ਬਿਨਾਂ ਲੋੜੀਂਦੇ ਸਫ਼ਾਈ ਅਮਲੇ ਦੇ ਸਰਵੇਖਣ 2021 ''ਚ ਵਧੀਆ ਰੈਂਕਿੰਗ ਪਾਉਣਾ ਚਾਹੁੰਦਾ ਜਲੰਧਰ ਨਗਰ ਨਿਗਮ

09/27/2020 2:35:38 PM

ਜਲੰਧਰ (ਸੋਮਨਾਥ)— ਨਗਰ ਨਿਗਮ ਵੱਲੋਂ 'ਸਵੱਛਤਾ ਸਰਵੇਖਣ 2021' 'ਚ ਜਲੰਧਰ ਦੀ ਰੈਂਕਿੰਗ ਬਿਹਤਰ ਲਿਆਉਣ ਲਈ 'ਮੇਰਾ ਕੂੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਸ਼ੁਰੂ ਕੀਤੀ ਗਈ ਹੈ। 15 ਸਤੰਬਰ ਤੋਂ ਸ਼ੁਰੂ ਹੋਈ ਇਹ ਮੁਹਿੰਮ 15 ਅਕਤੂਬਰ ਤੱਕ ਚੱਲੇਗੀ, ਜਿਸ ਵਿਚ ਲੋਕਾਂ ਦੀ ਹਿੱਸੇਦਾਰੀ ਵਧਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਜਿਹੜੀਆਂ ਚੀਜ਼ਾਂ ਨੂੰ ਅਸੀਂ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਨੂੰ ਕਮਾਈ ਦਾ ਜ਼ਰੀਆ ਬਣਾਇਆ ਜਾ ਸਕਦਾ ਹੈ, ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ 'ਸਵੱਛਤਾ ਸਰਵੇਖਣ 2021' ਦੀ ਪਹਿਲੀ ਕੈਟਾਗਿਰੀ ਸਿਟੀਜ਼ਨਜ਼ ਵਾਇਸ ਤਹਿਤ ਸਿਟੀਜ਼ਨਾਂ ਦੀ ਫੀਡਬੈਕ ਲਈ ਜਾ ਰਹੀ ਹੈ।

'ਸਵੱਛਤਾ ਸਰਵੇਖਣ 2021' 'ਚ ਸਿਟੀਜ਼ਨਜ਼ ਵਾਇਸ ਦੇ 600 ਅੰਕ ਹਨ ਅਤੇ ਕੁੱਲ ਅੰਕ 6 ਹਜ਼ਾਰ ਹਨ। ਸਿਟੀਜ਼ਨਜ਼ ਵਾਇਸ 'ਚ ਸਿਟੀਜ਼ਨਜ਼ ਫੀਡਬੈਕ ਕੰਟੈਂਟ ਤੋਂ ਇਲਾਵਾ ਸਿਟੀਜ਼ਨਜ਼ ਇੰਗੇਜਮੈਂਟ, ਸਿਟੀਜ਼ਨਜ਼ ਐਕਸਪੀਰੀਐਂਸ, ਸਵੱਛਤਾ ਐਪ ਅਤੇ ਇਨੋਵੇਸ਼ਨ ਐਂਡ ਬੈਸਟ ਪ੍ਰੈਕਟਿਸਿਜ਼ ਸ਼ਾਮਲ ਹਨ। ਸਵੱਛਤਾ ਸਰਵੇਖਣ 'ਚ ਬਿਹਤਰ ਰੈਂਕਿੰਗ ਹਾਸਲ ਕਰਨ ਲਈ ਨਗਰ ਨਿਗਮ ਦੀ ਅਸਲੀ ਪ੍ਰੀਖਿਆ ਕੈਟਾਗਰੀ ਸਰਵਿਸ ਲੈਵਲ ਪ੍ਰੋਗਰੈੱਸ (ਐੱਸ. ਐੱਲ. ਪੀ.) ਵਿਚ ਹੈ। ਇਸ ਕੈਟਾਗਿਰੀ ਦੇ 40 ਫੀਸਦੀ ਅੰਕ ਹਨ ਅਤੇ ਕੁੱਲ ਅੰਕ 6 ਹਜ਼ਾਰ। ਹਰੇਕ ਤਿਮਾਹੀ ਦੇ 2 ਹਜ਼ਾਰ ਅੰਕ ਹਨ। ਪਹਿਲੀ ਤਿਮਾਹੀ ਅਪ੍ਰੈਲ ਤੋਂ ਜੂਨ ਮਹੀਨੇ ਤੱਕ, ਦੂਜੀ ਜੁਲਾਈ ਤੋਂ ਸਤੰਬਰ ਅਤੇ ਤੀਜੀ ਅਕਤੂਬਰ ਤੋਂ ਦਸੰਬਰ ਤੱਕ ਹੈ। ਮੁੱਖ ਤੌਰ 'ਤੇ ਇਸ ਕੈਟਾਗਰੀ ਵਿਚ 3 ਪੁਆਇੰਟ ਹਨ, ਜਿਨ੍ਹਾਂ 'ਚੋਂ ਨਿਗਮ ਨੇ ਅੰਕ ਹਾਸਲ ਕਰਨੇ ਹਨ। ਇਹ ਪੁਆਇੰਟ ਕੁਲੈਕਸ਼ਨ ਐਂਡ ਟਰਾਂਸਪੋਰਟੇਸ਼ਨ, ਪ੍ਰੋਸੈਸਿੰਗ ਐਂਡ ਡਿਸਪੋਜ਼ਲ ਅਤੇ ਸਸਟੇਨੇਬਲ ਸੈਨੀਟੇਸ਼ਨ ਹਨ। ਇਨ੍ਹਾਂ ਤਿੰਨਾਂ ਪੁਆਇੰਟਾਂ ਵਿਚ ਜਨਸੰਖਿਆ ਦੇ ਹਿਸਾਬ ਨਾਲ ਲੋੜੀਂਦੀ ਮੈਨਪਾਵਰ ਅਤੇ ਟਰਾਂਸਪੋਰਟ ਸਿਸਟਮ ਦਰੁੱਸਤ ਨਾ ਹੋਣ ਕਾਰਨ ਅੰਕ ਘੱਟ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਉਥੇ ਹੀ ਜਨਤਾ ਸਵੱਛਤਾ ਪ੍ਰਤੀ ਕੁਝ ਹੱਦ ਤੱਕ ਜਾਗਰੂਕ ਤਾਂ ਹੈ ਪਰ ਸਾਰੀ ਜ਼ਿੰਮੇਵਾਰੀ ਨਗਰ ਨਿਗਮ 'ਤੇ ਪਾ ਦਿੰਦੀ ਹੈ।

