ਜਲੰਧਰ ਦਾ ESI ਹਸਪਤਾਲ ਖ਼ੁਦ ਬੀਮਾਰ, ਉੱਚ ਅਧਿਕਾਰੀਆਂ ਨੂੰ ਦਖ਼ਲ ਦੇਣ ਦੀ ਅਪੀਲ

Friday, Aug 25, 2023 - 05:26 PM (IST)

ਜਲੰਧਰ ਦਾ ESI ਹਸਪਤਾਲ ਖ਼ੁਦ ਬੀਮਾਰ, ਉੱਚ ਅਧਿਕਾਰੀਆਂ ਨੂੰ ਦਖ਼ਲ ਦੇਣ ਦੀ ਅਪੀਲ

ਜਲੰਧਰ (ਜ. ਬ)- ਈ. ਐੱਸ. ਆਈ. ਹਸਪਤਾਲ ’ਚ ਆਉਣ ਵਾਲੇ ਮਰੀਜ਼ ਆਪਣੀ ਮਿਹਨਤ ਦੀ ਕਮਾਈ ’ਚੋਂ ਈ. ਐੱਸ. ਆਈ. ਫੰਡ ਕਟਵਾਉਂਦੇ ਹਨ ਤਾਂ ਜੋ ਲੋੜ ਪੈਣ ’ਤੇ ਉਹ ਹਸਪਤਾਲ ’ਚ ਮੁਫ਼ਤ ਇਲਾਜ ਕਰਵਾ ਸਕਣ, ਜਿਸ ’ਚ ਫੈਕਟਰੀ ਮਾਲਕ ਵੀ ਆਪਣਾ ਯੋਗਦਾਨ ਪਾਉਂਦੇ ਹਨ ਤੇ ਬਾਕੀ ਸਹਾਇਤਾ ਸਰਕਾਰ ਕਰਦੀ ਹੈ ਤਾਂ ਜੋ ਲੋੜਵੰਦ ਮਰੀਜ਼ ਆਪਣਾ ਇਲਾਜ ਵਧੀਆ ਤਰੀਕੇ ਨਾਲ ਕਰਵਾ ਸਕਣ। ਇਸ ਸਭ ਦੇ ਬਾਵਜੂਦ ਈ. ਐੱਸ. ਆਈ. ਹਸਪਤਾਲ ਇਨ੍ਹੀਂ ਦਿਨੀਂ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ‘ਜਗ ਬਾਣੀ ’ ਦੀ ਟੀਮ ਨੇ ਹਸਪਤਾਲ ਦਾ ਦੌਰਾ ਕਰਨ ’ਤੇ ਦੇਖਿਆ ਕਿ ਹਸਪਤਾਲ ’ਚ ਸਫ਼ਾਈ ਦਾ ਬੁਰਾ ਹਾਲ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਹਸਪਤਾਲ ਦੀ ਚਾਰਦੀਵਾਰੀ, ਘੱਟ ਮਰੀਜ਼ਾਂ ਦੇ ਬੈੱਡਾਂ ਦੇ ਨੇੜੇ ਤੇ ਪਖਾਨਿਆਂ ਦੇ ਬਾਹਰ ਗੰਦਗੀ ਦੇਖੀ ਜਾ ਸਕਦੀ ਸੀ। ਵਾਰਡ ’ਚ ਇਲਾਜ ਅਧੀਨ ਮਰੀਜ਼ਾਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਵਾਰਡ ’ਚ ਮੱਛਰ ਵੀ ਗੂੰਜ ਰਹੇ ਸਨ, ਵਾਰਡ ’ਚ ਲੱਗੇ ਕੂੜੇ ਦੇ ਡਸਟਬਿਨ ਕੂੜੇ ਨਾਲ ਭਰੇ ਪਏ ਸਨ ਤੇ ਬਾਹਰ ਕੂੜਾ ਖਿੱਲਰਿਆ ਪਿਆ ਸੀ। ਈ. ਐੱਸ. ਆਈ. ਹਸਪਤਾਲ ਦੇ ਇਤਿਹਾਸ ’ਚ ਅਜਿਹੀ ਸਥਿਤੀ ਸ਼ਾਇਦ ਹੀ ਕਦੇ ਦੇਖੀ ਗਈ ਹੋਵੇ। ਵਾਰਡ ’ਚ ਇਲਾਜ ਅਧੀਨ ਕੁਝ ਲੋਕਾਂ ਦਾ ਕਹਿਣਾ ਸੀ ਕਿ ਈ. ਐੱਸ. ਆਈ. ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਸਿਹਤ ਸਹੂਲਤ ਸਰਕਾਰ ਦੇ ਦਾਅਵਿਆਂ ਨੂੰ ਫੇਲ ਕਰ ਰਹੀਆਂ ਹਮ ਕਿ ਲੋਕਾਂ ਨੂੰ ਬਿਹਤਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ- ਕਾਂਗਰਸ ਨੇ ਚੋਣਾਂ ਲਈ 4 ਕੋ-ਆਰਡੀਨੇਟਰ ਕੀਤੇ ਨਿਯੁਕਤ, ਸ਼ਮਸ਼ੇਰ ਦੂਲੋ ਸਣੇ ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ ਜ਼ਿਮੇਵਾਰੀ

