ਜਲੰਧਰ ਕਮਿਸ਼ਨਰੇਟ ਪੁਲਸ ਦੇ ਹੱਥ ਲੱਗਾ ਵੱਡਾ ਚੋਰ ਗਿਰੋਹ, ਕਮਰਸ਼ੀਅਲ ਗੱਡੀਆਂ ਚੋਰੀ ਕਰੇ ਵੇਚਦਾ ਸੀ ਪੁਰਜ਼ੇ

Friday, Oct 07, 2022 - 02:00 PM (IST)

ਜਲੰਧਰ ਕਮਿਸ਼ਨਰੇਟ ਪੁਲਸ ਦੇ ਹੱਥ ਲੱਗਾ ਵੱਡਾ ਚੋਰ ਗਿਰੋਹ, ਕਮਰਸ਼ੀਅਲ ਗੱਡੀਆਂ ਚੋਰੀ ਕਰੇ ਵੇਚਦਾ ਸੀ ਪੁਰਜ਼ੇ

ਜਲੰਧਰ (ਜ. ਬ.)–ਜਲੰਧਰ ਕਮਿਸ਼ਨਰੇਟ ਪੁਲਸ ਦੇ ਹੱਥ ਇਕ ਵੱਡਾ ਚੋਰ ਗਿਰੋਹ ਲੱਗਾ ਹੈ, ਹਾਲਾਂਕਿ ਇਹ ਗਿਰੋਹ ਇਕ ਸ਼ਿਕਾਇਤਕਰਤਾ ਡਰਾਈਵਰ ਦੀ ਸੂਝ-ਬੂਝ ਨਾਲ ਫੜਿਆ ਗਿਆ, ਜਿਸ ਨੇ ਚੋਰਾਂ ਦੀ ਗੱਡੀ ਸੜਕ ’ਤੇ ਘੁੰਮਦੀ ਵੇਖ ਕੇ ਪੁਲਸ ਨੂੰ ਸੂਚਨਾ ਦੇ ਦਿੱਤੀ ਅਤੇ ਪੁਲਸ ਨੇ ਪਿੱਛਾ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਹ ਚੋਰ ਗਿਰੋਹ ਪਿਛਲੇ 4-5 ਸਾਲਾਂ ਤੋਂ ਐਕਟਿਵ ਸੀ, ਜਿਸ ਨੇ ਹਰਦਿਆਲ ਨਗਰ ਵਿਚ ਚੋਰੀ ਦੀਆਂ ਗੱਡੀਆਂ ਰੱਖਣ ਲਈ 25 ਮਰਲੇ ਦਾ ਗੋਦਾਮ ਕਿਰਾਏ ’ਤੇ ਲਿਆ ਹੋਇਆ ਸੀ, ਜਦਕਿ ਗੱਡੀਆਂ ਦੇ ਟਾਇਰ, ਬੈਟਰੀਆਂ, ਇੰਜਣ ਵੱਖ-ਵੱਖ ਕਰਕੇ ਮਕੈਨਿਕਾਂ ਅਤੇ ਬਾਡੀ ਲਾਂਬੜਾ ਸਥਿਤ ਕਬਾੜੀਏ ਨੂੰ ਵੇਚ ਦਿੰਦੇ ਸਨ। ਪੁਲਸ ਨੇ ਕਾਬੂ 2 ਚੋਰਾਂ ਦੀ ਨਿਸ਼ਾਨਦੇਹੀ ’ਤੇ ਲਗਭਗ ਅੱਧੀ ਦਰਜਨ ਗੱਡੀਆਂ ਬਰਾਮਦ ਕਰ ਲਈਆਂ ਹਨ, ਜਿਨ੍ਹਾਂ ਵਿਚੋਂ ਕੁਝ ਗੱਡੀਆਂ ਦੇ ਪੁਰਜ਼ੇ ਵੀ ਮਿਲੇ ਹਨ।
ਥਾਣਾ ਨੰਬਰ 8 ਦੀ ਪੁਲਸ ਇਸ ਮਾਮਲੇ ਸਬੰਧੀ ਜਲਦ ਪ੍ਰੈੱਸ ਕਾਨਫ਼ਰੰਸ ਕਰਕੇ ਖ਼ੁਲਾਸਾ ਕਰ ਸਕਦੀ ਹੈ। ਕਾਬੂ ਮੁਲਜ਼ਮਾਂ ਵਿਚੋਂ ਇਕ ਚੋਰ ਸੰਤੋਖਪੁਰਾ ਦਾ ਰਹਿਣ ਵਾਲਾ, ਜਦੋਂ ਕਿ ਫ਼ਰਾਰ ਹੋਏ ਚੋਰਾਂ ਦੀ ਪਛਾਣ ਅਜੀਤ ਅਤੇ ਪ੍ਰਿੰਸ ਦੋਵੇਂ ਨਿਵਾਸੀ ਰੇਰੂ ਪਿੰਡ ਦੱਸੀ ਜਾ ਰਹੀ ਹੈ।

