ਸਵੱਛ ਸਰਵੇਖਣ 2021 : ਇਕ ਮਹੀਨਾ ਨਗਰ ਨਿਗਮ ਦੀ ਸਖ਼ਤ ਪ੍ਰੀਖਿਆ ਦਾ, 4 ਜਨਵਰੀ ਤੋਂ ਸ਼ੁਰੂ ਹੋਵੇਗਾ ਸਰਵੇ

12/04/2020 10:18:42 AM

ਜਲੰਧਰ (ਸੋਮਨਾਥ)— ਸਵੱਛ ਸਰਵੇਖਣ 2021 'ਚ ਜਲੰਧਰ ਸ਼ਹਿਰ ਦੀ ਰੈਂਕਿੰਗ ਸੁਧਾਰਨ ਲਈ ਨਗਰ ਨਿਗਮ ਵੱਲੋਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਕਈ ਮੁਹਿੰਮਾਂ ਚਲਾਈਆਂ ਗਈਆਂ। 15 ਸਤੰਬਰ ਤੋਂ 15 ਅਕਤੂਬਰ ਤੱਕ ਸ਼ਹਿਰ 'ਚ 'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਚਲਾਈ ਗਈ। ਪ੍ਰਮੁੱਖ ਲੋਕਾਂ ਸਮੇਤ ਸ਼ਹਿਰ ਦੀਆਂ ਕਈ ਸਿੱਖਿਆ ਸੰਸਥਾਵਾਂ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਮੁਹਿੰਮ 'ਚ ਹਿੱਸਾ ਲਿਆ। ਨਿਗਮ ਕਮਿਸ਼ਨਰ, ਕਈ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਨੇ ਸ਼ਹਿਰ ਵਿਚ ਸਾਈਕਲ ਰੈਲੀ ਕੱਢ ਕੇ ਸਵੱਛਤਾ ਮਿਸ਼ਨ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਇਕ ਬਾਲੀਵੁੱਡ ਅਭਿਨੇਤਾ ਨੇ ਵੀ ਲੋਕਾਂ ਨੂੰ ਸਵੱਛ ਸਰਵੇਖਣ ਪ੍ਰਤੀ ਜਾਗਰੂਕ ਕੀਤਾ ਸੀ ਅਤੇ ਪੂਰੇ ਸ਼ਹਿਰ ਨੂੰ ਇਕ ਮੰਦਿਰ ਬਣਾਉਣ ਦਾ ਸੰਦੇਸ਼ ਦਿੱਤਾ ਗਿਆ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ

ਹੋਟਲਾਂ/ਹਸਪਤਾਲਾਂ ਅਤੇ ਵਾਰਡਾਂ ਦੀ ਚੈਕਿੰਗ ਕਰ ਕੇ ਪਹਿਲੇ, ਦੂਜੇ ਤੇ ਤੀਜੇ ਸਥਾਨਾਂ ਦੇ ਐਲਾਨ ਵੀ ਕੀਤੇ ਗਏ। ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ 250 ਦੇ ਕਰੀਬ ਕੰਪੋਸਟ ਪਿਟਸ ਵੀ ਬਣਾਏ ਗਏ। ਕੁਝ ਪਿਟਸ ਵਿਚ ਖਾਦ ਬਣਨੀ ਸ਼ੁਰੂ ਵੀ ਹੋ ਗਈ ਹੈ। 4 ਜਨਵਰੀ ਤੋਂ ਸ਼ਹਿਰ ਵਿਚ ਸਵੱਛ ਸਰਵੇਖਣ ਸ਼ੁਰੂ ਹੋ ਰਿਹਾ ਹੈ, ਜਿਹੜਾ 31 ਜਨਵਰੀ ਤੱਕ ਚੱਲੇਗਾ ਪਰ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰਾਂ ਕਾਰਣ ਜਿਹੜੇ ਹਾਲਾਤ ਪੈਦਾ ਹੋਏ ਹਨ, ਉਸ ਤੋਂ ਬਹੁਤ ਘੱਟ ਆਸ ਹੈ ਕਿ ਜਲੰਧਰ ਦੀ ਰੈਂਕਿੰਗ ਵਿਚ ਕੋਈ ਸੁਧਾਰ ਆਵੇਗਾ।