ਕੀ ਗੁਲੂਕੋਜ਼ ਸਟੈਂਡ ਖਰੀਦਣ ਲਈ ਵੀ ਪੈਸੇ ਨਹੀਂ ਹਨ ਹਸਪਤਾਲ ਪ੍ਰਬੰਧਕਾਂ ਕੋਲ?
ਈ. ਐੱਸ. ਆਈ. ਹਸਪਤਾਲ ’ਚ ‘ਜਗ ਬਾਣੀ’ ਦੀ ਟੀਮ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਹਸਪਤਾਲ ਦੇ ਅਧਿਕਾਰੀਆਂ ਕੋਲ ਮਰੀਜ਼ਾਂ ਲਈ ਗਲੂਕੋਜ਼ ਸਟੈਂਡ ਖਰੀਦਣ ਲਈ ਵੀ ਪੈਸੇ ਨਹੀਂ ਹਨ। ਮਰੀਜ਼ਾਂ ਦੇ ਬੈੱਡਾਂ ਨੇੜੇ ਕੰਧਾਂ ’ਤੇ ਕੁੰਡੀ ਲਾ ਕੇ ਉਥੇ ਹੀ ਗੁਲੂਕੋਜ਼ ਲਾ ਕੇ ਗਲੂਕੋਜ਼ ਸਟੈਂਡ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਅਸੀਂ ਨਵੇਂ ਯੁੱਗ ’ਚ ਨਹੀਂ ਹਾਂ ਪਰ ਇਹ ਸਾਨੂੰ ਪੁਰਾਣੇ ਦੌਰ ਦੀ ਯਾਦ ਦਿਵਾਉਂਦਾ ਹੈ, ਜਦੋਂ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਮਾੜੀ ਸੀ। ਇਸ ਦੇ ਨਾਲ ਹੀ ਹਸਪਤਾਲ ’ਚ ਕੁਝ ਮਰੀਜ਼ਾਂ ਦੇ ਬੈੱਡਾਂ ’ਤੇ ਚਾਦਰਾਂ ਵਿਛੀਆਂ ਨਜ਼ਰ ਆਈਆਂ ਤੇ ਕੁਝ ਮਰੀਜ਼ਾਂ ਨੂੰ ਬੈੱਡ ਸ਼ੀਟਾਂ ਤੱਕ ਵੀ ਨਹੀਂ ਦਿੱਤੀਆਂ ਗਈਆਂ।