ਗ੍ਰਿਫ਼ਤਾਰ ਮੁਲਜ਼ਮਾਂ ਨੇ ਕਬੂਲਿਆ ਕਿ ਉਹ ਲੰਮੇ ਸਮੇਂ ਤੋਂ ਕਮਰਸ਼ੀਅਲ ਗੱਡੀਆਂ ਚੋਰੀ ਕਰਦੇ ਸਨ ਅਤੇ ਹਰਦਿਆਲ ਨਗਰ ਵਿਚ ਕਿਰਾਏ ’ਤੇ ਲਏ ਗੋਦਾਮ ਵਿਚ ਮਕੈਨਿਕਾਂ ਨੂੰ ਵੇਚੇ ਜਾ ਸਕਣ ਵਾਲੇ ਪੁਰਜ਼ੇ ਕੱਢ ਲੈਂਦੇ ਸਨ, ਜਦੋਂ ਕਿ ਬਾਕੀ ਹਿੱਸਾ ਲਾਂਬੜਾ ਦੇ ਵਿੱਕੀ ਨਾਂ ਦੇ ਕਬਾੜੀਏ ਨੂੰ ਵੇਚ ਦਿੰਦੇ ਸਨ। ਥਾਣਾ ਨੰਬਰ 8 ਦੀ ਪੁਲਸ ਨੇ ਜਦੋਂ ਲਾਂਬੜਾ ਦੇ ਪ੍ਰਤਾਪਪੁਰਾ ਵਿਚ ਰੇਡ ਕੀਤੀ ਤਾਂ ਉਥੋਂ ਗੱਡੀਆਂ ਦੇ ਪੁਰਜ਼ੇ, ਬਾਡੀ, ਈ-ਰਿਕਸ਼ਾ, ਛੋਟਾ ਹਾਥੀ ਅਤੇ ਹੋਰ ਚੋਰੀ ਦਾ ਸਾਮਾਨ ਬਰਾਮਦ ਹੋ ਗਿਆ। ਪੁਲਸ ਨੇ ਟਰੱਕ ਵਿਚ ਸਾਰਾ ਸਾਮਾਨ ਲੱਦਿਆ ਅਤੇ ਥਾਣਾ ਨੰਬਰ 8 ਵਿਚ ਲੈ ਆਈ। ਪੁਲਸ ਨੇ 2 ਦਿਨ ਪਹਿਲਾਂ ਥਾਣਾ ਨੰਬਰ 8 ਦੇ ਇਲਾਕੇ ਵਿਚੋਂ ਚੋਰੀ ਹੋਈ ਕਮਰਸ਼ੀਅਲ ਗੱਡੀ ਵੀ ਕੱਟੀ ਹੋਈ ਹਾਲਤ ਵਿਚ ਬਰਾਮਦ ਕੀਤੀ। ਪੁਲਸ ਹੁਣ ਉਨ੍ਹਾਂ ਸਾਰੇ ਮਕੈਨਿਕਾਂ ਨੂੰ ਵੀ ਨਾਮਜ਼ਦ ਕਰੇਗੀ, ਜਿਨ੍ਹਾਂ ਨੂੰ ਚੋਰ ਗਿਰੋਹ ਗੱਡੀਆਂ ਦੇ ਪੁਰਜ਼ੇ ਵੇਚਦਾ ਸੀ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

ਥਾਣਾ ਨੰਬਰ 8 ਦੇ ਇੰਚਾਰਜ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਅਜੇ ਕਾਫ਼ੀ ਰਿਕਵਰੀ ਕਰਨੀ ਬਾਕੀ ਹੈ। ਜਲਦ ਫਰਾਰ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਕੇ ਸਾਰੇ ਮਾਮਲੇ ਤੋਂ ਪਰਦਾ ਉਠਾਇਆ ਜਾਵੇਗਾ। ਸੂਤਰਾਂ ਦੀ ਮੰਨੀਏ ਤਾਂ ਪੁਲਸ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵੱਡੀ ਰਿਕਵਰੀ ਕਰ ਸਕਦੀ ਹੈ, ਜਦੋਂ ਕਿ ਕਈ ਮਾਮਲੇ ਵੀ ਟਰੇਸ ਹੋਣ ਦੀ ਉਮੀਦ ਹੈ।