ਮੁੱਖ ਸੜਕਾਂ ਕੰਢੇ ਲੱਗੇ ਡੰਪ ਜਿਉਂ ਦੇ ਤਿਉਂ ਹਨ। ਸਹੀ ਅਰਥਾਂ ਵਿਚ ਇਨ੍ਹਾਂ ਡੰਪਾਂ ਤੋਂ ਪੂਰੇ ਕੂੜੇ ਨੂੰ ਚੁੱਕਿਆ ਹੀ ਨਹੀਂ ਜਾ ਰਿਹਾ। ਸ਼ਹਿਰ ਦੇ ਮੁੱਖ ਚੌਕ ਪਲਾਜ਼ਾ ਚੌਕ ਨੇੜੇ ਪੁਰਾਣੀ ਕਚਹਿਰੀ ਨੂੰ ਡੰਪ ਬਣਾ ਦਿੱਤਾ ਗਿਆ ਹੈ ਅਤੇ ਮਹੀਨੇ ਵਿਚ ਇਕ-ਅੱਧ ਵਾਰ ਅੱਗ ਵੀ ਲਾ ਦਿੱਤੀ ਜਾਂਦੀ ਹੈ, ਜਿਸ ਵਿਚੋਂ ਉਠਦੇ ਧੂੰਏਂ ਕਾਰਣ ਕਈ-ਕਈ ਦਿਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਲਹਾਲ ਨਗਰ ਨਿਗਮ ਕੋਲ ਆਪਣੀਆਂ ਗਲਤੀਆਂ ਸੁਧਾਰਨ ਲਈ ਇਕ ਮਹੀਨਾ ਬਚਿਆ ਹੈ। ਇਸ ਇਕ ਮਹੀਨੇ ਦੀ ਸਖ਼ਤ ਪ੍ਰੀਖਿਆ ਵਿਚ ਜਲੰਧਰ ਦੀ ਰੈਂਕਿੰਗ ਬਿਹਤਰ ਲਿਆਉਣ ਲਈ ਜੀਅ-ਜਾਨ ਨਾਲ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ

ਦਾਅਵਾ ਹਰ ਰੋਜ਼ 500 ਟਨ ਕੂੜਾ ਪੈਦਾ ਹੋਣ ਦਾ
ਨਗਰ ਨਿਗਮ ਵੱਲੋਂ ਰੋਜ਼ਾਨਾ ਸ਼ਹਿਰ ਵਿਚ 500 ਟਨ ਕੂੜਾ ਪੈਦਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਦਾਅਵਾ ਨਿਗਮ ਦੀਆਂ ਅਤੇ ਕੂੜੇ ਦੀ ਲਿਫਟਿੰਗ ਲਈ ਪ੍ਰਾਈਵੇਟ ਕੰਪਨੀਆਂ ਦੇ ਪ੍ਰਾਈਵੇਟ ਵਾਹਨਾਂ ਅਤੇ ਉਨ੍ਹਾਂ ਦੀ ਲਿਫਟਿੰਗ ਦੀ ਕਪੈਸਿਟੀ ਅਤੇ ਕੂੜੇ ਨੂੰ ਤੋਲਣ ਦੇ ਪ੍ਰੋਸੈਸ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਕੂੜੇ ਦੇ ਪਹਾੜ ਡੰਪਾਂ 'ਤੇ ਬਣੇ ਰਹਿੰਦੇ ਹਨ, ਜਿਸ ਦਾ ਕੋਈ ਹਿਸਾਬ ਨਹੀਂ ਹੈ। ਇਹ ਹਿਸਾਬ ਉਦੋਂ ਹੈ, ਜਦੋਂ ਟਨਾਂ ਦੇ ਹਿਸਾਬ ਨਾਲ ਰੈਗ ਪਿਕਰਸ ਅਤੇ ਕੂੜਾ ਛਾਂਟਣ ਵਾਲੇ ਕੂੜੇ ਵਿਚੋਂ ਪਲਾਸਟਿਕ ਕੱਢ ਕੇ ਲਿਜਾਂਦੇ ਹਨ।

