ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਨੂੰ ‘ਲਾਲੇ ਦੀ ਦੁਕਾਨ’ ਵਾਂਗ ਚਲਾਇਆ, ਹੁਣ ਲੱਗੇਗਾ ਤਾਲਾ

Sunday, Aug 28, 2022 - 02:00 PM (IST)

ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਨੂੰ ‘ਲਾਲੇ ਦੀ ਦੁਕਾਨ’ ਵਾਂਗ ਚਲਾਇਆ, ਹੁਣ ਲੱਗੇਗਾ ਤਾਲਾ

ਜਲੰਧਰ (ਖੁਰਾਣਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੋਂ ਲਗਭਗ 5 ਸਾਲ ਪਹਿਲਾਂ ਜਦੋਂ ਦੇਸ਼ ਦੇ 100 ਸ਼ਹਿਰਾਂ ਨੂੰ ਅਤਿ-ਆਧੁਨਿਕ ਬਣਾਉਣ ਲਈ ਸਮਾਰਟ ਸਿਟੀ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਉਦੋਂ ਉਨ੍ਹਾਂ ਇਸ ਮਿਸ਼ਨ ਨੂੰ ਪਹਿਲਾਂ ਤੋਂ ਚੱਲ ਰਹੇ ਲੋਕਲ ਬਾਡੀਜ਼ ਵਿਭਾਗਾਂ ਤੋਂ ਵੱਖ ਕਰਦਿਆਂ ਇਕ ਵਿਸ਼ੇਸ਼ ਕੰਪਨੀ ਬਣਾ ਕੇ ਚਲਾਉਣ ਦੀ ਪ੍ਰਕਿਰਿਆ ਨਿਰਧਾਰਿਤ ਕੀਤੀ ਸੀ ਪਰ ਪੰਜਾਬ ਦੀ ਅਫ਼ਸਰਸ਼ਾਹੀ ਨੇ ਸਮਾਰਟ ਸਿਟੀ ਨੂੰ ਇਕ ‘ਦੁਕਾਨ’ ਹੀ ਬਣਾ ਲਿਆ ਅਤੇ ਐੱਸ. ਪੀ. ਵੀ. ਭਾਵ ਵਿਸ਼ੇਸ਼ ਕੰਪਨੀ ਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ।
ਪਿਛਲੇ 2-3 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਨੇ ਤਾਂ ‘ਲਾਲੇ ਦੀ ਦੁਕਾਨ’ ਵਰਗੇ ਢੰਗ ਨਾਲ ਕੰਮ ਕੀਤਾ। ਕੁਝ ਅਫ਼ਸਰਾਂ ਨੇ ਸਾਰੀ ਪਾਵਰ ਆਪਣੇ ਕੋਲ ਰੱਖੀ। ਕਾਂਗਰਸੀ ਸੰਸਦ ਮੈਂਬਰ ਤੋਂ ਲੈ ਕੇ ਵਿਧਾਇਕਾਂ ਅਤੇ ਮੇਅਰ ਤੱਕ ਦੀ ਵਰਤੋਂ ਸਿਰਫ਼ ਉਦਘਾਟਨਾਂ ਲਈ ਕੀਤੀ ਗਈ। ਇਨ੍ਹਾਂ ਕਾਂਗਰਸੀ ਆਗੂਆਂ ਨੂੰ ਕਦੇ-ਕਦਾਈਂ ਮੀਟਿੰਗਾਂ ਵਿਚ ਬੁਲਾ ਕੇ ਚਾਹ-ਪਾਣੀ, ਨਾਸ਼ਤਾ ਆਦਿ ਖੁਆ ਕੇ ਮੋੜ ਦਿੱਤਾ ਗਿਆ ਅਤੇ ਵਧੇਰੇ ਪ੍ਰਾਜੈਕਟ ਉਨ੍ਹਾਂ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਬਣਾਏ ਅਤੇ ਸ਼ੁਰੂ ਕਰ ਦਿੱਤੇ ਗਏ।

