ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ ਬਗਾਵਤੀ ਸੁਰਾਂ

Saturday, Jul 04, 2026 - 11:33 AM (IST)

ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ ਬਗਾਵਤੀ ਸੁਰਾਂ

ਜਲੰਧਰ (ਚੋਪੜਾ)-ਪੰਜਾਬ ਕਾਂਗਰਸ ਵਿਚ ਜਥੇਬੰਦਕ ਨਿਯੁਕਤੀਆਂ ਨੂੰ ਲੈ ਕੇ ਸ਼ੁਰੂ ਹੋਈ ਅਸੰਤੁਸ਼ਟੀ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਕਰਵਾਈ ਗਈ ਮੀਟਿੰਗ ਨੇ ਕਾਂਗਰਸ ਦੇ ਅੰਦਰ ਚੱਲ ਰਹੀ ਖਿੱਚੋਤਾਣ ਨੂੰ ਜਨਤਕ ਕਰ ਦਿੱਤਾ ਹੈ। ਇਸ ਮੀਟਿੰਗ ਵਿਚ ਪਾਰਟੀ ਹਾਈਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੋਬਾਰਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ’ਤੇ ਸਵਾਲ ਉਠਾਏ ਗਏ ਅਤੇ ਚੰਨੀ ਸਮਰਥਕਾਂ ਨੇ ਸੂਬਾਈ ਲੀਡਰਸ਼ਿਪ ਵਿਚ ਬਦਲਾਅ ਦੀ ਮੰਗ ਕਰਦਿਆਂ ਹਾਈਕਮਾਨ ’ਤੇ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ।

ਇਹ ਵੀ ਪੜ੍ਹੋ: ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ

ਹਾਲਾਂਕਿ ਮੀਟਿੰਗ ਵਿਚ 5 ਵਿਧਾਇਕਾਂ, 1 ਸਾਬਕਾ ਸੰਸਦ ਮੈਂਬਰ ਤੋਂ ਇਲਾਵਾ 50 ਦੇ ਲਗਭਗ ਸਾਬਕਾ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਦੀ ਮੌਜੂਦਗੀ ਦਾ ਦਾਅਵਾ ਕੀਤਾ ਗਿਆ ਪਰ ਸਭ ਤੋਂ ਵੱਡੀ ਸਿਆਸੀ ਚਰਚਾ ਇਸ ਗੱਲ ਦੀ ਰਹੀ ਕਿ ਜਲੰਧਰ ਜ਼ਿਲ੍ਹਾ ਜਿੱਥੋਂ ਚਰਨਜੀਤ ਚੰਨੀ ਸੰਸਦ ਮੈਂਬਰ ਹਨ, ਦੇ ਪੰਜ ਮੌਜੂਦਾ ਕਾਂਗਰਸ ਵਿਧਾਇਕਾਂ ਵਿਚੋਂ ਸਿਰਫ਼ ਇਕ ਵਿਧਾਇਕ ਹੀ ਇਸ ਮੀਟਿੰਗ ਵਿਚ ਸ਼ਾਮਲ ਹੋਇਆ। ਚਾਰ ਵਿਧਾਇਕਾਂ ਦਾ ਦੂਰੀ ਬਣਾਉਣਾ ਇਸ ਗੱਲ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਸੰਸਦ ਮੈਂਬਰ ਚੰਨੀ ਨੂੰ ਆਪਣੇ ਹੀ ਜ਼ਿਲ੍ਹੇ ਤੋਂ ਪੂਰਾ ਸਮਰਥਨ ਹਾਸਲ ਨਹੀਂ ਹੋ ਸਕਿਆ।
ਦਰਅਸਲ ਜਲੰਧਰ ਜ਼ਿਲ੍ਹੇ ਦੀਆਂ 9 ਵਿਧਾਨ ਸਭਾ ਸੀਟਾਂ ਵਿਚੋਂ ਮੌਜੂਦਾ ਸਮੇਂ 5 ਸੀਟਾਂ 'ਤੇ ਕਾਂਗਰਸ ਦੇ ਵਿਧਾਇਕ ਹਨ। ਸਿਆਸੀ ਨਜ਼ਰੀਏ ਤੋਂ ਇਹ ਜ਼ਿਲ੍ਹੇ ਵਿਚ ਕਾਂਗਰਸ ਦਾ ਸਭ ਤੋਂ ਮਜ਼ਬੂਤ ਆਧਾਰ ਮੰਨਿਆ ਜਾਂਦਾ ਹੈ। ਅਜਿਹੇ ਵਿਚ ਸੰਸਦ ਮੈਂਬਰ ਚੰਨੀ ਦੀ ਮੀਟਿੰਗ ਵਿਚ ਪੰਜ ਵਿਚੋਂ ਸਿਰਫ਼ ਸ਼ਾਹਕੋਟ ਤੋਂ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮੌਜੂਦਗੀ ਦਰਜ ਹੋਈ।