ਈ-ਰਿਕਸ਼ੇ ਤਾਂ ਦੂਰ ਰੇਹੜੇ ਵੀ ਮੁਹੱਈਆ ਨਹੀਂ ਕਈ ਕੌਂਸਲਰਾਂ ਕੋਲ
ਕੌਂਸਲਰ ਹਾਊਸ ਦੀਆਂ ਮੀਟਿੰਗਾਂ ਵਿਚ ਹਰ ਵਾਰ ਵਾਰਡਾਂ ਵਿਚ ਰੇਹੜੇ ਮੁਹੱਈਆ ਕਰਵਾਉਣ ਦੀ ਮੰਗ ਕੌਂਸਲਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਜਲਦ ਈ-ਰਿਕਸ਼ਾ ਮੁਹੱਈਆ ਕਰਵਾਉਣ ਦੇ ਕੇ ਮੋੜ ਿਦੱਤਾ ਜਾਂਦਾ ਹੈ। ਸ਼ਹਿਰ ਵਿਚ ਕੁੱਲ 80 ਵਾਰਡ ਹਨ। 100 ਰੇਹੜੇ ਖਰੀਦਣ ਦੀ ਯੋਜਨਾ ਹੈ। ਵਧੇਰੇ ਵਾਰਡਾਂ ਦੇ ਹਿੱਸੇ ਇਕ ਵੀ ਈ-ਰਿਕਸ਼ਾ ਆਉਣ ਦੀ ਉਮੀਦ ਨਹੀਂ ਹੈ।

ਵਾਤਾਵਰਣ ਦਿਵਸ ਤੇ ਪ੍ਰਦੂਸ਼ਣ ਦਿਵਸ ਦੇ ਨੇੜੇ-ਤੇੜੇ ਫੜੇ ਜਾਂਦੇ ਹਨ ਪਲਾਸਟਿਕ ਦੇ ਲਿਫ਼ਾਫ਼ੇ
ਸ਼ਹਿਰ ਵਿਚੋਂ ਰੋਜ਼ਾਨਾ ਨਿਕਲਣ ਵਾਲੇ 500 ਟਨ ਕੂੜੇ ਵਿਚੋਂ ਅੱਧਾ ਕਚਰਾ ਪਲਾਸਟਿਕ ਦਾ ਹੈ। ਜਿੰਨੀ ਦੇਰ ਤੱਕ ਪਲਾਸਟਿਕ ਖਤਮ ਨਹੀਂ ਹੁੰਦਾ, ਡੰਪਾਂ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਹੋਣ ਦੀ ਗੁੰਜਾਇਸ਼ ਵੀ ਘੱਟ ਹੈ। ਜਿਥੋਂ ਤੱਕ ਪਲਾਸਟਿਕ ਦੀ ਵਰਤੋਂ 'ਤੇ ਰੋਕ ਲਾਉਣ ਦੀ ਗੱਲ ਹੈ, ਨਗਰ ਨਿਗਮ ਵੱਲੋਂ ਹਰ ਸਾਲ ਵਾਤਾਵਰਣ ਦਿਵਸ ਅਤੇ ਪ੍ਰਦੂਸ਼ਣ ਦਿਵਸ ਦੇ ਨੇੜੇ-ਤੇੜੇ ਪਲਾਸਟਿਕ ਦੇ ਲਿਫ਼ਾਫ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਲਿਫ਼ਾਫ਼ੇ ਫੜੇ ਜਾਂਦੇ ਹਨ ਪਰ ਕੁਝ ਦਿਨਾਂ ਬਾਅਦ ਨਿਗਮ ਆਪਣੀ ਜ਼ਿੰਮੇਵਾਰੀ ਭੁੱਲ ਜਾਂਦਾ ਹੈ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕੈਪਟਨ ਵੱਲੋਂ ਵਿੱਤੀ ਮਦਦ ਦੇਣ ਦਾ ਐਲਾਨ


shivani attri

Content Editor

Related News