ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ ਨਿਗਮ, ਨਿੱਜੀ ਜੇਬਾਂ ’ਚ ਜਾ ਰਿਹੈ ਪੈਸਾ
Saturday, Apr 04, 2026 - 03:42 PM (IST)
ਜਲੰਧਰ (ਖੁਰਾਣਾ)–ਜਲੰਧਰ ਨਗਰ ਨਿਗਮ ਦਾ ਚਰਚਿਤ ਰੰਗਲਾ ਵਿਹੜਾ ਪ੍ਰਾਜੈਕਟ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਇਹ ਪ੍ਰਾਜੈਕਟ ਸ਼ੁਰੂ ਤੋਂ ਹੀ ਵਿਵਾਦਾਂ ਵਿਚ ਘਿਰਿਆ ਰਿਹਾ ਹੈ ਅਤੇ ਇਸ ਦੀ ਅਲਾਟਮੈਂਟ ਅਤੇ ਮੈਨੇਜਮੈਂਟ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਦੀ ਸ਼ੁਰੂਆਤ ਸਾਬਕਾ ਲੋਕਲ ਬਾਡੀਜ਼ ਮੰਤਰੀ ਸਵ. ਚੌਧਰੀ ਜਗਜੀਤ ਸਿੰਘ ਦੇ ਕਾਰਜਕਾਲ ਵਿਚ ਬੀ. ਓ. ਟੀ. (ਬਿਲਡ-ਆਪ੍ਰੇਟ-ਟਰਾਂਸਫਰ) ਮਾਡਲ ’ਤੇ ਕੀਤੀ ਗਈ ਸੀ। ਇਸ ਸਮੇਂ ਇਸ ਨੂੰ ਜਲੰਧਰ ਦੀ ਇਕ ਨਿੱਜੀ ਫਰਮ ਨੂੰ ਸੌਂਪਿਆ ਗਿਆ ਸੀ। ਕਈ ਸਾਲਾਂ ਤਕ ਨਿੱਜੀ ਕੰਪਨੀ ਵੱਲੋਂ ਸੰਚਾਲਨ ਦੇ ਬਾਅਦ ਕਰਾਰ ਖਤਮ ਹੋਣ ’ਤੇ ਪ੍ਰਾਜੈਕਟ ਨਿਗਮ ਨੂੰ ਵਾਪਸ ਮਿਲ ਗਿਆ ਅਤੇ ਲੰਮੇ ਸਮੇਂ ਤਕ ਨਿਗਮ ਦੇ ਕਬਜ਼ੇ ਵਿਚ ਰਿਹਾ।
ਇਹ ਵੀ ਪੜ੍ਹੋ: DM ਰੰਧਾਵਾ ਖ਼ੁਦਕੁਸ਼ੀ ਮਾਮਲੇ ਦੀ ਹੋਵੇ CBI ਜਾਂਚ, ਪਰਿਵਾਰ ਦੇ ਇਨਸਾਫ਼ ਲਈ ਸੰਘਰਸ਼ ਰਹੇਗਾ ਜਾਰੀ: ਅਸ਼ਵਨੀ ਸ਼ਰਮਾ
ਸਾਲ 2020 ਵਿਚ ਪੰਜਾਬ ਵਿਚ ਕਾਂਗਰਸ ਸਰਕਾਰ ਦੌਰਾਨ ਇਸ ਪ੍ਰਾਜੈਕਟ ਨੂੰ ਕਥਿਤ ਤੌਰ ’ਤੇ ਖ਼ੁਫ਼ੀਆ ਤਰੀਕੇ ਨਾਲ ਇਕ ਨਿੱਜੀ ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ। ਉਸ ਸਮੇਂ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਭਾਜਪਾ ਕੌਂਸਲਰਾਂ ਨੇ ਇਸ ਮੁੱਦੇ ਨੂੰ ਉਠਾਇਆ ਪਰ ਮਾਮਲਾ ਦਬਾ ਦਿੱਤਾ ਗਿਆ। ਇਸ ਦੇ ਬਾਅਦ 2022 ਵਿਚ ਇਹ ਪ੍ਰਾਜੈਕਟ ਅੰਮ੍ਰਿਤਸਰ ਦੀ ਇਕ ਕੰਪਨੀ ਨੂੰ ਦਿੱਤਾ ਗਿਆ।