PunjabKesari

ਇਹ ਵੀ ਪੜ੍ਹੋ: ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ ਵੱਡਾ ਫ਼ੈਸਲਾ

ਇਸ ਦੇ ਉਲਟ ਕੈਂਟ ਤੋਂ ਵਿਧਾਇਕ ਪਰਗਟ ਸਿੰਘ, ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਨਾਰਥ ਤੋਂ ਵਿਧਾਇਕ ਬਾਵਾ ਹੈਨਰੀ ਨੇ ਮੀਟਿੰਗ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਇਸ ਤੋਂ ਇਲਾਵਾ ਵੈਸਟ ਵਿਧਾਨ ਸਭਾ ਹਲਕੇ ਦੀ ਕਾਂਗਰਸ ਇੰਚਾਰਜ ਸੁਰਿੰਦਰ ਕੌਰ ਵੀ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ, ਜਦਕਿ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਇਸ ਮੀਟਿੰਗ ਵਿਚ ਮੌਜੂਦ ਸਨ। ਉੱਥੇ ਹੀ ਚਾਰ ਵਿਧਾਇਕਾਂ ਦੀ ਗੈਰ-ਮੌਜੂਦਗੀ ਨੂੰ ਸਿਆਸੀ ਮਾਹਿਰ ਸੰਸਦ ਮੈਂਬਰ ਚੰਨੀ ਲਈ ਵੱਡਾ ਝਟਕਾ ਮੰਨ ਰਹੇ ਹਨ। ਜਿਸ ਮੀਟਿੰਗ ਜ਼ਰੀਏ ਹਾਈਕਮਾਨ ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਸੇ ਮੀਟਿੰਗ ਵਿਚ ਉਨ੍ਹਾਂ ਦੇ ਸੰਸਦੀ ਜ਼ਿਲ੍ਹੇ ਦੇ ਵਧੇਰੇ ਮੌਜੂਦਾ ਵਿਧਾਇਕਾਂ ਦਾ ਸ਼ਾਮਲ ਨਾ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਸਿਆਸੀ ਗਲਿਆਰਿਆਂ ਵਿਚ ਸਭ ਤੋਂ ਵੱਧ ਚਰਚਾ ਇਸ ਗੱਲ ਦੀ ਹੈ ਕਿ ਸਾਬਕਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਸੰਸਦ ਮੈਂਬਰ ਚੰਨੀ ਨੂੰ ਆਪਣੇ ਹੀ ਜ਼ਿਲ੍ਹੇ ਵਿਚ ਪੂਰਨ ਸਮਰਥਨ ਨਹੀਂ ਮਿਲ ਸਕਿਆ। ਮੀਟਿੰਗ ਵਿਚ ਭੀੜ ਅਤੇ ਸਾਬਕਾ ਆਗੂਆਂ ਦੀ ਮੌਜੂਦਗੀ ਦੇ ਦਾਅਵਿਆਂ ਦੇ ਬਾਵਜੂਦ ਮੌਜੂਦਾ ਵਿਧਾਇਕਾਂ ਦੀ ਦੂਰੀ ਨੇ ਪੂਰੇ ਘਟਨਾਕ੍ਰਮ ਦਾ ਸਿਆਸੀ ਸੰਦੇਸ਼ ਬਦਲ ਦਿੱਤਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਵੱਡੇ ਆਗੂ ਦੇ ਸਮਰਥਨ ਦੀ ਅਸਲ ਤਾਕਤ ਦਾ ਅੰਦਾਜ਼ਾ ਲਾਉਣਾ ਹੋਵੇ ਤਾਂ ਸਭ ਤੋਂ ਪਹਿਲਾਂ ਮੌਜੂਦਾ ਲੋਕ ਨੁਮਾਇੰਦਿਆਂ ਦੀ ਭੂਮਿਕਾ ਵੇਖੀ ਜਾਂਦੀ ਹੈ। ਇਸ ਕਸੌਟੀ ’ਤੇ ਵੇਖੀਏ ਤਾਂ ਜਲੰਧਰ ਕਾਂਗਰਸ ਦਾ ਵੱਡਾ ਹਿੱਸਾ ਇਸ ਮੀਟਿੰਗ ਤੋਂ ਅਲੱਗ-ਥਲੱਗ ਵਿਖਾਈ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਨਸ਼ੇ 'ਚ ਟੱਲੀ ASI ਦਾ ਕਾਰਾ! ਭਾਜਪਾ ਆਗੂ ਦੀ ਠੋਕ 'ਤੀ ਗੱਡੀ, ਵੀਡੀਓ ਵਾਇਰਲ ਹੋਣ ਮਗਰੋਂ ਡਿੱਗੀ ਗਾਜ

