ਜਲੰਧਰ ਦਿਹਾਤੀ ਪੁਲਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾਈ, ਘਰ ''ਚੋਂ ਦੱਬੀ ਲਾਸ਼ ਬਰਾਮਦ
Thursday, Apr 02, 2026 - 07:58 PM (IST)
ਜਲੰਧਰ (ਮਹਾਜਨ) : ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਵਿਨੀਤ ਅਹਿਲਾਵਤ, ਆਈ.ਪੀ.ਐੱਸ, ਪੁਲਸ ਕਪਤਾਨ ਤਫਤੀਸ਼ ਅਤੇ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਬ ਇੰਸਪੈਕਟਰ ਦਿਲਬਾਗ ਸਿੰਘ, ਮੁੱਖ ਅਫਸਰ ਥਾਣਾ ਸਦਰ ਨਕੋਦਰ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਧੁਨਿਕ ਅਤੇ ਟੈਕਨੀਕਲ ਤਰੀਕਿਆਂ ਨਾਲ ਦੋਸ਼ੀ ਗੁਰਦੇਵ ਸਿੰਘ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਂਕਾਰ ਸਿੰਘ ਬਰਾੜ, ਉਪ ਪੁਲਸ ਕਪਤਾਨ ਸਬ-ਡਵੀਜ਼ਨ ਨਕੋਦਰ ਨੇ ਦੱਸਿਆ ਕਿ ਮਿਤੀ 01.04.2026 ਨੂੰ ਅਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪੱਤੀ ਅਕਲਪੁਰ ਮਲਸੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵੱਲੋਂ ਦਰਖ਼ਾਸਤ ਦਿੱਤੀ ਗਈ ਕਿ ਉਸਦਾ ਚਾਚਾ ਅਮਰਜੀਤ ਸਿੰਘ ਪੁੱਤਰ ਅਜਮੇਰ ਸਿੰਘ, ਉਮਰ ਕਰੀਬ 45 ਸਾਲ, ਜੋ ਲਗਭਗ 20 ਸਾਲ ਤੋਂ ਗੁਰਦੇਵ ਸਿੰਘ ਨਾਲ ਕੰਮ ਕਰਦਾ ਸੀ, ਨਵੰਬਰ 2025 ਤੋਂ ਘਰ ਨਹੀਂ ਆਇਆ। ਸ਼ੱਕ ਦੇ ਆਧਾਰ ‘ਤੇ ਗੁਰਦੇਵ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 63 ਮਿਤੀ 01.04.2026 ਅਧੀਨ ਧਾਰਾ 103, 238 BNS ਥਾਣਾ ਸਦਰ ਨਕੋਦਰ ਵਿਖੇ ਦਰਜ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸ ਨੇ 13.11.2025 ਨੂੰ ਅਮਰਜੀਤ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਆਪਣੇ ਘਰ ਵਿੱਚ ਬਾਥਰੂਮ ਨੇੜੇ ਲਗਭਗ 5-6 ਫੁੱਟ ਡੂੰਘਾ ਖੱਡਾ ਖੋਦ ਕੇ ਬੋਰੇ ਵਿੱਚ ਪਾ ਕੇ ਦੱਬ ਦਿੱਤਾ ਸੀ। ਅੱਜ ਡਿਊਟੀ ਮੈਜਿਸਟ੍ਰੇਟ ਪਵਨਦੀਪ ਸਿੰਘ ਦੀ ਹਾਜ਼ਰੀ ਵਿੱਚ ਪੁਲਸ ਪਾਰਟੀ ਨੇ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਪਿੰਡ ਗਾਂਧਰਾ ਵਿਖੇ ਉਸਦੇ ਘਰ ਤੋਂ ਬਾਥਰੂਮ ਨੇੜੇ ਖੁਦਾਈ ਕਰਕੇ ਮ੍ਰਿਤਕ ਅਮਰਜੀਤ ਸਿੰਘ ਦੀ ਦੱਬੀ ਹੋਈ ਲਾਸ਼ ਬਰਾਮਦ ਕੀਤੀ। ਇਸ ਮੌਕੇ ਪਿੰਡ ਗਾਂਧਰਾ ਅਤੇ ਮਲਸੀਆਂ ਪੱਤੀ ਅਕਲਪੁਰ ਦੀਆਂ ਪੰਚਾਇਤਾਂ ਵੀ ਮੌਜੂਦ ਸਨ।
ਲਾਸ਼ ਦਾ ਪੋਸਟਮਾਰਟਮ ਡਾਕਟਰੀ ਟੀਮ ਦੇ ਬੋਰਡ ਰਾਹੀਂ ਕਰਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਡੀਐੱਨਏ ਸੈਂਪਲ ਵੀ ਲਏ ਜਾਣਗੇ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਸਕੇ।
ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪੱਤੀ ਅਕਲਪੁਰ ਮਲਸੀਆਂ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ (ਉਮਰ ਕਰੀਬ 45 ਸਾਲ) ਵਜੋਂ ਹੋਈ ਹੈ ਤੇ ਇਸ ਮਾਮਲੇ ਵਿਚ ਗੁਰਦੇਵ ਸਿੰਘ ਪੁੱਤਰ ਗਹਿਲ ਸਿੰਘ ਵਾਸੀ ਪਿੰਡ ਪਛਾੜੀਆ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਹਾਲ ਵਾਸੀ ਪਿੰਡ ਗਾਂਧਰਾ ਥਾਣਾ ਸਦਰ ਨਕੋਦਰ ਜ਼ਿਲ੍ਹਾ ਜਲੰਧਰ ਦੀ ਗ੍ਰਿਫਤਾਰ ਕੀਤਾ ਗਿਆ ਹੈ।
