ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਜਲੰਧਰ ਦਿਹਾਤੀ ਪੁਲਸ ਨੇ ਫਿਰ ਘੇਰਿਆ ਪਿੰਡ ਕਿੰਗਰਾ
Sunday, Sep 22, 2019 - 09:42 PM (IST)

ਭੋਗਪੁਰ (ਸੂਰੀ)-ਜਲੰਧਰ ਦਿਹਾਤੀ ਪੁਲਸ ਵਲੋਂ ਐੱਸ. ਪੀ. ਕ੍ਰਾਇਮ ਬਲਵੀਰ ਸਿੰਘ ਸੰਧੂ, ਏ. ਐੱਸ. ਪੀ. ਅੰਕੁਰ ਗੁਪਤਾ ਆਈ. ਪੀ. ਐੱਸ. ਅਤੇ ਡੀ. ਐੱਸ. ਪੀ. ਮੱਖਣ ਸਿੰਘ ਦੀ ਅਗਵਾਈ 'ਚ ਭੋਗਪੁਰ ਥਾਣਾ ਮੁਖੀ ਨਰੇਸ਼ ਜੋਸ਼ੀ, ਐੱਸ. ਐੱਚ. ਓ. ਆਦਮਪੁਰ ਜਰਨੈਲ ਸਿੰਘ ਅਤੇ ਐੱਸ. ਐੱਚ. ਓ. ਪਤਾਰਾ ਰਘੁਵੀਰ ਸਿੰਘ ਅਤੇ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸੁਖਜੀਤ ਸਿੰਘ ਬੈਂਸ ਦੀ ਟੀਮ ਨਸ਼ਿਆਂ ਦੀ ਸਮੱਗਲਿੰਗ ਲਈ ਬਦਨਾਮ ਥਾਣਾ ਭੋਗਪੁਰ ਦੀ ਪੁਲਸ ਚੌਕੀ ਪਚਰੰਗਾ ਦੇ ਪਿੰਡ ਕਿੰਗਰਾ ਚੋਅ ਵਾਲਾ 'ਚ ਤਲਾਸ਼ੀ ਮੁਹਿੰਮ ਚਲਾਉਣ ਲਈ ਪੁਲਸ ਸਬ ਡਵੀਜ਼ਨ ਆਦਮਪੁਰ ਅਤੇ ਪੁਲਸ ਲਾਈਨ ਜਲੰਧਰ ਦੀਆਂ ਪੁਲਸ ਪਾਰਟੀਆਂ ਐਤਵਾਰ ਤੜਕਸਾਰ ਭਾਰੀ ਗਿਣਤੀ ਪੁਲਸ ਚੌਕੀ ਪਚਰੰਗਾ ਨੇੜੇ ਇਕੱਤਰ ਹੋਈਆਂ। ਐੱਸ. ਪੀ. ਬਲਵੀਰ ਸਿੰਘ ਦੀ ਅਗਵਾਈ 'ਚ ਪੁਲਸ ਗੱਡੀਆਂ ਦਾ ਵੱਡਾ ਕਾਫਲਾ ਪਿੰਡ ਕਿੰਗਰਾ ਚੋਅ ਵਾਲਾ ਵੱਲ ਰਵਾਨਾ ਹੋਇਆ। ਪਿੰਡ ਕਿੰਗਰਾ ਪੁੱਜਦਿਆਂ ਹੀ ਪੁਲਸ ਵਲੋਂ ਪਿੰਡ ਕਿੰਗਰਾ ਨੂੰ ਚਾਰ ਚੁਫੇਰੇ ਤੋਂ ਘੇਰਾ ਪਾ ਲਿਆ ਗਿਆ। ਨਸ਼ਾ ਸਮੱਗਲਰਾਂ ਖਿਲਾਫ ਵੱਡੀ ਕਾਰਵਾਈ ਕਰਦਿਆਂ 100 ਤੋਂ ਵੀ ਜ਼ਿਆਦਾ ਪੁਲਸ ਮੁਲਾਜ਼ਮਾਂ ਨਾਲ ਐਤਵਾਰ ਤੜਕਸਾਰ ਪਿੰਡ ਕਿੰਗਰਾ ਚੋਅ ਵਾਲਾ ਨੂੰ ਘੇਰਾ ਪਾ ਕੇ ਘਰ-ਘਰ ਦੀ ਤਲਾਸ਼ੀ ਲਈ ਗਈ।