ਜ਼ਿਲ੍ਹਾ ਕਾਂਗਰਸ ਦੇ ਦੋਵੇਂ ਪ੍ਰਧਾਨ ਬਗ਼ਾਵਤੀ ਮੰਚ 'ਤੇ ਰਹੇ ਮੌਜੂਦ
ਜਿੱਥੇ ਇਕ ਪਾਸੇ ਚਾਰ ਵਿਧਾਇਕਾਂ ਨੇ ਮੀਟਿੰਗ ਤੋਂ ਦੂਰੀ ਬਣਾਈ, ਉੱਥੇ ਹੀ ਦੂਜੇ ਪਾਸੇ ਜ਼ਿਲ੍ਹਾ ਕਾਂਗਰਸ ਦੇ ਦੋਵਾਂ ਜਥੇਬੰਦਕ ਮੁਖੀਆਂ ਦੀ ਮੌਜੂਦਗੀ ਨੇ ਪੂਰੇ ਘਟਨਾਕ੍ਰਮ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸੈਂਟਰਲ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਮੀਟਿੰਗ ਵਿਚ ਸ਼ਾਮਲ ਹੋਏ। ਉੱਥੇ ਹੀ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੀਟਿੰਗ ਵਿਚ ਮੌਜੂਦ ਰਹੇ। ਇਸ ਤੋਂ ਇਲਾਵਾ ਕਰਤਾਰਪੁਰ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਰਤਾਰਪੁਰ ਦੇ ਹਲਕਾ ਇੰਚਾਰਜ ਅਤੇ ਸਾਬਕਾ ਐੱਸ. ਐੱਸ. ਪੀ. ਰਾਜਿੰਦਰ ਸਿੰਘ ਅਤੇ ਨਕੋਦਰ ਦੇ ਹਲਕਾ ਇੰਚਾਰਜ ਡਾ. ਨਵਜੋਤ ਸਿੰਘ ਦਹੀਆ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਸਿਆਸੀ ਨਜ਼ਰੀਏ ਤੋਂ ਇਹ ਸਥਿਤੀ ਬੇਹੱਦ ਦਿਲਚਸਪ ਮੰਨੀ ਜਾ ਰਹੀ ਹੈ ਕਿਉਂਕਿ ਜ਼ਿਲ੍ਹਾ ਪੱਧਰ 'ਤੇ ਪਾਰਟੀ ਸੰਗਠਨ ਦੀ ਅਗਵਾਈ ਕਰਨ ਵਾਲੇ ਦੋਵੇਂ ਪ੍ਰਧਾਨ ਅਜਿਹੇ ਮੰਚ 'ਤੇ ਨਜ਼ਰ ਆਏ, ਜਿੱਥੇ ਪ੍ਰਦੇਸ਼ ਕਾਂਗਰਸ ਪ੍ਰਧਾਨ ਖ਼ਿਲਾਫ਼ ਆਵਾਜ਼ ਉਠਾਈ ਗਈ। ਇਸ ਨੂੰ ਸੰਗਠਨ ਦੇ ਅੰਦਰ ਖੁੱਲ੍ਹੀ ਅਸਹਿਮਤੀ ਵਜੋਂ ਵੇਖਿਆ ਜਾ ਰਿਹਾ ਹੈ।