ਇਹ ਵੀ ਪੜ੍ਹੋ: ਖੇਤੀ ਬਿੱਲ ਪਾਸ ਕਰਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਨੂੰ ਲੱਗਾ ਪਹਿਲਾ ਵੱਡਾ ਝਟਕਾ

ਸਵੱਛਤਾ ਸਰਵੇਖਣ 'ਚ ਜਲੰਧਰ (ਅਰਬਨ) ਕੈਟਾਗਿਰੀ ਅਤੇ ਜਨਸੰਖਿਆ
ਸਵੱਛਤਾ ਸਰਵੇਖਣ ਵਿਚ ਜਲੰਧਰ (ਅਰਬਨ) ਕੈਟਾਗਿਰੀ 10 ਲੱਖ ਤੋਂ ਘੱਟ ਜਨਸੰਖਿਆ ਵਾਲੀ ਹੈ। ਨਗਰ ਨਿਗਮ ਦੇ ਅੰਕੜੇ ਮੁਤਾਬਕ ਪਿਛਲੇ ਸਾਲ ਜਲੰਧਰ ਦੀ ਜਨਸੰਖਿਆ 873795 ਸੀ, ਜੋ ਇਸ ਸਾਲ ਵਧ ਕੇ 9 ਲੱਖ ਤੋਂ ਉਪਰ ਹੋ ਗਈ ਹੈ। ਭਾਵ ਸ਼ਹਿਰ ਦੀ ਕੁੱਲ ਆਬਾਦੀ 10 ਲੱਖ ਤੋਂ ਘੱਟ ਹੈ। ਇਹ ਅੰਕੜੇ ਕੰਪਿਊਟਰਾਈਜ਼ਡ ਹਨ।
ਜਲੰਧਰ ਸ਼ਹਿਰ ਦੀ ਕੁੱਲ ਸਹੀ ਜਨਸੰਖਿਆ ਕਿੰਨੀ ਹੈ, ਇਸ ਬਾਰੇ ਕੋਈ ਸਰਵੇਖਣ ਨਿਗਮ ਕੋਲ ਉਪਲੱਬਧ ਨਹੀਂ ਹੈ। ਨਿਗਮ ਹਰ ਸਾਲ ਪੁਆਇੰਟ 5 ਫੀਸਦੀ ਦੇ ਹਿਸਾਬ ਨਾਲ ਆਬਾਦੀ 'ਚ ਵਾਧਾ ਮੰਨਦਾ ਹੈ, ਜਦੋਂ ਕਿ ਦੇਸ਼ ਵਿਚ ਜਨਸੰਖਿਆ ਵਾਧਾ ਦਰ 1.3 ਹੈ। ਉਸੇ ਹਿਸਾਬ ਨਾਲ ਜਲੰਧਰ ਸ਼ਹਿਰ ਦੀ ਜਨਸੰਖਿਆ 10 ਲੱਖ ਤੋਂ ਕਿਤੇ ਜ਼ਿਆਦਾ ਅਤੇ ਦੂਜੇ ਸੂਬਿਆਂ ਤੋਂ ਆ ਕੇ ਜਲੰਧਰ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਜੋੜ ਲਈਏ ਤਾਂ ਜਨਸੰਖਿਆ ਦਾ ਇਹ ਅੰਕੜਾ 12 ਤੋਂ 13 ਲੱਖ ਵਿਚਕਾਰ ਹੋਣ ਦੀ ਸੰਭਾਵਨਾ ਹੈ।

