ਜਲੰਧਰ ਨਿਗਮ ਨੇ ਨਾਜਾਇਜ਼ ਢੰਗ ਨਾਲ ਕੱਟੀਆਂ ਜਾ ਰਹੀਆਂ 4 ਕਾਲੋਨੀਆਂ ’ਤੇ ਚਲਾਇਆ ਬੁਲਡੋਜ਼ਰ
Wednesday, Oct 12, 2022 - 01:25 PM (IST)
ਜਲੰਧਰ (ਖੁਰਾਣਾ)–ਨਿਗਮ ਕਮਿਸ਼ਨਰ ਦਵਿੰਦਰ ਸਿੰਘ ਦੇ ਹੁਕਮਾਂ ’ਤੇ ਮੰਗਲਵਾਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਉੱਤਰੀ ਵਿਧਾਨ ਸਭਾ ਹਲਕੇ ਅਧੀਨ ਇਲਾਕਿਆਂ ਵਿਚ ਵੱਡੀ ਕਾਰਵਾਈ ਕੀਤੀ।
ਇਸ ਦੌਰਾਨ ਨਾ ਸਿਰਫ਼ ਨਾਜਾਇਜ਼ ਢੰਗ ਨਾਲ ਕੱਟੀਆਂ ਜਾ ਰਹੀਆਂ 4 ਕਾਲੋਨੀਆਂ ’ਤੇ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ, ਸਗੋਂ ਬਿਨਾਂ ਨਕਸ਼ਾ ਬਣਾਈਆਂ ਜਾ ਰਹੀਆਂ 3-4 ਕੋਠੀਆਂ ’ਤੇ ਵੀ ਡਿੱਚ ਮਸ਼ੀਨ ਚਲਾਈ ਗਈ ਅਤੇ ਉਨ੍ਹਾਂ ਨੂੰ ਵੀ ਮਲੀਆਮੇਟ ਕਰ ਦਿੱਤਾ ਗਿਆ। ਜਿਹੜੀਆਂ 4 ਕੋਠੀਆਂ ਦੀ ਉਸਾਰੀ ਪੂਰੀ ਹੋ ਚੁੱਕੀ ਸੀ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ 5 ਦੁਕਾਨਾਂ ਨੂੰ ਵੀ ਸੀਲ ਲਾਈ ਗਈ। ਇਹ ਕਾਰਵਾਈ ਐੱਮ. ਟੀ. ਪੀ. ਨੀਰਜ ਭੱਟੀ ਦੀ ਦੇਖ-ਰੇਖ ਵਿਚ ਹੋਈ। ਇਸ ਦੌਰਾਨ ਏ. ਟੀ. ਪੀ. ਸਤੀਸ਼ ਮਲਹੋਤਰਾ, ਬਲਵਿੰਦਰ ਸਿੰਘ ਆਦਿ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ
ਨਿਗਮ ਦੀ ਟੀਮ ਨੇ ਗਦਾਈਪੁਰ-ਰੰਧਾਵਾ ਮਸੰਦਾਂ ਰੋਡ ’ਤੇ ਲਗਭਗ ਢਾਈ ਏਕੜ ਰਕਬੇ ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ’ਤੇ ਡਿੱਚ ਚਲਾਉਣ ਤੋਂ ਬਾਅਦ ਸਲੇਮਪੁਰ ਮੁਸਲਮਾਨਾਂ ਇਲਾਕੇ ਵਿਚ 2 ਨਾਜਾਇਜ਼ ਕਾਲੋਨੀਆਂ ਨੂੰ ਤੋੜਿਆ, ਜਿਹੜੀਆਂ ਕਿਸੇ ਵਿੱਕੀ ਨਾਂ ਦੇ ਡੀਲਰ ਦੀਆਂ ਸਨ। ਇਨ੍ਹਾਂ ਕਾਲੋਨੀਆਂ ਵਿਚ ਨਾਜਾਇਜ਼ ਢੰਗ ਨਾਲ ਦੁਕਾਨਾਂ ਤੱਕ ਬਣਾ ਲਈਆਂ ਗਈਆਂ ਸਨ, ਜਿਨ੍ਹਾਂ ਵਿਚੋਂ 5 ਦੁਕਾਨਾਂ ਨੂੰ ਸੀਲ ਵੀ ਕੀਤਾ ਗਿਆ। ਇਸ ਤੋਂ ਬਾਅਦ ਨਿਗਮ ਟੀਮ ਨੇ ਬੱਲੇ-ਬੱਲੇ ਫਾਰਮ ਦੇ ਪਿੱਛੇ ਰੇਰੂ ਦੇ ਬਚਿੰਤ ਨਗਰ ਇਲਾਕੇ ਵਿਚ ਕਾਰਵਾਈ ਕਰਕੇ ਉਥੇ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਨੂੰ ਤੋੜ ਦਿੱਤਾ।
ਇਥੇ ਡੀਲਰਾਂ ਵੱਲੋਂ ਛੋਟੀਆਂ-ਛੋਟੀਆਂ ਕੋਠੀਆਂ ਦੀ ਉਸਾਰੀ ਬਿਨਾਂ ਨਕਸ਼ਾ ਪਾਸ ਕਰਵਾਏ ਕੀਤੀ ਜਾ ਰਹੀ ਸੀ। ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਨਵੀਆਂ ਬਣ ਰਹੀਆਂ ਕੋਠੀਆਂ ਨੂੰ ਤੋੜਨ ਤੋਂ ਬਾਅਦ ਕੁਝ ਇਕ ਨੂੰ ਸੀਲ ਵੀ ਕਰ ਦਿੱਤਾ।
ਨਿਗਮ ਦੀ ਇਸ ਕਾਰਵਾਈ ਨਾਲ ਪੂਰੇ ਇਲਾਕੇ ਵਿਚ ਸਾਰਾ ਦਿਨ ਹੜਕੰਪ ਮਚਿਆ ਰਿਹਾ। ਕਾਰਵਾਈ ਦੇ ਸਮੇਂ ਨਿਗਮ ਟੀਮ ਦੇ ਨਾਲ ਭਾਰੀ ਗਿਣਤੀ ਵਿਚ ਪੁਲਸ ਫੋਰਸ ਮੌਜੂਦ ਸੀ ਪਰ ਕਿਸੇ ਜਗ੍ਹਾ ਵਿਰੋਧ ਨਹੀਂ ਹੋਇਆ। ਮੰਨਿਆ ਜਾ ਰਿਹਾ ਹੈ ਕਿ ਅਜਿਹੀ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ: ਧੀ ਨੂੰ ਕਰਵਾਚੌਥ ਦਾ ਵਰਤ ਦੇ ਕੇ ਵਾਪਸ ਪਰਤ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ, ਪਤੀ ਦੀ ਤੜਫ਼-ਤੜਫ਼ ਕੇ ਹੋਈ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