PunjabKesari

ਜ਼ਿਲ੍ਹਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੇ ਪ੍ਰਧਾਨਾਂ ਦੀ ਮੌਜੂਦਗੀ ਵਿਚ ਮੀਟਿੰਗ ਦੌਰਾਨ ਚੰਨੀ ਸਮਰਥਕਾਂ ਨੇ ਕਾਂਗਰਸ ਹਾਈਕਮਾਨ ਤੋਂ ਸਪੱਸ਼ਟ ਮੰਗ ਕੀਤੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਚਰਨਜੀਤ ਸਿੰਘ ਚੰਨੀ ਨੂੰ ਪ੍ਰਦੇਸ਼ ਕਾਂਗਰਸ ਦੀ ਕਮਾਨ ਸੌਂਪੀ ਜਾਵੇ।
ਇਸ ਮੰਗ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੋਬਾਰਾ ਸੂਬਾ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ। ਕਾਂਗਰਸ ਦੇ ਅੰਦਰ ਇਸ ਤਰ੍ਹਾਂ ਜਨਤਕ ਰੂਪ ਵਿਚ ਸੂਬਾਈ ਲੀਡਰਸ਼ਿਪ ਬਦਲਣ ਦੀ ਮੰਗ ਨੇ ਸੰਗਠਨ ਵਿਚ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਜੋ ਵੀ ਹੋਵੇ, ਪੰਜਾਬ ਕਾਂਗਰਸ 'ਚ ਸੂਬਾਈ ਲੀਡਰਸ਼ਿਪ ਨੂੰ ਲੈ ਕੇ ਇਸ ਤਰ੍ਹਾਂ ਦਾ ਖੁੱਲ੍ਹਾ ਸ਼ਕਤੀ ਪ੍ਰਦਰਸ਼ਨ 2022 ਦੀਆਂ ਚੋਣਾਂ ਤੋਂ ਪਹਿਲਾਂ ਪੈਦਾ ਹੋਏ ਹਾਲਾਤ ਦੇ ਲੰਬੇ ਸਮੇਂ ਬਾਅਦ ਵੇਖਣ ਨੂੰ ਮਿਲਿਆ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਦਾ ਇਹ ਅਧਿਕਾਰੀ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ

2027 ਤੋਂ ਪਹਿਲਾਂ ਕਾਂਗਰਸ ਦੀ ਅੰਦਰੂਨੀ ਜੰਗ ਹੋਈ ਤੇਜ਼
ਪੰਜਾਬ ਵਿਧਾਨ ਸਭਾ ਚੋਣਾਂ 2027 ਵਿਚ ਹੋਣੀਆਂ ਹਨ, ਉਸ ਤੋਂ ਪਹਿਲਾਂ ਜਥੇਬੰਦਕ ਮਜ਼ਬੂਤੀ ਕਾਂਗਰਸ ਦੀ ਸਭ ਤੋਂ ਵੱਡੀ ਪਹਿਲ ਮੰਨੀ ਜਾ ਰਹੀ ਸੀ। ਪਰ ਇਸ ਮੀਟਿੰਗ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਜਲੰਧਰ ਵਿਚ ਪਾਰਟੀ ਅਜੇ ਵੀ ਅੰਦਰੂਨੀ ਧੜੇਬੰਦੀ ਵਿਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕੀ ਹੈ।

ਜਲੰਧਰ ਦੀ ਸਿਆਸਤ ’ਚ ਬਦਲੇ ਸਮੀਕਰਨ
ਇਸ ਮੀਟਿੰਗ ਤੋਂ ਬਾਅਦ ਜਲੰਧਰ ਕਾਂਗਰਸ ਅੰਦਰ ਨਵੇਂ ਸਿਆਸੀ ਸਮੀਕਰਨ ਬਣਦੇ ਵਿਖਾਈ ਦੇ ਰਹੇ ਹਨ। ਇਕ ਪਾਸੇ ਚਾਰ ਮੌਜੂਦਾ ਵਿਧਾਇਕਾਂ ਨੇ ਮੀਟਿੰਗ ਤੋਂ ਦੂਰੀ ਬਣਾ ਕੇ ਵੱਖਰਾ ਸੰਦੇਸ਼ ਦਿੱਤਾ, ਜਦਕਿ ਦੂਜੇ ਪਾਸੇ ਜ਼ਿਲ੍ਹਾ ਸੰਗਠਨ ਦੇ ਦੋਵਾਂ ਮੁਖੀਆਂ ਨੇ ਉਸੇ ਮੀਟਿੰਗ ਵਿਚ ਸ਼ਾਮਲ ਹੋ ਕੇ ਸੂਬਾਈ ਲੀਡਰਸ਼ਿਪ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ। ਯਾਨੀ ਜ਼ਿਲ੍ਹਾ ਕਾਂਗਰਸ ਦਾ ਸੰਗਠਨ ਅਤੇ ਵਿਧਾਇਕ ਵੱਖ-ਵੱਖ ਸਿਆਸੀ ਸੰਕੇਤ ਦਿੰਦੇ ਨਜ਼ਰ ਆਏ। ਇਹ ਸਥਿਤੀ ਆਉਣ ਵਾਲੇ ਸਮੇਂ ਵਿਚ ਜਥੇਬੰਦਕ ਫ਼ੈਸਲਿਆਂ ਅਤੇ ਟਿਕਟਾਂ ਦੀ ਵੰਡ ਤੱਕ ਅਸਰ ਪਾ ਸਕਦੀ ਹੈ। ਕਿਉਂਕਿ ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਕਾਂਗਰਸ ਹਾਈਕਮਾਨ ਇਸ ਦਬਾਅ ਦੀ ਸਿਆਸਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇਗੀ ਜਾਂ ਫਿਰ ਮੌਜੂਦਾ ਲੀਡਰਸ਼ਿਪ ਨਾਲ ਹੀ ਅੱਗੇ ਵਧੇਗੀ।