2600 ਤੋਂ 2700 ਵਿਚਕਾਰ ਸਫਾਈ ਕਰਮਚਾਰੀਆਂ ਦੀ ਲੋੜ
ਜਿਸ ਹਿਸਾਬ ਨਾਲ ਜਲੰਧਰ ਸ਼ਹਿਰ ਵਿਚ ਜਨਸੰਖਿਆ ਵਧ ਕੇ 12 ਤੋਂ 13 ਲੱਖ ਦੇ ਵਿਚਕਾਰ ਪਹੁੰਚ ਗਈ ਹੈ ਅਤੇ ਨਗਰ ਨਿਗਮ ਦਾ ਖੇਤਰਫਲ ਵਧ ਰਿਹਾ ਹੈ, ਕਈ ਪਿੰਡ ਇਸ ਨਾਲ ਜੁੜ ਗਏ ਹਨ, ਉਸੇ ਹਿਸਾਬ ਨਾਲ ਸ਼ਹਿਰ ਵਿਚ ਸਫਾਈ ਵਿਵਸਥਾ ਨੂੰ ਦਰੁੱਸਤ ਰੱਖਣ ਲਈ ਘੱਟ ਤੋਂ ਘੱਟ 2600 ਤੋਂ 2700 ਦੇ ਵਿਚਕਾਰ ਸਫਾਈ ਕਰਮਚਾਰੀਆਂ ਅਤੇ 3 ਦਰਜਨ ਦੇ ਕਰੀਬ ਸੈਨੇਟਰੀ ਇੰਸਪੈਕਟਰਾਂ ਦੀ ਲੋੜ ਹੈ। ਮੌਜੂਦਾ ਹਾਲਾਤ ਮੁਤਾਬਕ ਨਗਰ ਨਿਗਮ ਕੋਲ 1900 ਦੇ ਲਗਭਗ ਸਫਾਈ ਕਰਮਚਾਰੀ ਹਨ ਅਤੇ 250 ਦੇ ਕਰੀਬ ਅਹੁਦੇ ਖਾਲੀ ਪਏ ਹਨ, ਜਿਨ੍ਹਾਂ 'ਤੇ ਕਈ ਸਾਲਾਂ ਤੋਂ ਕਰਮਚਾਰੀਆਂ ਦੀ ਨਿਯੁਕਤੀ ਨਹੀਂ ਹੋਈ। ਉਥੇ ਹੀ ਨਿਗਮ ਕੋਲ ਮੌਜੂਦਾ ਸਮੇਂ 10 ਸੈਨੇਟਰੀ ਇੰਸਪੈਕਟਰ ਹਨ, ਜੋ ਕਿ 1900 ਦੇ ਕਰੀਬ ਸਫਾਈ ਕਰਮਚਾਰੀਆਂ ਦੀ ਵਾਰਡਾਂ ਦੇ ਹਿਸਾਬ ਨਾਲ ਕਿਸੇ ਵੀ ਸੂਰਤ ਵਿਚ ਨਿਗਰਾਨੀ ਨਹੀਂ ਕਰ ਸਕਦੇ। ਇਸ ਲਈ ਮਿਸ਼ਨ ਦੀ ਕਾਮਯਾਬੀ ਲਈ ਹੋਰ ਅਮਲੇ ਦੀ ਲੋੜ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਕੂੜਾ ਸੁੱਟਣ ਨੂੰ ਲੈ ਕੇ ਹੋਏ ਵਿਵਾਦ ਨੇ ਧਾਰਿਆ ਹਿੰਸਕ ਰੂਪ

