ਜਲੰਧਰ ਸ਼ਹਿਰ ਦੀ ਸਿਆਸਤ ਗਰਮਾਈ, ਮੇਅਰ ਨੇ ਚਿੱਠੀ ਲਿਖ ਨਿਗਮ ਕਮਿਸ਼ਨਰ ਦੀ CM ਮਾਨ ਨੂੰ ਲਾਈ ਸ਼ਿਕਾਇਤ

Friday, Aug 26, 2022 - 11:50 AM (IST)

ਜਲੰਧਰ ਸ਼ਹਿਰ ਦੀ ਸਿਆਸਤ ਗਰਮਾਈ, ਮੇਅਰ ਨੇ ਚਿੱਠੀ ਲਿਖ ਨਿਗਮ ਕਮਿਸ਼ਨਰ ਦੀ CM ਮਾਨ ਨੂੰ ਲਾਈ ਸ਼ਿਕਾਇਤ

ਜਲੰਧਰ (ਖੁਰਾਣਾ)– ਇਸੇ ਸਾਲ ਫਰਵਰੀ-ਮਾਰਚ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸੱਤਾ ਜਿੱਥੇ ਆਮ ਆਦਮੀ ਪਾਰਟੀ ਦੇ ਹੱਥ ਵਿਚ ਆ ਗਈ, ਉਥੇ ਹੀ ਜਲੰਧਰ ਦੇ 2 ਕਾਂਗਰਸੀ ਵਿਧਾਇਕਾਂ ਨੂੰ ਵੀ ‘ਆਪ’ ਦੇ ਉਮੀਦਵਾਰਾਂ ਨੇ ਹਰਾ ਦਿੱਤਾ। ਅਜਿਹੇ ਵਿਚ ਕੁਝ ਸਮੇਂ ਲਈ ਸ਼ਹਿਰ ਦੀ ਸਿਆਸਤ ਬਿਲਕੁਲ ਸੁੰਨ ਜਿਹੀ ਹੋ ਕੇ ਰਹਿ ਗਈ ਸੀ ਪਰ ਹੁਣ ਆਗਾਮੀ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼ਹਿਰ ਦੀ ਸਿਆਸਤ ਇਕ ਵਾਰ ਫਿਰ ਗਰਮਾਉਣ ਲੱਗੀ ਹੈ। ਇਸ ਸਮੇਂ ਜਿੱਥੇ ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਨਿਗਮ ਅਤੇ ਜਲੰਧਰ ਸਮਾਰਟ ਸਿਟੀ ਵਿਚ ਹੋਏ ਕਰੋੜਾਂ ਰੁਪਏ ਦੇ ਘਪਲਿਆਂ ਦੀ ਚਰਚਾ ਪੂਰੇ ਪੰਜਾਬ ਵਿਚ ਹੈ, ਉਥੇ ਹੀ ਨਗਰ ਨਿਗਮ ਦੇ ਕਾਂਗਰਸੀ ਮੇਅਰ ਜਗਦੀਸ਼ ਰਾਜਾ ਨੇ ਵੀਰਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਚਿੱਠੀ ਲਿਖ ਕੇ ਨਿਗਮ ਕਮਿਸ਼ਨਰ ਅਤੇ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਦੀ ਸ਼ਿਕਾਇਤ ਲਾਈ ਹੈ।

ਇਹ ਵੀ ਪੜ੍ਹੋ: PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ

ਚਿੱਠੀ ਵਿਚ ਮੇਅਰ ਨੇ ਲਿਖਿਆ ਕਿ ਲਗਭਗ 50 ਕਰੋੜ ਰੁਪਏ ਦੀ ਲਾਗਤ ਵਾਲੇ ਐੱਲ. ਈ. ਡੀ. ਪ੍ਰਾਜੈਕਟ ਵਿਚ ਕਈ ਗੜਬੜੀਆਂ ਸਾਹਮਣੇ ਆ ਰਹੀਆਂ ਸਨ ਅਤੇ ਵਧੇਰੇ ਕੌਂਸਲਰਾਂ ਨੇ ਵੀ ਇਸ ਪ੍ਰਾਜੈਕਟ ’ਤੇ ਉਂਗਲੀ ਉਠਾਈ ਸੀ। ਇਸ ਕਾਰਨ ਇਕ ਜੁਲਾਈ ਨੂੰ ਕੌਂਸਲਰ ਹਾਊਸ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ 8 ਕੌਂਸਲਰਾਂ ਦੀ ਕਮੇਟੀ ਬਣਾਈ ਗਈ, ਜਿਸ ਨੇ 13 ਜੁਲਾਈ ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਨਿਗਮ ਕਮਿਸ਼ਨਰ ਨੇ ਇਸ ਰਿਪੋਰਟ ’ਤੇ ਜਾਂਚ ਕਰਨ ਲਈ 15 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਨਿਗਮ ਕਮਿਸ਼ਨਰ ਨੇ ਜਾਂਚ ਰਿਪੋਰਟ ਪੇਸ਼ ਨਹੀਂ ਕੀਤੀ, ਜਿਸ ਤੋਂ ਸਪੱਸ਼ਟ ਹੈ ਕਿ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਮਾਮਲੇ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਮੇਅਰ ਨੇ ਚਿੱਠੀ ਦੇ ਨਾਲ ਕੌਂਸਲਰਾਂ ਦੀ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ, ਪ੍ਰਾਜੈਕਟ ਦੇ ਥਰਡ ਪਾਰਟੀ ਆਡਿਟ ਦੀ ਰਿਪੋਰਟ ਆਦਿ ਨੂੰ ਵੀ ਮੁੱਖ ਮੰਤਰੀ ਕੋਲ ਭੇਜ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਸਬੰਧ ਵਿਚ ਸਖ਼ਤ ਕਾਰਵਾਈ ਕਰ ਕੇ ਸ਼ਹਿਰ ਨਿਵਾਸੀਆਂ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਇਸ ਚਿੱਠੀ ਦੀ ਕਾਪੀ ਲੋਕਲ ਬਾਡੀਜ਼ ਮੰਤਰੀ ਅਤੇ ਪ੍ਰਿੰਸੀਪਲ ਸੈਕਟਰੀ ਨੂੰ ਵੀ ਭੇਜੀ ਹੈ।