ਅੱਜ ਹਾਲਾਤ ਇਹ ਹਨ ਕਿ ਜਲੰਧਰ ਸਮਾਰਟ ਸਿਟੀ ਨੂੰ ‘ਲਾਲੇ ਦੀ ਦੁਕਾਨ’ ਵਰਗੇ ਢੰਗ ਨਾਲ ਚਲਾਉਣ ਵਾਲੇ ਸਮਾਰਟ ਸਿਟੀ ਦੇ ਸਾਰੇ ਅਧਿਕਾਰੀ ਇਥੋਂ ਜਾ ਚੁੱਕੇ ਹਨ। ਕਈਆਂ ਦਾ ਤਬਾਦਲਾ ਹੋ ਚੁੱਕਾ ਹੈ ਅਤੇ ਕਈ ਨੌਕਰੀ ਛੱਡ ਚੁੱਕੇ ਹਨ। ਕਈਆਂ ਨੂੰ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ। ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟ ਵਿਚਾਲੇ ਲਟਕ ਗਏ ਹਨ ਅਤੇ ਸਾਰੇ 64 ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਵੀ ਸ਼ੁਰੂ ਹੋ ਗਈ ਹੈ। ਬਰਲਟਨ ਪਾਰਕ ਸਪੋਰਟਸ ਹੱਬ ਪ੍ਰਾਜੈਕਟ ’ਤੇ ਕੰਮ ਕਰ ਰਹੇ ਠੇਕੇਦਾਰ ਨੇ ਕੰਮ ਛੱਡਣ ਦੀ ਇੱਛਾ ਪ੍ਰਗਟ ਕੀਤੀ ਹੈ ਕਿਉਂਕਿ ਕਈ ਮਹੀਨਿਆਂ ਤੋਂ ਉਸਦੀ ਡਰਾਇੰਗ ਨੂੰ ਫਾਈਨਲ ਹੀ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ: CM ਮਾਨ ਦੀ ਜਲੰਧਰ ਫੇਰੀ ਤੋਂ ਪਹਿਲਾਂ BMC ਚੌਂਕ ’ਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ, ਅਲਰਟ ’ਤੇ ਪੁਲਸ

ਉਸ ਪ੍ਰਾਜੈਕਟ ’ਤੇ ਸਿਰਫ਼ 5 ਫ਼ੀਸਦੀ ਕੰਮ ਹੀ ਪੂਰਾ ਹੋ ਸਕਿਆ ਹੈ। ਪਤਾ ਲੱਗਾ ਹੈ ਕਿ ਬਰਲਟਨ ਪਾਰਕ ਤੋਂ ਬਾਅਦ ਹੁਣ ਮਿੱਠਾਪੁਰ ਹਾਕੀ ਸਟੇਡੀਅਮ ਨੂੰ ਅਪਗ੍ਰੇਡ ਕਰਨ ਦਾ ਕਾਂਟਰੈਕਟ ਲੈਣ ਵਾਲੇ ਠੇਕੇਦਾਰ ਨੇ ਵੀ ਕੰਮ ਛੱਡਣ ਦੀ ਇੱਛਾ ਪ੍ਰਗਟ ਕੀਤੀ ਹੈ। ਇਥੇ 6.50 ਕਰੋੜ ਦੀ ਲਾਗਤ ਨਾਲ ਕਈ ਕੰਮ ਕਰਵਾਏ ਜਾਣੇ ਸਨ ਪਰ ਅਜੇ ਤੱਕ ਬਹੁਤ ਹੀ ਮਾਮੂਲੀ ਜਿਹਾ ਕੰਮ ਕਰਵਾਇਆ ਗਿਆ ਹੈ।

1 ਸਤੰਬਰ ਤੋਂ ਐੱਲ. ਈ. ਡੀ. ਕੰਪਨੀ ਵੀ ਬੰਦ ਕਰ ਦੇਵੇਗੀ ਕੰਮ
ਸਮਾਰਟ ਸਿਟੀ ਦਾ 50 ਕਰੋੜ ਰੁਪਏ ਵੱਧ ਦੀ ਲਾਗਤ ਨਾਲ ਚੱਲਿਆ ਐੱਲ. ਈ. ਡੀ. ਸਟਰੀਟ ਲਾਈਟ ਪ੍ਰਾਜੈਕਟ ਸਭ ਤੋਂ ਵਿਵਾਦਾਂ ਵਿਚ ਘਿਰਿਆ ਹੋਇਆ ਹੈ। ਪੰਜਾਬ ਸਰਕਾਰ ਦੀ ਥਰਡ ਪਾਰਟੀ ਏਜੰਸੀ ਇਸ ਵਿਚ ਕਈ ਗੜਬਡ਼ੀਆਂ ਫੜ ਚੁੱਕੀ ਹੈ। ਮੇਅਰ ਵੱਲੋਂ ਬਣਾਈ ਗਈ ਕੌਂਸਲਰਾਂ ਦੀ ਕਮੇਟੀ ਵੀ ਇਸ ਪ੍ਰਾਜੈਕਟ ’ਚ ਸਕੈਂਡਲ ਦਾ ਪਤਾ ਲਾ ਚੁੱਕੀ ਹੈ ਅਤੇ ਹੁਣ ਵਿਜੀਲੈਂਸ ਬਿਊਰੋ ਵੱਲੋਂ ਇਸ ਘਪਲੇ ਦੀਆਂ ਫਾਈਲਾਂ ਨੂੰ ਘੋਖਿਆ ਜਾ ਰਿਹਾ ਹੈ। ਇਸੇ ਵਿਚਕਾਰ ਪਤਾ ਲੱਗਾ ਹੈ ਕਿ ਐੱਲ. ਈ. ਡੀ. ਪ੍ਰਾਜੈਕਟ ਲੈਣ ਵਾਲੀ ਕੰਪਨੀ ਨੇ ਵੀ 1 ਸਤੰਬਰ ਤੋਂ ਕੰਮ ਨਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਸਮਾਰਟ ਸਿਟੀ ਕੰਪਨੀ ਨੂੰ ਨੋਟਿਸ ਤੱਕ ਭੇਜ ਦਿੱਤੇ ਹਨ। ਪਤਾ ਲੱਗਾ ਹੈ ਕਿ ਕੰਪਨੀ ਜਲਦ ਆਰਬੀਟ੍ਰੇਸ਼ਨ ਪ੍ਰਕਿਰਿਆ ਵਿਚ ਚਲੀ ਜਾਵੇਗੀ।

