ਪੰਜਾਬ ’ਚ ਹਿੰਸਕ ਘਟਨਾਵਾਂ ਦੇ ਵਿਚਕਾਰ 61.5 ਫ਼ੀਸਦੀ ਪੋਲਿੰਗ

Wednesday, May 27, 2026 - 06:17 AM (IST)

ਪੰਜਾਬ ’ਚ ਹਿੰਸਕ ਘਟਨਾਵਾਂ ਦੇ ਵਿਚਕਾਰ 61.5 ਫ਼ੀਸਦੀ ਪੋਲਿੰਗ

ਚੰਡੀਗੜ੍ਹ/ਸਮਾਣਾ/ਬਠਿੰਡਾ (ਵਿਨੈ, ਸ਼ਸ਼ੀਪਾਲ, ਅਸ਼ੋਕ, ਦਰਦ, ਅਨੇਜਾ, ਵਿਜੇ) - ਪੰਜਾਬ ’ਚ ਮੰਗਲਵਾਰ ਨੂੰ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ’ਚ ਵੋਟਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਰਾਜ ਚੋਣ ਕਮਿਸ਼ਨ ਅਨੁਸਾਰ ਕਈ ਜ਼ਿਲਿਆਂ ’ਚ ਸ਼ਾਮ ਤੱਕ ਰਿਕਾਰਡ ਪੋਲਿੰਗ ਦਰਜ ਕੀਤੀ ਗਈ। ਸ਼ਾਮ 5 ਵਜੇ ਤੱਕ 61.5 ਫ਼ੀਸਦੀ ਪੋਲਿੰਗ ਹੋਈ। ਸਖ਼ਤ ਸੁਰੱਖਿਆ ਦੇ ਬਾਵਜੂਦ ਕਈ ਥਾਵਾਂ ’ਚ ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਦੇ ਨਾਲ ਚੋਣਾਂ ਸੰਪੰਨ ਹੋਈਆਂ। ਸੂਬੇ ਭਰ ’ਚ ਸਵੇਰੇ 7 ਵਜੇ ਤੋਂ ਪੋਲਿੰਗ ਸ਼ੁਰੂ ਹੋਈ ਅਤੇ ਸ਼ਾਮ ਤੱਕ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ।

ਅਧਿਕਾਰਤ ਤੌਰ ’ਤੇ ਜਾਰੀ ਹੋਏ ਮੁੱਢਲੇ ਅੰਕੜਿਆਂ ਅਨੁਸਾਰ ਬਠਿੰਡਾ, ਮੋਗਾ ਅਤੇ ਫਰੀਦਕੋਟ ਵਰਗੇ ਮਾਲਵਾ ਖੇਤਰ ਦੇ ਜ਼ਿਲਿਆਂ ’ਚ ਵੋਟਰਾਂ ’ਚ ਖ਼ਾਸਾ ਉਤਸ਼ਾਹ ਦਿਖਾਈ ਦਿੱਤਾ। ਚੋਣ ਮੈਦਾਨ ’ਚ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ। ਸੂਬੇ ਭਰ ’ਚ ਕੁੱਲ 7555 ਉਮੀਦਵਾਰਾਂ ਨੇ ਚੋਣਾਂ ’ਚ ਆਪਣੀ ਕਿਸਮਤ ਅਜ਼ਮਾਈ। ਚੋਣ ਕਮਿਸ਼ਨ ਨੇ ਦੱਸਿਆ ਕਿ ਜ਼ਿਆਦਾਤਰ ਥਾਵਾਂ ’ਚ ਪੋਲਿੰਗ ਸ਼ਾਂਤੀਪੂਰਨ ਰਹੀ। ਹੁਣ ਸਭ ਦੀਆਂ ਨਜ਼ਰਾਂ 29 ਮਈ ਨੂੰ ਆਉਣ ਵਾਲੇ ਨਤੀਜਿਆਂ ’ਤੇ ਟਿਕੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

 