PunjabKesari

ਈ. ਐੱਸ. ਆਈ. ਹਸਪਤਾਲ ਚਲਾ ਰਿਹੈ ਆਪਣੀ ਖ਼ੁਦ ਦੀ ਡੇਂਗੂ ਫੈਕਟਰੀ
ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ ਤੇ ਲੋਕ ਡੇਂਗੂ ਮੱਛਰ ਦੇ ਕੱਟਣ ਨਾਲ ਬੀਮਾਰ ਹੋ ਰਹੇ ਹਨ ਅਤੇ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਇਸ ਸਬੰਧੀ ਜਾਗਰੂਕਤਾ ਫੈਲਾ ਰਹੀਆਂ ਹਨ ਤੇ ਸਿਹਤ ਮੰਤਰੀ ਵੱਲੋਂ ਹਰ ਸ਼ੁੱਕਰਵਾਰ ਡੇਂਗੂ ਨੂੰ ਲੈ ਕੇ ‘ਡੇਂਗੂ ’ਤੇ ਵਾਰ’ ਕੰਪੇਨ ਚਲਾਈ ਜਾ ਰਹੀ ਹੈ ਤਾਂ ਦੂਜੇ ਪਾਲੇ ਈ. ਐੱਸ. ਆਈ. ਹਸਪਤਾਲ ’ਚ ਡੇਂਗੂ ਦੀ ਫੈਕਟਰੀ ਚੱਲ ਰਹੀ ਹੈ ਤੇ ਉੱਥੇ ਵੱਡੀ ਗਿਣਤੀ ’ਚ ਮੱਛਰ ਘੁੰਮ ਰਹੇ ਹਨ। ਗੌਰਤਲਬ ਹੈ ਕਿ ਬਰਸਾਤ ਤੋਂ ਬਾਅਦ ਬਰਸਾਤੀ ਪਾਣੀ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਸਬੰਧਤ ਅਦਾਰੇ ਦੇ ਅਧਿਕਾਰੀ ਦੀ ਹੁੰਦੀ ਹੈ ਪਰ ਈ. ਐੱਸ. ਆਈ. ਹਸਪਤਾਲ ’ਚ ਬਰਸਾਤੀ ਪਾਣੀ ਦੀ ਸਫ਼ਾਈ ਨਹੀਂ ਬਲਕਿ ਇਸ ਨੂੰ ਸੁੱਕਣ ਦੀ ਉਡੀਕ ਕੀਤਾ ਜਾਂਦੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਕੰਮ ਤੋਂ ਘਰ ਜਾ ਰਹੀ ਔਰਤ ਨਾਲ ਦੇਰ ਰਾਤ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਵੀ ਨਹੀਂ ਸੀ

PunjabKesari

ਸਿਹਤ ਮੰਤਰੀ ਨੂੰ ਈ. ਐੱਸ. ਆਈ. ਹਸਪਤਾਲ ਦਾ ਜਲਦ ਦੌਰਾ ਕਰਨ ਦੀ ਅਪੀਲ
ਵੈਸੇ ਜਿਵੇਂ ਹੀ ਕਿਸੇ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਸਿਹਤ ਮੰਤਰੀ ਹਸਪਤਾਲ ਦਾ ਦੌਰਾ ਕਰਨ ਆ ਰਹੇ ਹਨ ਤਾਂ ਹਸਪਤਾਲਾਂ ਦੀ ਕਾਇਆ ਹੀ ਬਦਲ ਜਾਂਦੀ ਹੈ। ਹਸਪਤਾਲ ’ਚ ਹਰ ਤਰ੍ਹਾਂ ਦੇ ਸੁਧਾਰ ਦੇ ਨਾਲ ਖਾਸ ਤੌਰ ’ਤੇ ਸਾਫ਼-ਸਫ਼ਾਈ ਦੇਖਣ ਨੂੰ ਮਿਲਦੀ ਹੈ ਤੇ ਮਰੀਜ਼ਾਂ ਨੂੰ ਨਵੀਆਂ ਚਾਦਰਾਂ ਮਿਲਦੀਆਂ ਹਨ। ਇਸ ਲਈ ਅਜਿਹੀ ਸਥਿਤੀ ’ਚ ਜੇਕਰ ਸਿਹਤ ਮੰਤਰੀ ਈ. ਐੱਸ. ਆਈ. ਹਸਪਤਾਲ ਦਾ ਦੌਰਾ ਕਰਦੇ ਹਨ ਤਾਂ ਇਕ ਵਾਰ ਫਿਰ ਤੋਂ ਈ. ਐੱਸ. ਆਈ. ਹਸਪਤਾਲ ਨੂੰ ਸਾਫ਼-ਸੁਥਰਾ ਵੇਖਿਆ ਜਾ ਸਕਦਾ ਹੈ।