ਫਰਵਰੀ 2024 ਵਿਚ ਉਕਤ ਕੰਪਨੀ ਦਾ ਕਾਂਟਰੈਕਟ ਖਤਮ ਹੋ ਗਿਆ ਅਤੇ ਪ੍ਰਾਜੈਕਟ ਨਿਗਮ ਨੂੰ ਦੇ ਦਿੱਤਾ ਗਿਆ ਪਰ ਨਿਗਮ ਦੀ ਲਾਪ੍ਰਵਾਹੀ ਕਾਰਨ ਕਈ ਮਹੀਨਿਆਂ ਤਕ ਇਸ ’ਤੇ ਬਾਹਰੀ ਲੋਕਾਂ ਦਾ ਕਬਜ਼ਾ ਬਣਿਆ ਰਿਹਾ, ਜਿਸ ਨਾਲ ਨਿਗਮ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ। ਇਸ ਦੌਰਾਨ ਪ੍ਰਾਜੈਕਟ ਦਾ ਸਰੂਪ ਵੀ ਬਦਲ ਦਿੱਤਾ ਗਿਆ ਅਤੇ ਉਥੇ ਇਕ ਵੱਡਾ ਸ਼ੋਅਰੂਮ ਤਕ ਬਣਾ ਦਿੱਤਾ ਗਿਆ। ਨਿਗਮ ਨੇ ਸ਼ੈੱਡ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਹੀ ਪ੍ਰਾਪਰਟੀ ਹੋਣ ਦੇ ਬਾਵਜੂਦ ਕਾਰਵਾਈ ਪੂਰੀ ਨਹੀਂ ਕਰ ਸਕਿਆ। ਪਿਛਲੇ ਸਾਲ ਨਗਰ ਨਿਗਮ ਨੇ ਸ਼ਹਿਰ ਦੀਆਂ ਪਾਰਕਿੰਗ ਸਾਈਟਸ ਦੀ ਈ-ਨਿਲਾਮੀ ਕੀਤੀ, ਜਿਸ ਵਿਚ ਰੰਗਲਾ ਵਿਹੜਾ ਪ੍ਰਾਜੈਕਟ ਸਭ ਤੋਂ ਮਹਿੰਗੀ ਕੀਮਤ ’ਤੇ ਅਲਾਟ ਹੋਇਆ। ਨਿਗਮ ਦੇ ਰਿਕਾਰਡ ਅਨੁਸਾਰ ਇਸ ਨੂੰ 3 ਸਾਲ ਲਈ ਅਲਾਟ ਕੀਤਾ ਗਿਆ ਸੀ, ਜਿਸ ਤੋਂ ਹਰ ਸਾਲ 66.30 ਲੱਖ ਰੁਪਏ ਅਤੇ ਕੁੱਲ ਮਿਲਾ ਕੇ ਲੱਗਭਗ 2 ਕਰੋੜ ਰੁਪਏ ਦੀ ਆਮਦਨ ਹੋਣੀ ਸੀ ਪਰ ਅਸਲੀਅਤ ਇਹ ਹੈ ਕਿ ਅੱਜ ਤਕ ਨਿਗਮ ਨੂੰ ਇਸ ਪ੍ਰਾਜੈਕਟ ਤੋਂ ਇਕ ਵੀ ਰੁਪਈਆ ਪ੍ਰਾਪਤ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਵਿਖੇ ਭਾਜਪਾ ਦਫ਼ਤਰ ’ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ! ਮੋਰਿੰਡਾ ਨਾਲ ਜੁੜੇ ਤਾਰ