PunjabKesari

ਜੇਕਰ ਹਾਈਕਮਾਨ ਆਪਣੇ ਫ਼ੈਸਲੇ 'ਤੇ ਕਾਇਮ ਰਹਿੰਦੀ ਹੈ ਅਤੇ ਰਾਜਾ ਵੜਿੰਗ ਨੂੰ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਾਈ ਰੱਖਦੀ ਹੈ, ਤਾਂ ਮੀਟਿੰਗ ਵਿਚ ਖੁੱਲ੍ਹੇ ਤੌਰ 'ਤੇ ਵਿਰੋਧ ਦਰਜ ਕਰਵਾਉਣ ਵਾਲੇ ਆਗੂਆਂ ਦੀ ਭੂਮਿਕਾ ਵੀ ਚਰਚਾ ਦਾ ਵਿਸ਼ਾ ਬਣੇਗੀ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਸੂਬਾਈ ਲੀਡਰਸ਼ਿਪ ਖ਼ਿਲਾਫ਼ ਜਨਤਕ ਤੌਰ ’ਤੇ ਆਵਾਜ਼ ਉਠਾਉਣ ਵਾਲੇ ਆਗੂਆਂ 'ਤੇ ਜਥੇਬੰਦਕ ਕਾਰਵਾਈ ਜਾਂ ਜ਼ਿੰਮੇਵਾਰੀਆਂ ਵਿਚ ਬਦਲਾਅ ਵਰਗੇ ਕਦਮ ਵੀ ਚੁੱਕੇ ਜਾ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ ਜਬਰ-ਜ਼ਿਨਾਹ

ਦੂਰਗਾਮੀ ਅਸਰ ਤੋਂ ਇਨਕਾਰ ਨਹੀਂ
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਫਿਲਹਾਲ ਇਹ ਸਿਰਫ ਇਕ ਮੀਟਿੰਗ ਨਹੀਂ ਸਗੋਂ ਕਾਂਗਰਸ ਅੰਦਰ ਭਵਿੱਖ ਦੀ ਸ਼ਕਤੀ ਦੇ ਸੰਤੁਲਨ ਦੀ ਲੜਾਈ ਦਾ ਸੰਕੇਤ ਹੈ। ਜੇਕਰ ਇਹ ਅਸੰਤੁਸ਼ਟੀ ਅੱਗੇ ਵੀ ਜਾਰੀ ਰਹਿੰਦੀ ਹੈ ਤਾਂ ਇਸ ਦਾ ਅਸਰ ਸੰਗਠਨ, ਵਰਕਰਾਂ ਦੇ ਮਨੋਬਲ ਅਤੇ ਆਗਾਮੀ ਚੋਣ ਰਣਨੀਤੀ ’ਤੇ ਪੈ ਸਕਦਾ ਹੈ। ਜਲੰਧਰ ਵਰਗੇ ਅਹਿਮ ਜ਼ਿਲੇ ਵਿਚ ਸੰਗਠਨ ਅਤੇ ਵਿਧਾਇਕਾਂ ਦੇ ਵੱਖ-ਵੱਖ ਰੁਖ਼ ਨੇ ਕਾਂਗਰਸ ਦੇ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਇਹ ਸਪੱਸ਼ਟ ਹੋਵੇਗਾ ਕਿ ਪਾਰਟੀ ਲੀਡਰਸ਼ਿਪ ਇਸ ਅਸੰਤੁਸ਼ਟੀ ਨੂੰ ਗੱਲਬਾਤ ਰਾਹੀਂ ਸ਼ਾਂਤ ਕਰਦੀ ਹੈ ਜਾਂ ਫਿਰ ਅਨੁਸ਼ਾਸਨੀ ਸਖ਼ਤੀ ਦਾ ਰਾਹ ਅਪਣਾਉਂਦੀ ਹੈ।