ਮੈਡੀਕਲ ਸੁਪਰਡੈਂਟ ਨੇ ਝਾੜਿਆ ਪੱਲਾ, ਕਿਹਾ: ਮੈਂ ਮਰੀਜ਼ਾਂ ਦੇ ਸਿਰ ’ਤੇ ਥੋੜ੍ਹਾ ਖੜ੍ਹੀ ਹਾਂ, ਸਟਾਫ਼ ਨੂੰ ਪੁੱਛੋ
ਜਦ ‘ਜਗ ਬਾਣੀ’ ਦੇ ਪੱਤਰਕਾਰ ਨੇ ਈ. ਐੱਸ. ਆਈ. ਦੇ ਮੈਡੀਕਲ ਸੁਪਰਡੈਂਟ ਤੋਂ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ ਤਾਂ ਡਾ. ਜਸਮਿੰਦਰ ਨੇ ਕਿਹਾ ਕਿ ਹਸਪਤਾਲ ’ਚ ਸਵੀਪਰਾਂ ਦੀਆਂ 20 ਅਸਾਮੀਆਂ ਹਨ ਪਰ ਹਸਪਤਾਲ ’ਚ ਸਿਰਫ਼ 5 ਸਵੀਪਰ ਹੀ ਤਾਇਨਾਤ ਹਨ। ਡਾ. ਜਸਮਿੰਦਰ ਨੇ ‘ਜਗ ਬਾਣੀ’ ਦੇ ਰਿਪੋਰਟਰ ਨੂੰ ਬੇਨਤੀ ਕੀਤੀ ਕਿ ਤੁਸੀਂ ਇੱਥੇ ਹੋਰ ਸਵੀਪਰ ਲਗਵਾਓ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼ਾਇਦ ਡਾ. ਜਸਮਿੰਦਰ ਨੂੰ ਯਕੀਨ ਨਹੀਂ ਹੈ ਕਿ ਉਨ੍ਹਾਂ ਦੇ ਕਹਿਣ ’ਤੇ ਹਸਪਤਾਲ ’ਚ ਸਵੀਪਰ ਤਾਇਨਾਤ ਹੋਣਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਗੁਲੂਕੋਜ਼ ਸਟੈਂਡ ਨਹੀਂ ਹੈ, ਉਸ ਦੀ ਡਿਮਾਂਡ ਭੇਜ ਦਿੱਤੀ ਹੈ, ਜੇਕਰ ਸਾਮਾਨ ਆਇਆ ਤਾਂ ਲਾ ਦਿੱਤਾ ਜਾਵੇਗਾ। ਇਕ ਸਵਾਲ ਦੇ ਜਵਾਬ ’ਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੁਝ ਮਰੀਜ਼ਾਂ ਨੂੰ ਬੈੱਡ ਸ਼ੀਟਾਂ ਨਹੀਂ ਮਿਲ ਰਹੀਆਂ ਤਾਂ ਉਨ੍ਹਾਂ ਕਿਹਾ ਕਿ ਡਿਊਟੀ ’ਤੇ ਮੌਜੂਦ ਸਟਾਫ ਨੂੰ ਪੁੱਛੋ। ਡਿਊਟੀ ’ਤੇ ਹੀ ਜਵਾਬ ਦੇਵਾਂਗੀ। ਮੈਂ ਮਰੀਜ਼ਾਂ ਦੇ ਸਿਰ ’ਤੇ ਥੋੜ੍ਹੀ ਖੜ੍ਹੀ ਰਹੂੰਗੀ।

ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News