ਭਗਵਾਨ ਵਾਲਮੀਕਿ ਚੌਕ ਵਰਗੇ ਸ਼ਹਿਰ ਦੇ ਸਭ ਤੋਂ ਬਿਜ਼ੀ ਅਤੇ ਮਹਿੰਗੇ ਇਲਾਕੇ ਵਿਚ ਸਥਿਤ ਹੋਣ ਦੇ ਬਾਵਜੂਦ ਇਹ ਪ੍ਰਾਜੈਕਟ ਰੈਵੇਨਿਊ ਦੇਣ ਵਿਚ ਪੂਰੀ ਤਰ੍ਹਾਂ ਫੇਲ ਰਿਹਾ ਹੈ। ਆਲੇ-ਦੁਆਲੇ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਦੀ ਕੀਮਤ ਕਰੋੜਾਂ ਵਿਚ ਹੋਣ ਦੇ ਬਾਵਜੂਦ ਨਿਗਮ ਦੀ ਇਹ ਪ੍ਰਾਪਰਟੀ ਸਾਲਾਂ ਤੋਂ ਕੋਈ ਇਨਕਮ ਨਹੀਂ ਦੇ ਪਾ ਰਹੀ, ਜੋ ਸਰਕਾਰੀ ਅਧਿਕਾਰੀਆਂ ਦੀ ਗੰਭੀਰ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਸਥਿਤੀ ਇਹ ਹੈ ਕਿ ਸਰਕਾਰੀ ਰੈਵੇਨਿਊ ਦੀ ਚਿੰਤਾ ਕਰਨ ਦੀ ਬਜਾਏ ਜ਼ਿੰਮੇਵਾਰ ਅਧਿਕਾਰੀ ਸਿਰਫ ਆਪਣੀ ਤਨਖ਼ਾਹ ਤਕ ਸੀਮਤ ਨਜ਼ਰ ਆਉਂਦੇ ਹਨ। ਹੁਣ ਇਕ ਵਾਰ ਫਿਰ ਨਗਰ ਨਿਗਮ ਇਸ ਪ੍ਰਾਜੈਕਟ ਦੀ ਦੁਬਾਰਾ ਨਿਲਾਮੀ ਦੀ ਤਿਆਰੀ ਕਰ ਰਿਹਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਇਸ ਵਾਰ ਨਿਗਮ ਨੂੰ ਅਸਲ ਵਿਚ ਕੋਈ ਆਮਦਨ ਹੋ ਪਾਵੇਗੀ ਜਾਂ ਫਿਰ ਇਹ ਪ੍ਰਾਜੈਕਟ ਇੰਝ ਹੀ ਵਿਵਾਦਾਂ ਵਿਚ ਘਿਰਿਆ ਰਹੇਗਾ।
ਪ੍ਰਾਜੈਕਟ ਦੇ ਆਲੇ-ਦੁਆਲੇ ਨਾਜਾਇਜ਼ ਪਾਰਕਿੰਗ ਦੀ ਖੇਡ, ਨਿਗਮ ਨੇ ਪੁਲਸ ਕੇਸ ਦਰਜ ਕਰਨ ਦੀ ਕੀਤੀ ਸਿਫ਼ਾਰਿਸ਼
ਨਗਰ ਨਿਗਮ ਵੱਲੋਂ ਸਾਲਾਂ ਪਹਿਲਾਂ ਰੰਗਲਾ ਵਿਹੜਾ ਪ੍ਰਾਜੈਕਟ ਦੇ ਨਾਲ ਅੰਡਰਗਰਾਊਂਡ ਪਾਰਕਿੰਗ ਬਣਾਈ ਗਈ ਸੀ। ਅੰਡਰਗਰਾਊਂਡ ਪਾਰਕਿੰਗ ਤੋਂ ਜਿਥੇ ਸ਼ੁਰੂਆਤੀ ਸਮੇਂ ਵਿਚ ਨਿਗਮ ਨੂੰ ਕੁਝ ਆਮਦਨ ਹੋਈ ਸੀ, ਉਥੇ ਹੀ ਪਿਛਲੇ ਕਈ ਸਾਲਾਂ ਤੋਂ ਇਸ ਪਾਰਕਿੰਗ ਤੋਂ ਨਿਗਮ ਦੇ ਖਜ਼ਾਨੇ ਵਿਚ ਇਕ ਵੀ ਪੈਸਾ ਨਹੀਂ ਪਹੁੰਚਿਆ ਹੈ। ਇਸ ਦੇ ਉਲਟ ਪਾਰਕਿੰਗ ਤੋਂ ਹੋਣ ਵਾਲੀ ਪੂਰੀ ਵਸੂਲੀ ਨਿੱਜੀ ਜੇਬਾਂ ਵਿਚ ਜਾਣ ਦੇ ਦੋਸ਼ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