ਇਹ ਵੀ ਪੜ੍ਹੋ: ਕੱਲ੍ਹ ਜਲੰਧਰ ਦੇ ਇਨ੍ਹਾਂ ਰੂਟਾਂ 'ਤੇ ਰਹੇਗੀ ਆਵਾਜਾਈ ਦੀ ਪਾਬੰਦੀ, ਜਾਣੋ ਕੀ ਹੈ ਕਾਰਨ

ਕੰਟਰੋਲ ਐਂਡ ਕਮਾਂਡ ਸੈਂਟਰ ’ਤੇ ਵੀ ਸੰਕਟ ਦੇ ਬੱਦਲ
ਇਸ ਸਮੇਂ ਜਲੰਧਰ ਸਮਾਰਟ ਸਿਟੀ ਦੀ ਹਾਲਤ ਬਹੁਤ ਖਰਾਬ ਹੈ। ਇਸ ਦੇ ਖਾਤੇ ਵਿਚ ਸਿਰਫ 12-13 ਕਰੋੜ ਰੁਪਏ ਬਚੇ ਹਨ, ਜਦੋਂ ਕਿ ਹਾਲ ਹੀ ਵਿਚ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ’ਤੇ ਕੰਟਰੋਲ ਐਂਡ ਕਮਾਂਡ ਸੈਂਟਰ ਦਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ, ਜਿਹੜਾ ਲਗਭਗ 78 ਕਰੋੜ ਦਾ ਹੈ। ਇਹ ਪ੍ਰਾਜੈਕਟ ਚਲਾ ਰਹੀ ਕੰਪਨੀ ਨੂੰ ਵੀ ਨਿਗਮ ਅਤੇ ਸਮਾਰਟ ਸਿਟੀ ਕੰਪਨੀ ਤੋਂ ਸਹਿਯੋਗ ਨਹੀਂ ਮਿਲ ਰਿਹਾ ਅਤੇ ਅਜੇ ਤੱਕ ਅੰਡਰਗਰਾਊਂਡ ਤਾਰਾਂ ਪਾਉਣ ਦੀ ਇਜਾਜ਼ਤ ਤੱਕ ਉਸ ਨੂੰ ਨਹੀਂ ਮਿਲੀ। ਅਜਿਹੀ ਹਾਲਤ ਵਿਚ ਇਹ ਕੰਪਨੀ ਵੀ ਕੰਮ ਛੱਡ ਕੇ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਮਾਰਟ ਸਿਟੀ ਜਲੰਧਰ ਲਈ ਬਹੁਤ ਵੱਡਾ ਧੱਕਾ ਹੋਵੇਗਾ।

