ਮੱਠੀ ਰਫ਼ਤਾਰ ਨਾਲ ਜਾਰੀ ਹੈ ਵਾਰਡਬੰਦੀ ਦਾ ਕੰਮ, ਗੰਭੀਰਤਾ ਨਾਲ ਨਹੀਂ ਲਈਆਂ ਜਾ ਰਹੀਆਂ ਨਿਗਮ ਚੋਣਾਂ
Friday, Jan 20, 2023 - 04:45 PM (IST)

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਮੌਜੂਦਾ ਕੌਂਸਲਰ ਹਾਊਸ ਦੀ ਮਿਆਦ ਅੱਜ ਤੋਂ ਠੀਕ 5 ਦਿਨਾਂ ਬਾਅਦ 24 ਜਨਵਰੀ ਨੂੰ ਖ਼ਤਮ ਹੋਣ ਜਾ ਰਹੀ ਹੈ ਪਰ ਅਗਲੀਆਂ ਨਿਗਮ ਚੋਣਾਂ ਕਦੋਂ ਹੋਣਗੀਆਂ ਇਸਦਾ ਫਿਲਹਾਲ ਕੋਈ ਅਤਾ-ਪਤਾ ਨਹੀਂ ਚੱਲ ਪਾ ਰਿਹਾ ਕਿਉਂਕਿ ਕੋਈ ਵੀ ਇਨ੍ਹਾਂ ਨਿਗਮ ਚੋਣਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ। ਭਾਵੇਂ ਸਰਕਾਰ ਨੇ ਲਗਭਗ 6 ਮਹੀਨੇ ਪਹਿਲਾਂ ਜਲੰਧਰ ਨਗਰ ਨਿਗਮ ਦੇ 5 ਵਾਰਡ ਵਧਾਉਣ ਦਾ ਫ਼ੈਸਲਾ ਲਿਆ ਸੀ ਅਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਾ ਹੈ ਪਰ ਉਸ ਤੋਂ ਬਾਅਦ ਹੋਏ ‘ਪਾਪੂਲੇਸ਼ਨ ਸਰਵੇ’ ਵਿਚ ਕਈ ਖਾਮੀਆਂ ਨਿਕਲੀਆਂ, ਜਿਹੜੀਆਂ ਅੱਜ ਤੱਕ ਦੂਰ ਨਹੀਂ ਕੀਤੀਆਂ ਜਾ ਸਕੀਆਂ। ਪਤਾ ਲੱਗਾ ਹੈ ਕਿ ਹੁਣ ਪੰਜਾਬ ਸਰਕਾਰ ਨੇ 23 ਜਨਵਰੀ ਨੂੰ ਵਾਰਡਬੰਦੀ ਸਬੰਧੀ ਇਕ ਮੀਟਿੰਗ ਸੱਦ ਲਈ ਹੈ ਪਰ ਜਿਸ ਤਰ੍ਹਾਂ ਨਿਗਮ ਅਤੇ ਚੰਡੀਗਡ਼੍ਹ ਤੋਂ ਆਈ ਟੀਮ ਵੱਲੋਂ ਵਾਰਡਾਂ ਵਿਚ ਜਾ ਕੇ ਕੰਮ ਕੀਤਾ ਜਾ ਿਰਹਾ ਹੈ, ਉਸ ਤੋਂ ਲੱਗਦਾ ਹੈ ਕਿ 23 ਨੂੰ ਵੀ ਵਾਰਡਬੰਦੀ ਦਾ ਸਰਵੇ ਪੂਰਾ ਨਹੀਂ ਹੋ ਸਕੇਗਾ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਅਬੋਹਰ ਵਿਖੇ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ, ਭ੍ਰਿਸ਼ਟਾਚਾਰ ਨੂੰ ਲੈ ਕੇ ਘੇਰੇ ਬਾਦਲ ਤੇ ਕੈਪਟਨ
ਜ਼ਿਕਰਯੋਗ ਹੈ ਕਿ 80 ਵਿਚੋਂ 27 ਵਾਰਡ ਅਜਿਹੇ ਸਨ, ਜਿੱਥੇ ਜਨਸੰਖਿਆ 10 ਸਾਲ ਪਹਿਲਾਂ ਵਾਲੀ ਜਨਸੰਖਿਆ ਤੋਂ ਵੀ ਘੱਟ ਨਿਕਲੀ ਸੀ। ਇਸ ਦੀ ਹੁਣ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਸਰਵੇ ਕਰਨ ਫੀਲਡ ਵਿਚ ਉਤਰੀ ਟੀਮ ਨੇ ਕਈ ਇਲਾਕਿਆਂ ਵਿਚ ਬਿਲਕੁਲ ਹੀ ਕਵਰ ਨਹੀਂ ਕੀਤਾ ਸੀ। ਹੁਣ ਚੰਡੀਗੜ੍ਹ ਤੋਂ ਆਈ ਟੀਮ ਵੱਲੋਂ ਦੋਬਾਰਾ ਸਰਵੇ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ 27 ਵਾਰਡਾਂ ਦੇ ਸਰਵੇ ਵਿਚ ਗੜਬਡ਼ੀ ਸੀ, ਉਨ੍ਹਾਂ ਵਿਚੋਂ ਅਜੇ 15 ਵਾਰਡਾਂ ਦਾ ਸਰਵੇ ਹੀ ਦੋਬਾਰਾ ਹੋ ਸਕਿਆ ਹੈ ਅਤੇ 12 ਵਾਰਡਾਂ ਦਾ ਸਰਵੇ ਅਜੇ ਹੋਣਾ ਬਾਕੀ ਹੈ। ਇਸ ਕੰਮ ਵਿਚ ਲਗਭਗ 2 ਹਫ਼ਤੇ ਲੱਗ ਸਕਦੇ ਹਨ। ਹੁਣ 23 ਜਨਵਰੀ ਨੂੰ ਸੱਦੀ ਗਈ ਮੀਟਿੰਗ ਵਿਚ ਅਧਿਕਾਰੀ ਅਤੇ ਜਨ-ਪ੍ਰਤੀਨਿਧੀ ਕੀ ਫ਼ੈਸਲਾ ਲੈਂਦੇ ਹਨ, ਇਹ ਤਾਂ ਬਾਅਦ ਵੀ ਪਤਾ ਲੱਗ ਸਕੇਗਾ ਪਰ ਇੰਨਾ ਤੈਅ ਹੈ ਕਿ ਵਾਰਡਬੰਦੀ ਦੀ ਪ੍ਰਕਿਰਿਆ ਨੂੰ ਕੋਈ ਵੀ ਸਿਆਸੀ ਪਾਰਟੀ ਗੰਭੀਰਤਾ ਨਾਲ ਨਹੀਂ ਲੈ ਰਹੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਤਾਂ ਨਿਗਮ ਚੋਣਾਂ ਨੂੰ 3-4 ਮਹੀਨਿਆਂ ਲਈ ਟਾਲਣ ਦੇ ਪੱਖ ਵਿਚ ਦਿਸ ਰਹੇ ਹਨ।
ਇਹ ਵੀ ਪੜ੍ਹੋ : ਕਪੂਰਥਲਾ: ਹਮੀਰਾ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਪੁਲਸ ਮੁਲਾਜ਼ਮ ਸਣੇ 4 ਨੌਜਵਾਨਾਂ ਦੀ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।