ਜਲੰਧਰ ਨਿਗਮ ਹਾਊਸ ਦੀ ਮੀਟਿੰਗ ਨੂੰ ਲੈ ਕੇ ਕਾਂਗਰਸੀਆਂ ਦੀ ਪਲਾਨਿੰਗ ਸਮਝ ਤੋਂ ਪਰ੍ਹੇ
Saturday, Mar 22, 2025 - 06:30 PM (IST)

ਜਲੰਧਰ (ਖੁਰਾਣਾ)–ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ 27 ਮਹੀਨਿਆਂ ਬਾਅਦ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੀਟਿੰਗ ਬੀਤੇ ਦਿਨੀਂ ਰੈੱਡ ਕਰਾਸ ਭਵਨ ਵਿਚ ਸਮਾਪਤ ਹੋਈ ਪਰ ਇਹ ਮੀਟਿੰਗ ਸ਼ੁਰੂ ਤੋਂ ਅੰਤ ਤੱਕ ਹੰਗਾਮੇ ਦੀ ਭੇਟ ਚੜ੍ਹ ਗਈ। ਸ਼ਹਿਰ ਦੀਆਂ ਭਖਦੀਆਂ ਸਮੱਸਿਆਵਾਂ ਜਿਵੇਂ ਕੂੜੇ ਦੀ ਮੈਨੇਜਮੈਂਟ ਵਿਚ ਅਸਫ਼ਲਤਾ, ਸੀਵਰ ਦੀ ਸਫ਼ਾਈ, ਸਟ੍ਰੀਟ ਲਾਈਟਾਂ ਦੀ ਖ਼ਰਾਬ ਹਾਲਤ ਅਤੇ ਗੰਦੇ ਪਾਣੀ ਦੀ ਸਪਲਾਈ ’ਤੇ ਚਰਚਾ ਕਰਨ ਦਾ ਮੌਕਾ ਕਿਸੇ ਨੂੰ ਨਹੀਂ ਮਿਲ ਸਕਿਆ। ਮੀਟਿੰਗ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤਕ ਰੌਲਾ-ਰੱਪਾ ਅਤੇ ਹੰਗਾਮਾ ਹੀ ਰਿਹਾ, ਜਿਸ ਕਾਰਨ ਜਲੰਧਰ ਦੇ ਨਵੇਂ ਚੁਣੇ ਕੌਂਸਲਰ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ ਨੂੰ ਉਠਾਉਣ ਵਿਚ ਨਾਕਾਮ ਰਹੇ।
ਇਹ ਵੀ ਪੜ੍ਹੋ : ਪੰਜਾਬ 'ਚ ਚੱਲੀਆਂ ਫ਼ਿਲਮੀ ਸਟਾਈਲ 'ਚ ਗੋਲ਼ੀਆਂ! ਪੁਲਸ ਨੂੰ ਵੇਖ ਨੌਜਵਾਨ ਨੇ ਭਜਾਈ ਕਾਰ, ਫਿਰ ਵੀਡੀਓ ਬਣਾ...
ਕੁਝ ਕਾਂਗਰਸੀਆਂ ਦੇ ਹੰਗਾਮੇ ਨਾਲ ਸ਼ੁਰੂ ਹੋਇਆ ਵਿਵਾਦ
ਮੀਟਿੰਗ ਦੀ ਸ਼ੁਰੂਆਤ ਸਹੀ ਢੰਗ ਨਾਲ ਹੋਈ ਸੀ। ਮੇਅਰ ਆਪਣੀ ਗੱਲ ਰੱਖ ਰਹੇ ਸਨ ਅਤੇ ਕੌਂਸਲਰਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਣ ਵਾਲਾ ਸੀ ਪਰ ਅਚਾਨਕ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ 2-3 ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੇਅਰ ਨੇ ਜ਼ੀਰੋ ਆਵਰ ਐਲਾਨ ਵੀ ਕਰ ਦਿੱਤਾ ਅਤੇ ਕਾਂਗਰਸੀਆਂ ਨੂੰ ਪਹਿਲਾਂ ਬੋਲਣ ਦਾ ਮੌਕਾ ਵੀ ਦਿੱਤਾ ਪਰ ਇਸ ਦੇ ਬਾਵਜੂਦ ਹੰਗਾਮਾ ਸ਼ਾਂਤ ਨਹੀਂ ਹੋਇਆ। ਖ਼ਾਸ ਗੱਲ ਇਹ ਰਹੀ ਕਿ ਕਾਂਗਰਸ ਪਾਰਟੀ ਵੀ ਇਸ ਦੌਰਾਨ ਇਕਜੁੱਟ ਨਹੀਂ ਦਿਸੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਕੁਝ ਕਾਂਗਰਸੀ ਕੌਂਸਲਰ ਆਪਣੀ ਲੀਡਰਸ਼ਿਪ ਦੀ ਗੱਲ ਮੰਨ ਲੈਂਦੇ ਤਾਂ ਮੀਟਿੰਗ ਸੁਚਾਰੂ ਰੂਪ ਨਾਲ ਚੱਲ ਸਕਦੀ ਸੀ ਪਰ ਉਨ੍ਹਾਂ ਦੀ ਆਪਸੀ ਫੁੱਟ ਅਤੇ ਹੰਗਾਮੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ। ਸ਼ਹਿਰ ਵਾਸੀਆਂ ਅਤੇ ਮੀਟਿੰਗ ਵਿਚ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਇਹ ਰਣਨੀਤੀ ਕਿਸੇ ਨੂੰ ਸਮਝ ਨਹੀਂ ਆਈ ਕਿ ਉਹ ਮੀਟਿੰਗ ਵਿਚ ਅੜਿੱਕਾ ਪਾ ਕੇ ਕੀ ਹਾਸਲ ਕਰਨਾ ਚਾਹੁੰਦੇ ਸਨ।
ਇਹ ਵੀ ਪੜ੍ਹੋ : ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜੂਨ ਤੱਕ ਇਹ ਟਰੇਨਾਂ ਰਹਿਣਗੀਆਂ ਰੱਦ
ਸੱਤਾ ਧਿਰ ਦੀ ਵੀ ਰਹੀ ਕਮਜ਼ੋਰੀ, ਨਹੀਂ ਵਿਖਾਈ ਸਮਝਦਾਰੀ
ਹੰਗਾਮੇ ਲਈ ਸਿਰਫ ਵਿਰੋਧੀ ਧਿਰ ਨੂੰ ਹੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸੱਤਾ ਧਿਰ ਯਾਨੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਵੀ ਮੀਟਿੰਗ ਦੇ ਸੰਚਾਲਨ ਵਿਚ ਸਮਝਦਾਰੀ ਨਹੀਂ ਦਿਖਾਈ। ਕੁਝ ‘ਆਪ’ ਕੌਂਸਲਰਾਂ ਨੇ ਵੀ ਹੰਗਾਮੇ ਵਿਚ ਹਿੱਸਾ ਲਿਆ ਅਤੇ ਮੇਅਰ ਦੇ ਸਮਰਥਨ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਦੋਂ ਕਿ ਇਸ ਦੀ ਕੋਈ ਲੋੜ ਨਹੀਂ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ‘ਆਪ’ ਕੌਂਸਲਰ ਸ਼ਾਂਤ ਰਹਿੰਦੇ ਅਤੇ ਕਾਂਗਰਸੀਆਂ ਨੂੰ ਆਪਣੀ ਗੱਲ ਕਹਿਣ ਦਿੰਦੇ ਤਾਂ 2-4 ਮਿੰਟ ਬਾਅਦ ਸਥਿਤੀ ਆਪਣੇ-ਆਪ ਸਾਧਾਰਨ ਹੋ ਸਕਦੀ ਸੀ। ਇਸ ਤੋਂ ਬਾਅਦ ਮੀਟਿੰਗ ਵਿਚ ਸ਼ਹਿਰ ਦੀਆਂ ਸਮੱਸਿਆਵਾਂ ’ਤੇ ਸਾਰਥਕ ਚਰਚਾ ਹੋ ਸਕਦੀ ਸੀ ਪਰ ਅਜਿਹਾ ਨਹੀਂ ਹੋਇਆ ਅਤੇ ਮੀਟਿੰਗ ਬਿਨਾਂ ਕਿਸੇ ਨਤੀਜੇ ਦੇ ਖ਼ਤਮ ਹੋ ਗਈ।
ਸ਼ਹਿਰ ਦੀਆਂ ਸਮੱਸਿਆਵਾਂ ਅਣਸੁਲਝੀਆਂ, ਕੋਈ ਚਰਚਾ ਨਹੀਂ