ਉਧਰ ਸਮਾਣਾ ’ਚ ਨਗਰ ਕੌਂਸਲ ਚੋਣਾਂ ਦੌਰਾਨ 21 ਵਾਰਡਾਂ ਵਿਚੋਂ ਜ਼ਿਆਦਾਤਰ ’ਚ ਬੂਥ ਕੈਪਚਰਿੰਗ ਦੌਰਾਨ ਹਿੰਸਕ ਝੜਪਾਂ ਹੋਈਆਂ ਅਤੇ ਸਵੇਰੇ ਤੋਂ ਸ਼ਾਮ ਤੱਕ ਸਥਿਤੀ ਤਣਾਅਪੂਰਨ ਬਣੀ ਰਹੀ। ਸ਼ਹਿਰ ਦੇ ਵਾਰਡ ਨੰਬਰ 19 ’ਚ ਬੂਥ ਕੈਪਚਰਿੰਗ ਦੀ ਰਿਪੋਰਟ ’ਤੇ ਪੁਲਸ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ। ਇਸ ਕਾਰਨ ਭੈਅ ਦਾ ਮਾਹੌਲ ਰਿਹਾ ਅਤੇ ਭਾਰੀ ਗਿਣਤੀ ’ਚ ਵੋਟਰ ਵੋਟ ਪਾਉਣ ਤੋਂ ਵਾਂਝੇ ਰਹੇ।

ਸਮਾਣਾ ਦੇ ਵਾਰਡ ਨੰਬਰ 10 ਦੇ ਬੂਥ ਨੰਬਰ 24, 25 ’ਤੇ ਸਵੇਰੇ ਪੋਲਿੰਗ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਧੱਕਾ-ਮੁੱਕੀ ਕਰਨ ਅਤੇ ਦਰਵਾਜ਼ੇ ਬੰਦ ਕਰ ਕੇ ਇਕ ਬੂਥ ਦੇ ਕੈਮਰੇ ਤੋੜ ਦਿੱਤੇ। ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਸਮਾਣਾ ਦੀ ਅਗਵਾਈ ’ਚ ਅਧਿਕਾਰੀ ਅਤੇ ਭਾਰੀ ਪੁਲਸ ਫੋਰਸ ਨੇ ਹੁੱਲੜਬਾਜ਼ਾਂ ਨੂੰ ਉੱਥੋਂ ਹਟਾਇਆ। ਪੁਲਸ ਦੇ ਪਹੁੰਚਣ ’ਤੇ ਕੁਝ ਸ਼ਰਾਰਤੀ ਅਨਸਰਾਂ ਨੇ ਕਾਂਗਰਸੀ ਉਮੀਦਵਾਰ ਲਲਿਤ ਜੈਨ ਨਾਲ ਮਾਰਕੁੱਟ ਕੀਤੀ ਜਦਕਿ ਚੋਣਾਂ ਦੀ ਕਵਰੇਜ ਕਰ ਰਹੇ ਇਕ ਚੈਨਲ ਦੇ ਪੱਤਰਕਾਰ ਦਾ ਮੋਬਾਈਲ ਫ਼ੋਨ ਖੋਹ ਕੇ ਲੈ ਗਏ।

ਸਮਾਣਾ ਦੇ ਵਾਰਡ ਨੰਬਰ 19 ’ਚ ਜਾਅਲੀ ਵੋਟਿੰਗ ਦੀ ਰਿਪੋਰਟ ਮਿਲਣ ਉਪਰੰਤ ਪਹੁੰਚੀ ਪੁਲਸ ਟੀਮ ਨੇ ਜਦੋਂ ਜਾਅਲੀ ਵੋਟਿੰਗ ਕਰਨ ਵਾਲਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹੇ ਕੁਝ ਲੋਕਾਂ ਨੇ ਪੁਲਸ ਪਾਰਟੀ ’ਤੇ ਇੱਟਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਚਿਤਾਵਨੀ ਦੇ ਬਾਵਜੂਦ ਨਾ ਰੁਕਣ ’ਤੇ ਪੁਲਸ ਵੱਲੋਂ ਹਵਾਈ ਫਾਇਰ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਕਾਮਿਆਂ ਤੇ ਮੁਲਾਜ਼ਮਾਂ ਲਈ ਅੱਜ ਛੁੱਟੀ ਦਾ ਐਲਾਨ, ਹੇਠਲੀਆਂ ਅਦਾਲਤਾਂ ਵੀ ਰਹਿਣਗੀਆਂ ਬੰਦ