ਨਸ਼ਾ ਸਮੱਗਲਰਾਂ ਨੂੰ ਰਾਜਨੀਤਿਕ ਸ਼ਹਿ ਹੋਣ ਕਾਰਣ ਇਸ ਪਿੰਡ 'ਚ ਨਸ਼ਿਆਂ ਦੇ ਕਾਲੇ ਵਪਾਰ 'ਤੇ ਕਾਬੂ ਪਾਉਣਾ ਪੁਲਸ ਲਈ ਮੁਸ਼ਕਲ ਹੋ ਰਿਹਾ ਹੈ। ਅੱਜ ਤੜਕਸਾਰ ਪੁਲਸ ਵਲੋਂ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਦੌਰਾਨ ਪੁਲਸ ਨੇ ਪਿੰਡ ਦੀਆਂ ਕੁਝ ਔਰਤਾਂ ਸਮੇਤ 10 ਲੋਕਾਂ ਨੂੰ ਰਾਊਂਡ ਅੱਪ ਕੀਤਾ ਹੈ। ਪੁਲਸ ਵਲੋਂ ਇਸ ਤਲਾਸ਼ੀ ਮੁਹਿੰਮ ਦੌਰਾਨ ਵਲੋਂ ਹਰਜੀਤ ਰਾਮ ਪੁੱਤਰ ਕਰਮਜੀਤ, ਪਰਮਜੀਤ ਕੌਰ ਪਤਨੀ ਪਰਮਜੀਤ ਸਿੰਘ, ਜੀਤਾ ਪਤਨੀ ਦੇਬੀ, ਬਲਵੀਰ ਕੌਰ ਪਤਨੀ ਲਹਿੰਬਰ, ਹਰਪ੍ਰੀਤ ਪਤਨੀ ਬਰਜਿੰਦਰ ਲਾਲ, ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਵਿਸ਼ਾਲ ਕੁਮਾਰ ਪੁੱਤਰ ਗੁਰਦਿਆਲ, ਜੋਗਿੰਦਰ ਪਾਲ ਪੁੱਤਰ ਮੰਗਤ ਰਾਮ, ਕੁਲਵਿੰਦਰ ਪਾਲ ਪੁੱਤਰ ਜੋਗਿੰਦਰ ਪਾਲ, ਸੰਨੀ ਪੁੱਤਰ ਸਤਪਾਲ (ਸਾਰੇ ਵਾਸੀ ਪਿੰਡ ਕਿੰਗਰਾ) ਨੂੰ ਪੁੱਛਗਿੱਛ ਲਈ ਹਿਰਸਾਤ 'ਚ ਲਿਆ ਗਿਆ। ਇਸ ਮੌਕੇ ਐੱਸ. ਪੀ. ਬਲਵੀਰ ਸਿੰਘ ਅਤੇ ਏ. ਐੱਸ. ਪੀ. ਅੰਕੁਰ ਗੁਪਤਾ ਨੇ ਪਿੰਡ ਦੇ ਲੋਕਾਂ ਨੂੰ ਇਕੱਤਰ ਕਰ ਕੇ ਪਿੰਡ ਕਿੰਗਰਾ 'ਚੋਂ ਨਸ਼ਿਆਂ ਦੇ ਖਾਤਮੇ ਲਈ ਪੁਲਸ ਦਾ ਸਹਿਯੋਗ ਕਰਨ ਅਤੇ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਲਾਕੇ ਵਿਚੋਂ ਹਰ ਹਾਲ ਵਿਚ ਖਤਮ ਕਰਾਂਗੇ ਨਸ਼ੇ ਦਾ ਖਾਤਮਾ - ਗੁਪਤਾ
ਪਿੰਡ ਕਿੰਗਰਾ 'ਚ ਨਸ਼ਿਆਂ ਖਿਲਾਫ ਚਲਾਈ ਗਈ ਸਰਚ ਮੁਹਿੰਮ ਸਬੰਧੀ ਏ. ਐੱਸ. ਪੀ. ਅੰਕੁਰ ਗੁਪਤਾ (ਆਈ. ਪੀ. ਐੱਸ.) ਨੇ ਕਿਹਾ ਹੈ ਕਿ ਪੁਲਸ ਵਲੋਂ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਸ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੁਲਸ ਵਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੀ ਮੁਹਿੰਮ ਅਰੰਭੀ ਗਈ ਹੈ। ਇਸ ਮੁਹਿੰਮ ਕਾਰਣ ਨਸ਼ਾ ਸਮੱਗਲਰਾਂ 'ਚ ਡਰ ਦੇਖਣ ਨੂੰ ਮਿਲ ਰਿਹਾ ਹੈ। ਪੁਲਸ ਵਲੋਂ ਅਜਿਹੇ ਆਪ੍ਰੇਸ਼ਨ ਅੱਗੇ ਵੀ ਚਲਦੇ ਰਹਿਣਗੇ।