ਜਾਣਕਾਰੀ ਅਨੁਸਾਰ ਭਾਵੇਂ ਕਾਗਜ਼ਾਂ ਵਿਚ ਰੰਗਲਾ ਵਿਹੜਾ ਪ੍ਰਾਜੈਕਟ ਨੂੰ ਸੀਲ ਦਿਖਾਇਆ ਗਿਆ ਹੈ ਪਰ ਇਸ ਦੇ ਆਲੇ-ਦੁਆਲੇ ਦਿਨ ਭਰ ਖੁੱਲ੍ਹੇਆਮ ਨਾਜਾਇਜ਼ ਪਾਰਕਿੰਗ ਕਰਵਾਈ ਜਾ ਰਹੀ ਹੈ। ਪਾਰਕਿੰਗ ਦੇ ਨਾਂ ’ਤੇ ਬਾਕਾਇਦਾ ਛਪੀਆਂ ਹੋਈਆਂ ਪਰਚੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਵਾਹਨਾਂ ਤੋਂ ਪ੍ਰਤੀ ਘੰਟੇ ਦੇ ਹਿਸਾਬ ਨਾਲ ਫੀਸ ਵਸੂਲੀ ਜਾ ਰਹੀ ਹੈ। ਇੰਨਾ ਹੀ ਨਹੀਂ ਵਧੇਰੇ ਸਮੇਂ ਤਕ ਵਾਹਨ ਖੜ੍ਹਾ ਕਰਨ ’ਤੇ ਲੋਕਾਂ ਤੋਂ ਵਾਧੂ ਰਕਮ ਵੀ ਲਈ ਜਾ ਰਹੀ ਹੈ।
ਇਸ ਨਾਜਾਇਜ਼ ਵਸੂਲੀ ਦੀ ਸ਼ਿਕਾਇਤ ਹਾਲ ਹੀ ਵਿਚ ਨਗਰ ਨਿਗਮ ਅਧਿਕਾਰੀਆਂ ਤਕ ਪਹੁੰਚੀ, ਜਿਸ ਦੇ ਬਾਅਦ ਮਾਮਲੇ ਨੇ ਤੂਲ ਫੜ ਲਿਆ। ਸੂਤਰਾਂ ਮੁਤਾਬਕ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਨੇ ਇਸ ਸਬੰਧ ਵਿਚ ਪੁਲਸ ਨੂੰ ਚਿੱਠੀ ਲਿਖ ਕੇ ਨਾਜਾਇਜ਼ ਪਾਰਕਿੰਗ ਫੀਸ ਵਸੂਲਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਿਸ਼ ਕੀਤੀ ਹੈ। ਤਹਿਬਾਜ਼ਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਨਾਜਾਇਜ਼ ਪਾਰਕਿੰਗ ਦੇ ਇਸ ਪੂਰੇ ਨੈੱਟਵਰਕ ਨੂੰ ਜਲਦ ਖ਼ਤਮ ਕੀਤਾ ਜਾਵੇਗਾ, ਨਾਲ ਹੀ ਇਸ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਪੁਲਸ ਕੇਸ ਦਰਜ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