ਸਮਾਰਟ ਰੋਡ ਅਤੇ 120 ਫੁੱਟੀ ਰੋਡ ਪ੍ਰਾਜੈਕਟ ਵੀ ਬੰਦ ਹੋਣ ਦਾ ਖ਼ਤਰਾ
ਜਲੰਧਰ ਸਮਾਰਟ ਸਿਟੀ ਦੀ ਗੱਲ ਕਰੀਏ ਤਾਂ ਉਸ ਨੇ 120 ਫੁੱਟੀ ਰੋਡ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਲਗਭਗ ਪੂਰਾ ਕਰ ਲਿਆ ਹੈ ਪਰ ਕਈ ਵਿਵਾਦਾਂ ਕਾਰਨ ਨਗਰ ਨਿਗਮ ਹੁਣ ਉਸ ਪ੍ਰਾਜੈਕਟ ਨੂੰ ਟੇਕਓਵਰ ਨਹੀਂ ਕਰ ਰਹੀ। ਇਸ ਪ੍ਰਾਜੈਕਟ ਦੀ ਵੀ ਹੁਣ ਵਿਜੀਲੈਂਸ ਜਾਂਚ ਚੱਲ ਰਹੀ ਹੈ। ਸ਼ਹਿਰ ਲਈ ਵੱਡੀ ਸਿਰਦਰਦੀ ਸਾਬਿਤ ਹੋਇਆ ਸਮਾਰਟ ਰੋਡ ਪ੍ਰਾਜੈਕਟ ਵੀ ਆਉਣ ਵਾਲੇ ਸਮੇਂ ਵਿਚ ਆਰਬੀਟ੍ਰੇਸ਼ਨ ਵਿਚ ਜਾ ਸਕਦਾ ਹੈ ਅਤੇ ਇਕ ਅਪੁਸ਼ਟ ਸੂਚਨਾ ਮੁਤਾਬਕ ਸਬੰਧਤ ਠੇਕੇਦਾਰ ਨੇ ਸਮਾਰਟ ਸਿਟੀ ਕੰਪਨੀ ਨੂੰ ਨੋਟਿਸ ਤੱਕ ਭੇਜ ਦਿੱਤਾ ਹੈ। ਜੇਕਰ ਸਮਾਰਟ ਰੋਡ ਪ੍ਰਾਜੈਕਟ ਪੱਕੇ ਤੌਰ ’ਤੇ ਬੰਦ ਹੋ ਜਾਂਦਾ ਹੈ ਤਾਂ ਇਹ ਪੂਰੇ ਸ਼ਹਿਰ ਲਈ ਬਹੁਤ ਭਾਰੀ ਸਮੱਸਿਆਵਾਂ ਪੈਦਾ ਕਰੇਗਾ।

ਇਹ ਵੀ ਪੜ੍ਹੋ: ਲੋਹੀਆਂ ਖ਼ਾਸ ਵਿਖੇ 100 ਸਾਲਾ ਬੀਬੀ ਨੂੰ ਦਫ਼ਨਾਉਣ ਲਈ ਨਹੀਂ ਮਿਲੀ 2 ਗਜ਼ ਜ਼ਮੀਨ, ਵਜ੍ਹਾ ਜਾਣ ਹੋਵੋਗੇ ਹੈਰਾਨ

ਸਮਾਰਟ ਸਿਟੀ ਦੇ ਦਫਤਰ ਨੂੰ ਤਾਲੇ ਲਾਉਣ ਦੀ ਨੌਬਤ ਜਲਦ ਆਵੇਗੀ
ਸਮਾਰਟ ਸਿਟੀ ਵਿਚ ਕਰੋੜਾਂ ਦੇ ਘਪਲਿਆਂ ਲਈ ਜ਼ਿੰਮੇਵਾਰ ਕਈ ਫ਼ਸਰ ਹੁਣ ਇਸ ਦੁਕਾਨਦਾਰੀ ਨੂੰ ਛੱਡ ਕੇ ਜਾ ਚੁੱਕੇ ਹਨ ਅਤੇ ਬਾਕੀ ਸਟਾਫ਼ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕੁਝ ਹੀ ਦਿਨਾਂ ਬਾਅਦ ਜਲੰਧਰ ਸਮਾਰਟ ਸਿਟੀ ਦੇ ਦਫ਼ਤਰ ਨੂੰ ਤਾਲੇ ਲਾਉਣ ਦੀ ਨੌਬਤ ਆ ਜਾਵੇਗੀ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਸਮਾਰਟ ਸਿਟੀ ਦੇ ਮੌਜੂਦਾ ਸੀ. ਈ. ਓ. ਦਵਿੰਦਰ ਸਿੰਘ ਨੇ ਕਿਸੇ ਵੀ ਫਾਈਲ ’ਤੇ ਸਾਈਨ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਸਮਾਰਟ ਸਿਟੀ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ ਅਤੇ ਇਹ ਦੁਕਾਨਦਾਰੀ ਕਿਸੇ ਵੀ ਦਿਨ ਪੂਰੀ ਤਰ੍ਹਾਂ ਬੰਦ ਹੋ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News