ਦੋਆਬਾ ਚੌਂਕ ’ਚ ਚੋਰਾਂ ਦੀ ਗੱਡੀ ਪਛਾਣ ਕੇ ਦਿੱਤੀ ਪੁਲਸ ਨੂੰ ਸੂਚਨਾ

ਲਗਭਗ 2 ਦਿਨ ਪਹਿਲਾਂ ਥਾਣਾ ਨੰਬਰ 8 ਦੇ ਇਲਾਕੇ ਵਿਚੋਂ ਕਮਰਸ਼ੀਅਲ ਗੱਡੀ ਚੋਰੀ ਹੋਈ ਸੀ। ਉਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਚੋਰ ਜਿਸ ਮਹਿੰਦਰਾ ਪਿਕਅੱਪ ਗੱਡੀ ਵਿਚ ਸਵਾਰ ਹੋ ਕੇ ਵਾਰਦਾਤ ਕਰਨ ਆਏ ਸਨ, ਉਸ ਗੱਡੀ ਦੇ ਸਾਈਡ ’ਤੇ ਕੁਝ ਲਿਖਿਆ ਹੋਇਆ ਸੀ। ਵੀਰਵਾਰ ਨੂੰ ਚੋਰੀ ਹੋਈ ਗੱਡੀ ਦੇ ਮਾਲਕ ਦਾ ਡਰਾਈਵਰ ਦੋਆਬਾ ਚੌਕ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਚੋਰਾਂ ਦੀ ਗੱਡੀ ਨੂੰ ਉਥੋਂ ਲੰਘਦਿਆਂ ਦੇਖ ਲਿਆ। ਡਰਾਈਵਰ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਨੰਬਰ 8 ਦੀ ਪੁਲਸ ਅਤੇ ਪੀ. ਸੀ. ਆਰ. ਟੀਮਾਂ ਨੇ ਦੱਸੇ ਰੂਟ ’ਤੇ ਆਪਣੀਆਂ ਗੱਡੀਆਂ ਪਾ ਲਈਆਂ ਅਤੇ ਕਿਸ਼ਨਪੁਰਾ ਚੌਕ ਨੇੜੇ ਗੱਡੀ ਨੂੰ ਘੇਰ ਕੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ 2 ਫਰਾਰ ਹੋ ਗਏ।

ਇਹ ਵੀ ਪੜ੍ਹੋ: ਫਰਾਰ ਗੈਂਗਸਟਰ ਦੀਪਕ ਟੀਨੂੰ ਦੇ ਮਾਮਲੇ 'ਚ ਵੱਡਾ ਖ਼ੁਲਾਸਾ: CIA ਇੰਚਾਰਜ ਨੇ 4 ਘੰਟੇ ਅਫ਼ਸਰਾਂ ਤੋਂ ਲੁਕਾਇਆ ਮਾਮਲਾ

ਹਰਦਿਆਲ ਨਗਰ ਦੇ ਕਬਾੜੀਏ ’ਤੇ ਪੁਲਸ ਦੀ ਮਿਹਰਬਾਨੀ

ਸੂਤਰਾਂ ਦੀ ਮੰਨੀਏ ਤਾਂ ਉਕਤ ਚੋਰ ਗਿਰੋਹ ਹਰਦਿਆਲ ਨਗਰ ਵਿਚ ਵੀ ਸਥਿਤ ਇਕ ਕਬਾੜੀਏ ਨੂੰ ਚੋਰੀ ਦਾ ਸਾਮਾਨ ਵੇਚਦਾ ਸੀ। ਹਾਲਾਂਕਿ ਪੈਸਿਆਂ ਦੇ ਲੈਣ-ਦੇਣ ਕਾਰਨ ਉਨ੍ਹਾਂ ਦਾ ਉਕਤ ਕਬਾੜੀਏ ਨਾਲ ਵਿਵਾਦ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਲਾਂਬੜਾ ਦੇ ਪ੍ਰਤਾਪਪੁਰਾ ਸਥਿਤ ਕਬਾੜੀਏ ਨੂੰ ਸਾਮਾਨ ਵੇਚਣ ਲੱਗ ਪਏ। ਦੱਸਿਆ ਜਾ ਰਿਹਾ ਹੈ ਕਿ ਹਰਦਿਆਲ ਨਗਰ ਦੇ ਕਬਾੜੀਏ ਨੇ ਵੀ ਆਪਣੇ ਗੋਦਾਮ ਵਿਚ ਚੋਰੀ ਦਾ ਸਾਮਾਨ ਢਾਲਣ ਲਈ ਮਸ਼ੀਨ ਲਾਈ ਹੋਈ ਹੈ ਪਰ ਉਸ ’ਤੇ ਪੁਲਸ ਦੀ ਮਿਹਰਬਾਨੀ ਇੰਨੀ ਹੈ ਕਿ ਅੱਜ ਤੱਕ ਉਕਤ ਕਬਾੜੀਏ ’ਤੇ ਕਾਰਵਾਈ ਤੱਕ ਨਹੀਂ ਹੋਈ। ਹਾਲਾਂਕਿ ਕੁਝ ਮੁਲਾਜ਼ਮਾਂ ਨੂੰ ਦਿਨ-ਤਿਉਹਾਰ ਦੇ ਸਮੇਂ ਉਕਤ ਕਬਾੜੀਏ ਕੋਲ ਆਉਂਦੇ-ਜਾਂਦੇ ਆਮ ਦੇਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਹੁਣ ਸਾਹਮਣੇ ਆਇਆ ‘ਪ੍ਰਾਕਸੀ ਟੈਸਟਿੰਗ’ ਦਾ ਵੱਡਾ ਸਕੈਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News