠੇਕੇਦਾਰ ਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ
ਨਗਰ ਨਿਗਮ ਦੀ ਸਟਰੀਟ ਲਾਈਟ ਸ਼ਾਖਾ ਦੇ ਐੱਸ. ਈ. ਸਤਿੰਦਰ ਮਹਾਜਨ ਨੇ ਸਟਰੀਟ ਲਾਈਟ ਮੇਨਟੀਨੈਂਸ ਦੇ ਟੈਂਡਰਾਂ ਸਬੰਧੀ ਠੇਕੇਦਾਰ ਗੁਰਮ ਇਲੈਕਟ੍ਰੀਕਲ ਦਾ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਫਿਲਹਾਲ ਨਿਗਮ ਨੂੰ ਕੋਈ ਅਦਾਲਤੀ ਹੁਕਮ ਨਹੀਂ ਮਿਲੇ। ਸਿਰਫ ਠੇਕੇਦਾਰ ਨੇ ਆਪਣੇ ਲੈਟਰ ਪੈਡ 'ਤੇ ਲਿਖ ਕੇ ਦਿੱਤਾ ਹੈ ਕਿ ਜਦੋਂ ਤੱਕ ਅਦਾਲਤੀ ਹੁਕਮ ਨਹੀਂ ਆਉਂਦੇ ਤਦ ਤੱਕ ਨਿਗਮ ਸਿਰਫ ਠੇਕੇਦਾਰ ਦੇ ਕਹਿਣ 'ਤੇ ਅਗਲੀ ਟੈਂਡਰ ਪ੍ਰਕਿਰਿਆ ਨੂੰ ਕਿਵੇਂ ਰੋਕ ਸਕਦਾ ਹੈ।

ਬੰਦ ਸਟਰੀਟ ਲਾਈਟਾਂ ਨੂੰ ਲੈ ਕੇ ਕਾਂਗਰਸੀ ਕੌਂਸਲਰ ਜੱਸਲ ਦਾ ਧਰਨਾ ਸੋਮਵਾਰ ਨੂੰ
ਜਿਵੇਂ-ਜਿਵੇਂ ਨਗਰ ਨਿਗਮ ਅਤੇ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸੱਤਾਧਾਰੀ ਧਿਰ ਭਾਵ ਕਾਂਗਰਸ ਦੀ ਅੰਦਰੂਨੀ ਸਿਆਸਤ ਭਖਦੀ ਜਾ ਰਹੀ ਹੈ। ਕਾਂਗਰਸ ਦੇ ਹੀ ਕੌਂਸਲਰ ਦੇਸ ਰਾਜ ਜੱਸਲ ਜੋ ਪਾਰਟੀ ਵਿਚ ਕਾਫੀ ਸੀਨੀਅਰ ਹੋਣ ਦੇ ਬਾਵਜੂਦ ਇਨ੍ਹੀਂ ਦਿਨੀਂ ਇਗਨੋਰ ਕੀਤੇ ਜਾ ਰਹੇ ਹਨ, ਨੇ ਸ਼ਹਿਰ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਲੈ ਕੇ ਨਗਰ ਨਿਗਮ ਵਿਚ ਸੋਮਵਾਰ 16 ਮਾਰਚ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕੌਂਸਲਰ ਜੱਸਲ ਨੇ ਦੱਸਿਆ ਕਿ ਸਟਰੀਟ ਲਾਈਟ ਮੇਨਟੀਨੈਂਸ ਦਾ ਠੇਕਾ 31 ਜਨਵਰੀ ਨੂੰ ਖਤਮ ਹੋ ਚੁੱਕਾ ਹੈ ਪਰ ਮੇਅਰ ਅਜੇ ਤੱਕ ਉਸਦੇ ਵਾਰ-ਵਾਰ ਟੈਂਡਰ ਹੀ ਲਗਾ ਰਹੇ ਹਨ। ਸ਼ਹਿਰ ਦੀਆਂ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹਨ, ਜਿਨ੍ਹਾਂ ਦੀ ਮੇਅਰ ਨੂੰ ਕੋਈ ਚਿੰਤਾ ਨਹੀਂ। ਇਸ ਲਈ ਸੋਮਵਾਰ ਨੂੰ ਵਾਰਡ ਵਾਸੀਆਂ ਨਾਲ ਉਹ ਨਿਗਮ ਕੰਪਲੈਕਸ ਆ ਕੇ ਮੇਅਰ ਆਫਿਸ ਸਾਹਮਣੇ ਧਰਨਾ ਲਾਉਣਗੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਬਾਕੀ ਕੌਂਸਲਰ ਵੀ ਸਟਰੀਟ ਲਾਈਟਾਂ ਦੀ ਸਥਿਤੀ ਤੋਂ ਕਾਫੀ ਪ੍ਰੇਸ਼ਾਨ ਹਨ। ਇਸ ਲਈ ਜੇਕਰ ਕੋਈ ਕੌਂਸਲਰ ਉਨ੍ਹਾਂ ਦੇ ਧਰਨੇ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਸਦਾ ਸਵਾਗਤ ਹੈ।