ਕੱਟ ਸਕਦੇ ਨੇ ਸਟਰਾਮ ਵਾਟਰ ਸਿਸਟਮ ਦੇ ਅੰਕ
ਸਰਵਿਸ ਲੈਵਲ ਪ੍ਰੋਗਰੈੱਸ ਤਹਿਤ ਕੂੜੇ ਦੀ ਟਰਾਂਸਪੋਰਟੇਸ਼ਨ ਦੇ ਨਾਲ-ਨਾਲ ਸੀਵਰੇਜ-ਵਾਟਰ ਦੀ ਟਰਾਂਸਪੋਰਟ ਦਾ ਸਹੀ ਹੋਣਾ ਵੀ ਸ਼ਾਮਲ ਹੈ। ਸੱਚਾਈ ਇਹ ਹੈ ਕਿ ਸੀਵਰੇਜ ਦਾ ਸਾਰਾ ਪਾਣੀ ਡਰੇਨਾਂ 'ਚ ਵਹਾਇਆ ਜਾ ਰਿਹਾ ਹੈ, ਜਦੋਂ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਮੁਤਾਬਕ ਡਰੇਨਾਂ 'ਚ ਸਿਰਫ ਬਰਸਾਤੀ ਪਾਣੀ ਹੀ ਪਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਨਿਗਮ ਦੀ ਓ. ਐਂਡ ਐੱਮ. ਬ੍ਰਾਂਚ ਦੇ ਚੇਅਰਮੈਨ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਜਾ ਚੁੱਕਾ ਹੈ ਕਿ ਸ਼ਹਿਰ ਵਿਚ ਸਟਰਾਮ ਵਾਟਰ ਸਿਸਟਮ ਦਰੁੱਸਤ ਨਹੀਂ ਹੈ, ਜਿਸ ਕਾਰਣ ਬਰਸਾਤ ਦਾ ਪਾਣੀ ਸੀਵਰੇਜ ਲਾਈਨਾਂ 'ਚ ਜਾ ਰਿਹਾ ਹੈ, ਜਿਸ ਕਾਰਨ ਸੀਵਰੇਜ ਟਰੀਟਮੈਂਟ ਪਲਾਂਟਾਂ (ਐੱਸ. ਟੀ. ਪੀ.) 'ਤੇ ਬੋਝ ਵਧ ਗਿਆ ਹੈ, ਜਿਨ੍ਹਾਂ ਦੀ ਸਮਰੱਥਾ ਵਧਾਉਣ ਲਈ ਡੀ. ਪੀ. ਆਰ. ਤਿਆਰ ਕੀਤੀ ਗਈ ਹੈ। 50 ਅਤੇ 15 ਐੱਲ. ਐੱਲ. ਡੀ. ਸਮਰੱਥਾ ਦੇ ਦੋਵੇਂ ਐੱਸ. ਟੀ. ਪੀ. ਬਣਨ ਵਿਚ ਲਗਭਗ 2 ਸਾਲ ਦਾ ਸਮਾਂ ਲੱਗ ਸਕਦਾ ਹੈ। ਅਜਿਹੀ ਹਾਲਤ ਵਿਚ ਸੀਵਰੇਜ ਦੇ ਪਾਣੀ ਦਾ ਵਹਾਅ ਡਰੇਨਾਂ ਵਿਚ ਵਧੇਗਾ। ਡਰੇਨਾਂ ਵਿਚ ਸੀਵਰੇਜ ਦਾ ਪਾਣੀ ਜਾਣ ਕਾਰਨ ਸਰਵਿਸ ਲੈਵਲ ਪ੍ਰੋਗਰੈੱਸ ਵਿਚ ਮਿਲਣ ਵਾਲੇ ਅੰਕ ਕੱਟ ਸਕਦੇ ਹਨ।

ਇਹ ਵੀ ਪੜ੍ਹੋ:  ਜਿਸ ਨਾਲ ਜਿਊਣ-ਮਰਨ ਦੀਆਂ ਖਾਧੀਆਂ ਸਨ ਕਸਮਾਂ, ਉਸੇ ਨੇ ਕੀਤਾ ਖ਼ੌਫ਼ਨਾਕ ਕਦਮ ਚੁੱਕਣ ਨੂੰ ਮਜਬੂਰ


shivani attri

Content Editor

Related News