ਇਸ ਨਾਲ ਛੱਤ ’ਤੇ ਖੜ੍ਹੇ ਨੌਜਵਾਨਾਂ ’ਚ ਮਚੀ ਹਫੜਾ-ਦਫੜੀ ਦੌਰਾਨ 23 ਸਾਲਾ ਜਾਖੂਕ ਪੁੱਤਰ ਚਿੜੀ ਰਾਮ ਨਿਵਾਸੀ ਰਾਮ ਬਸਤੀ ਸਮਾਣਾ ਛੱਤ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਕੇ ਝੁਲਸ ਗਿਆ। ਇਸੇ ਤਰ੍ਹਾਂ ਵਾਰਡ ਨੰਬਰ 3 ਅਤੇ 15 ’ਚ ਕੁਝ ਲੋਕਾਂ ਨੇ ਕਾਂਗਰਸੀ ਅਤੇ ਭਾਜਪਾ ਉਮੀਦਵਾਰਾਂ ਦੇ ਬੂਥ ਤੋੜ ਦਿੱਤੇ ਜਿਸ ਨਾਲ ਬੂਥ ਨੰਬਰ 15 ਦੇ ਕਾਂਗਰਸੀ ਉਮੀਦਵਾਰ ਨੇ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ। ਪੰਜਾਬ ਕਾਂਗਰਸ ਦੀ ਸਾਬਕਾ ਮਹਿਲਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਸ਼ਰਾਰਤੀ ਅਨਸਰਾਂ ’ਤੇ ਵਾਰਡ ਨੰਬਰ 3 ਤੋਂ 97 ਬੈਲਟ ਪੇਪਰ ਖੋਹ ਕੇ ਫ਼ਰਾਰ ਹੋਣ ਦਾ ਦੋਸ਼ ਲਾਇਆ।

ਉਧਰ ਬਠਿੰਡਾ ਦੇ ਵਾਰਡ ਨੰਬਰ 3 ’ਚ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਹੌਲ ਤਣਾਅਪੂਰਨ ਹੋ ਗਿਆ। ਸਵੇਰੇ ਕਰੀਬ 5 ਵਜੇ ਫਾਇਰਿੰਗ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਆਜ਼ਾਦ ਉਮੀਦਵਾਰ ਨੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਲੋਕਾਂ ’ਤੇ ਪੈਸੇ ਵੰਡਣ ਅਤੇ ਵਿਰੋਧ ਕਰਨ ’ਤੇ ਜਾਨਲੇਵਾ ਹਮਲਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।

ਫਾਇਰਿੰਗ ਦੀ ਘਟਨਾ ਦੇ ਰੋਸ ਵਜੋਂ ਆਜ਼ਾਦ ਉਮੀਦਵਾਰ, ਉਨ੍ਹਾਂ ਦੇ ਸਮਰਥਕਾਂ ਅਤੇ ਇਲਾਕਾ ਵਾਸੀਆਂ ਨੇ ਧਰਨਾ ਦੇ ਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।

ਜ਼ਿਲਾਵਾਰ ਵੋਟ ਫੀਸਦੀ

ਮੋਹਾਲੀ 62

ਪਟਿਆਲਾ 58

ਲੁਧਿਆਣਾ 55

ਅੰਮ੍ਰਿਤਸਰ 57

ਜਲੰਧਰ 59

ਫ਼ਤਹਿਗੜ੍ਹ ਸਾਹਿਬ 55

ਸੰਗਰੂਰ 48

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e


 


author

Babita

Content Editor

Related News