ਜਲੰਧਰ ਸ਼ਹਿਰ ਲੰਮੇ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਸੀਵਰਾਂ ਦੀ ਸਫ਼ਾਈ ਨਾ ਹੋਣਾ, ਸਟ੍ਰੀਟ ਲਾਈਟਾਂ ਦਾ ਕੰਮ ਨਾ ਕਰਨਾ ਅਤੇ ਗੰਦੇ ਪਾਣੀ ਦੀ ਸਪਲਾਈ ਵਰਗੀਆਂ ਸਮੱਸਿਆਵਾਂ ਆਮ ਹੋ ਚੁੱਕੀਆਂ ਹਨ। ਹਾਲ ਹੀ ਵਿਚ ਚੁਣੇ ਗਏ 85 ਨਵੇਂ ਕੌਂਸਲਰਾਂ ਨੂੰ ਉਮੀਦ ਸੀ ਕਿ ਇਸ ਮੀਟਿੰਗ ਵਿਚ ਉਹ ਆਪਣੇ-ਆਪਣੇ ਵਾਰਡ ਦੀ ਗੱਲ ਰੱਖ ਸਕਣਗੇ ਅਤੇ ਇਨ੍ਹਾਂ ਮੁੱਦਿਆਂ ’ਤੇ ਸਮੂਹਿਕ ਫੈਸਲਾ ਲਿਆ ਜਾਵੇਗਾ ਪਰ ਹੰਗਾਮੇ ਦੀ ਵਜ੍ਹਾ ਨਾਲ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਮੀਟਿੰਗ ਵਿਚ ਕਿਸੇ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ।
ਇਹ ਵੀ ਪੜ੍ਹੋ : ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਕੈਮਰੇ ਸਾਹਮਣੇ ਆਏ SSP ਨਾਨਕ ਸਿੰਘ, ਕੀਤੇ ਵੱਡੇ ਖ਼ੁਲਾਸੇ
ਕੌਂਸਲਰ ਹਾਊਸ ਦੀ ਮੀਟਿੰਗ ਵਿਚ ਹੋਏ ਇਸ ਹੰਗਾਮੇ ਦੀ ਚਰਚਾ ਪੂਰੇ ਸ਼ਹਿਰ ਵਿਚ ਰਹੀ। ਨਿਗਮ ਅਧਿਕਾਰੀਆਂ ਅਤੇ ਆਮ ਜਨਤਾ ਸਾਹਮਣੇ ਕੌਂਸਲਰਾਂ ਦੇ ਅਕਸ ’ਤੇ ਵੀ ਸਵਾਲ ਉੱਠੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਨ-ਪ੍ਰਤੀਨਿਧੀ ਇਸ ਤਰ੍ਹਾਂ ਦੀ ਮੀਟਿੰਗ ਵਿਚ ਵੀ ਗੰਭੀਰਤਾ ਨਹੀਂ ਦਿਖਾਏਗਾ ਤਾਂ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਨਿਕਲੇਗਾ। ਇਸ ਮੀਟਿੰਗ ਨੂੰ ਲੈ ਕੇ ਹੁਣ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਭਵਿੱਖ ਵਿਚ ਅਜਿਹੀਆਂ ਮੀਟਿੰਗਾਂ ਨਾਲ ਕੋਈ ਹਾਂ-ਪੱਖੀ ਨਤੀਜਾ ਨਿਕਲ ਸਕੇਗਾ ਜਾਂ ਇਹ ਸਿਰਫ ਰਸਮੀ ਬਣ ਕੇ ਰਹਿ ਜਾਵੇਗੀ। ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਨਗਰ ਨਿਗਮ ਦੀ ਇਹ ਮੀਟਿੰਗ ਇਕ ਸੁਨਹਿਰੀ ਮੌਕਾ ਸੀ, ਜਿਸ ਵਿਚ ਸ਼ਹਿਰ ਦੀ ਦਸ਼ਾ ਸੁਧਾਰਨ ਲਈ ਠੋਸ ਕਦਮ ਚੁੱਕੇ ਜਾ ਸਕਦੇ ਸਨ ਪਰ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਦੀ ਨਾਸਮਝੀ ਅਤੇ ਹੰਗਾਮੇ ਕਾਰਨ ਇਹ ਮੌਕਾ ਹੱਥੋਂ ਨਿਕਲ ਗਿਆ। ਹੁਣ ਲੋਕਾਂ ਨੂੰ ਅਗਲੀ ਮੀਟਿੰਗ ਦੀ ਉਡੀਕ ਹੈ, ਜਿਸ ਵਿਚ ਸ਼ਾਇਦ ਉਨ੍ਹਾਂ ਦੀਆਂ ਸਮੱਸਿਆਵਾਂ ’ਤੇ ਗੰਭੀਰਤਾ ਨਾਲ ਵਿਚਾਰ ਹੋ ਸਕੇ।
ਇਹ ਵੀ ਪੜ੍ਹੋ : ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e