ਨਵੀਆਂ ਐੱਲ. ਈ. ਡੀ. ਕੀ ਲੱਗਣੀਆਂ ਸਨ, ਪੁਰਾਣੀਆਂ ਸਟਰੀਟ ਲਾਈਟਾਂ ਵੀ ਨਹੀਂ ਜਗਦੀਆਂ
ਸ਼ਹਿਰ ਦੀਆਂ ਬੰਦ ਪਈਆਂ ਸਟਰੀਟ ਲਾਈਟਾਂ ਦੇ ਮਾਮਲੇ ਵਿਚ ਵਿਰੋਧੀ ਿਧਰ ਦੇ ਕੌਂਸਲਰ ਸੁਸ਼ੀਲ ਸ਼ਰਮਾ ਅਤੇ ਬਲਜੀਤ ਪ੍ਰਿੰਸ ਨੇ ਮੇਅਰ ਜਗਦੀਸ਼ ਰਾਜਾ ਨੂੰ ਘੇਰਦਿਆਂ ਕਿਹਾ ਕਿ ਕਾਂਗਰਸੀ ਆਗੂ ਵਾਰ-ਵਾਰ ਲੋਕਾਂ ਨੂੰ ਸ਼ਹਿਰ ਵਿਚ ਨਵੀਆਂ ਐੱਲ. ਈ. ਡੀ. ਲਾਈਟਾਂ ਲਾਉਣ ਬਾਰੇ ਗੁੰਮਰਾਹ ਕਰ ਰਹੇ ਹਨ ਪਰ ਮੇਅਰ ਅਤੇ ਹੋਰਨਾਂ ਕੋਲੋਂ ਪੁਰਾਣੀਆਂ ਸਟਰੀਟ ਲਾਈਟਾਂ ਤਾਂ ਜਗ ਨਹੀਂ ਰਹੀਆਂ। ਇਨ੍ਹਾਂ ਨੂੰ ਮੇਨਟੇਨ ਕਰਨ ਦਾ ਠੇਕਾ 31 ਜਨਵਰੀ ਨੂੰ ਖਤਮ ਹੋ ਚੁੱਕਾ ਹੈ ਅਤੇ ਸ਼ਹਿਰ 'ਚ 'ਹਨੇਰ ਨਗਰੀ ਚੌਪਟ ਰਾਜਾ' ਵਾਲੀ ਮਿਸਾਲ ਸੱਚ ਸਾਬਿਤ ਹੋ ਰਹੀ ਹੈ। ਨਿਗਮ ਚਾਹੁੰਦਾ ਤਾਂ ਆਪਣੇ ਦਮ 'ਤੇ ਸਾਰੇ 80 ਵਾਰਡਾਂ ਵਿਚ ਸਟਰੀਟ ਲਾਈਟਾਂ ਨੂੰ ਮੇਨਟੇਨ ਕਰ ਸਕਦਾ ਪਰ ਇਸ ਕੰਮ ਵਿਚ ਵੀ ਨਿਗਮ ਅਸਫਲ ਰਿਹਾ। ਉਨ੍ਹਾਂ ਕਿਹਾ ਕਿ ਨਿਗਮ ਸਾਰੇ ਖੇਤਰਾਂ ਵਿਚ ਅਸਫਲ ਸਾਬਿਤ ਹੋ ਰਿਹਾ ਹੈ।


shivani attri

Content Editor

Related News