ਰਾਜਿੰਦਰ ਬੇਰੀ ਮੀਟਿੰਗ ਵਿਚ ਸ਼ਾਮਲ ਹੋਣ ਤੋਂ ਮੁੱਕਰੇ, ਬੋਲੇ-ਸਵੇਰ ਤੋਂ ਗੁਰਦਾਸਪੁਰ ਵਿਚ ਸੀ
ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਦਾ ਬਿਆਨ ਨਵਾਂ ਵਿਵਾਦ ਖੜ੍ਹਾ ਕਰ ਗਿਆ ਹੈ। ਮੀਟਿੰਗ ਵਿਚ ਉਨ੍ਹਾਂ ਦੇ ਸ਼ਾਮਲ ਹੋਣ ਦੀ ਚਰਚਾ ਦੇ ਵਿਚਕਾਰ ਜਦੋਂ ਉਨ੍ਹਾਂ ਨਾਲ ਇਸ ਸਬੰਧ ਵਿਚ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਾਫ਼ ਤੌਰ ’ਤੇ ਮੀਟਿੰਗ ਵਿਚ ਮੌਜੂਦ ਹੋਣ ਤੋਂ ਇਨਕਾਰ ਕਰ ਦਿੱਤਾ। ਰਾਜਿੰਦਰ ਬੇਰੀ ਨੇ ਦਾਅਵਾ ਕੀਤਾ ਕਿ ਉਹ ਸਵੇਰ ਤੋਂ ਹੀ ਇਕ ਅਦਾਲਤੀ ਮਾਮਲੇ ਦੇ ਸਿਲਸਿਲੇ ਵਿਚ ਗੁਰਦਾਸਪੁਰ ਗਏ ਹੋਏ ਸਨ ਅਤੇ ਚੰਨੀ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਹਾਲਾਂਕਿ, ਸੰਸਦ ਮੈਂਬਰ ਚੰਨੀ ਦੀ ਰਿਹਾਇਸ਼ ’ਤੇ ਕਰਵਾਈ ਗਈ ਮੀਟਿੰਗ ਦੀ ਵੀਡੀਓ ਫੁਟੇਜ ਵਿਚ ਰਾਜਿੰਦਰ ਬੇਰੀ ਸਪੱਸ਼ਟ ਰੂਪ ਵਿਚ ਮੌਜੂਦ ਦਿਖਾਈ ਦੇ ਰਹੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਚਰਚਾ ਤੇਜ਼ ਹੋ ਗਈ ਹੈ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਰਹੀ ਵੱਡੀ ਮੁਸੀਬਤ

ਦੂਜੇ ਪਾਸੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਕਾਂਗਰਸ ਇੰਚਾਰਜ ਸੁਰਿੰਦਰ ਕੌਰ ਦੀ ਗੈਰ-ਹਾਜ਼ਰੀ ਨੂੰ ਲੈ ਕੇ ਵੀ ਸਥਿਤੀ ਸਪੱਸ਼ਟ ਹੋਈ ਹੈ। ਉਨ੍ਹਾਂ ਦੇ ਬੇਟੇ ਕਰਨ ਸੁਮਨ ਨੇ ਦੱਸਿਆ ਕਿ ਮੀਟਿੰਗ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਫ਼ੋਨ ਆਇਆ ਸੀ, ਪਰ ਵਿਧਾਨ ਸਭਾ ਹਲਕੇ ਦੇ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਵਿਚ ਰੁੱਝੇ ਹੋਣ ਕਾਰਨ ਸੁਰਿੰਦਰ ਕੌਰ ਮੀਟਿੰਗ ਵਿਚ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਖ਼ੁਦ ਵੀ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਮੀਟਿੰਗ ਨੂੰ ਲੈ ਕੇ ਸਾਹਮਣੇ ਆਏ ਇਹ ਵਿਰੋਧੀ ਬਿਆਨਾਂ ਨੇ ਕਾਂਗਰਸ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News