ਇਹ ਵੀ ਪੜ੍ਹੋ:ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

ਕਾਂਗਰਸੀ ਕੌਂਸਲਰ ਨਿੰਮਾ ਨੇ ਵੀ ਕਮਿਸ਼ਨਰ ਵਿਰੁੱਧ ਖੋਲ੍ਹਿਆ ਮੋਰਚਾ

ਮੇਅਰ ਰਾਜਾ ਦੇ ਨਾਲ-ਨਾਲ ਕਾਂਗਰਸੀ ਕੌਂਸਲਰ ਨਿਰਮਲ ਸਿੰਘ ਨਿੰਮਾ ਨੇ ਵੀ ਅੱਜ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਨਿਗਮ ਨੇ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਵਾਰਡ ਵਿਚ ਪੈਂਦੇ ਲੰਮਾ ਪਿੰਡ ਇਲਾਕੇ ਵਿਚ ਟਾਹਲੀ ਵਾਲਾ ਮੁਹੱਲਾ, ਛੋਟਾ ਪ੍ਰਾਇਮਰੀ ਸਕੂਲ, ਬਾਵਾ ਜੀ ਮੁਹੱਲਾ ਅਤੇ ਕ੍ਰਿਸ਼ਚੀਅਨ ਸ਼ਮਸ਼ਾਨਘਾਟ ਦੇ ਨੇੜੇ ਲੱਗੇ 4 ਟਿਊਬਵੈੱਲ ਖਰਾਬ ਪਏ ਹਨ ਅਤੇ ਪੂਰੇ ਇਲਾਕੇ ਵਿਚ ਪਾਣੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ ਪਰ ਕਮਿਸ਼ਨਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ 2 ਵਾਰਡਾਂ ਦੀਆਂ ਕਈ ਮੋਟਰਾਂ ਖਰਾਬ ਹੋ ਗਈਆਂ ਸਨ, ਜਿਨ੍ਹਾਂ ਨੂੰ ਨਿਗਮ ਅਧਿਕਾਰੀਆਂ ਨੇ ਆਪਣੇ ਪੱਧਰ ’ਤੇ ਠੀਕ ਕਰਵਾ ਲਿਆ ਸੀ ਪਰ ਹੁਣ ਉਨ੍ਹਾਂ ਕੰਮਾਂ ਦੀ ਪੇਮੈਂਟ ਸਬੰਧੀ ਫਾਈਲ ’ਤੇ ਵੀ ਕਮਿਸ਼ਨਰ ਵੱਲੋਂ ਸਾਈਨ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਜੇ. ਈ., ਐੱਸ. ਡੀ. ਓ., ਐਕਸੀਅਨ, ਐੱਸ. ਈ. ਆਦਿ ਨੇ ਅੱਗੇ ਆਪਣੇ ਪੱਧਰ ’ਤੇ ਕੰਮ ਕਰਵਾਉਣ ਤੋਂ ਨਾਂਹ ਕਰ ਦਿੱਤੀ ਹੈ।

PunjabKesari

ਕੌਂਸਲਰ ਨਿੰਮਾ ਨੇ ਕਿਹਾ ਕਿ ਭਾਵੇਂ ਨਿਗਮ ਕਮਿਸ਼ਨਰ ਨੇ ਸਾਰੀਆਂ ਫਾਈਲਾਂ ’ਤੇ ਸਾਈਨ ਕਰਨ ਦਾ ਕੰਮ ਰੋਕਿਆ ਹੋਇਆ ਹੈ ਪਰ ਪੀਣ ਵਾਲੇ ਪਾਣੀ ਵਰਗੀ ਐਮਰਜੈਂਸੀ ਲਈ ਉਨ੍ਹਾਂ ਦਾ ਇਹ ਰਵੱਈਆ ਠੀਕ ਨਹੀਂ ਹੈ। ਕੌਂਸਲਰ ਨਿੰਮਾ ਨੇ ਮੇਅਰ ਨੂੰ ਵੀ ਅਪੀਲ ਕੀਤੀ ਕਿ ਕਮਿਸ਼ਨਰ ਦੇ ਰਵੱਈਏ ਨੂੰ ਦੇਖਦੇ ਹੋਏ ਕੌਂਸਲਰ ਹਾਊਸ ਦੀ ਮੀਟਿੰਗ ਜਲਦ ਬੁਲਾਈ ਜਾਵੇ ਕਿਉਂਕਿ ਨਿਗਮ ਦੇ ਬਾਕੀ ਸਾਰੇ ਅਧਿਕਾਰੀ, ਸਾਰੇ ਠੇਕੇਦਾਰ ਅਤੇ ਸਾਰੇ ਕੌਂਸਲਰ ਕਮਿਸ਼ਨਰ ਤੋਂ ਕਾਫੀ ਪ੍ਰੇਸ਼ਾਨ ਹਨ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News