ਹਾਲ-ਏ-ਸਿਵਲ ਹਸਪਤਾਲ, ਕੰਮ ਕਰਨ ਦੌਰਾਨ ਟੈਕਨੀਸ਼ੀਅਨਾਂ ਦੇ ਸਿਰ ''ਤੇ ਪੈਂਦਾ ਹੈ ਗੰਦਾ ਪਾਣੀ
Sunday, Sep 08, 2019 - 11:59 AM (IST)

ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਪ੍ਰਬੰਧਕਾਂ ਦੀ ਨਾਲਾਇਕੀ ਕਾਰਨ ਸਿਰਫ ਹਸਪਤਾਲ 'ਚ ਆਉਣ ਵਾਲੇ ਮਰੀਜ਼ ਹੀ ਨਹੀਂ ਸਗੋਂ ਹਸਪਤਾਲ 'ਚ ਕੰਮ ਕਰਨ ਵਾਲਾ ਸਟਾਫ ਵੀ ਪ੍ਰੇਸ਼ਾਨ ਹੈ। ਹਸਪਤਾਲ ਦੀ ਪਹਿਲੀ ਮੰਜ਼ਿਲ ਸਥਿਤ ਲੈਬਾਰਟਰੀ ਦੇ ਕਮਰਾ ਨੰ. 5 'ਚ ਤਾਂ ਇਹ ਹਾਲ ਹੈ ਲੋਕਾਂ ਦੇ ਟੈਸਟ ਕਰਨ ਦੌਰਾਨ ਟੈਕਨੀਸ਼ੀਅਨਾਂ ਦੇ ਸਿਰ 'ਤੇ ਸੀਵਰੇਜ ਦਾ ਗੰਦਾ ਪਾਣੀ ਡਿੱਗਦਾ ਹੈ। ਹਾਲਾਤ ਤਾਂ ਇਹ ਦੇਖਣ ਨੂੰ ਮਿਲ ਰਹੇ ਹਨ ਕਿ ਟੈਕਨੀਸ਼ੀਅਨ ਅਤੇ ਵਿਦਿਆਰਥੀ ਮੂੰਹ 'ਤੇ ਰੁਮਾਲ ਰੱਖ ਕੇ ਕੰਮ ਕਰਨ ਲਈ ਮਜਬੂਰ ਹੋ ਗਏ ਹਨ। ਟੈਨੀਸ਼ੀਅਨਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਵੀ ਕਮਰੇ ਦੇ ਹਾਲ ਦਿਖਾ ਦਿੱਤੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਅਤੇ ਰੋਜ਼ਾਨਾ ਗੰਦਗੀ ਦੇ ਮਾਹੌਲ 'ਚ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਦੱਸਿਆ ਕਿ ਲੈਬਾਰਟਰੀ ਦੇ ਉਪਰ ਵਾਲੀ ਮੰਜ਼ਿਲ 'ਚ ਮਰੀਜ਼ਾਂ ਦੀ ਡਾਇਲਸਿਸ ਹੁੰਦੀ ਹੈ ਅਤੇ ਉਨ੍ਹਾਂ ਦੇ ਪਖਾਨਿਆਂ ਤੇ ਪਾਈਪਾਂ 'ਚ ਲੀਕੇਜ ਹੋਣ ਕਾਰਣ ਗੰਦਾ ਪਾਣੀ ਲੈਬਾਰਟਰੀ 'ਚ ਆ ਜਾਂਦਾ ਹੈ। ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਦਾ ਕਹਿਣਾ ਹੈ ਕਿ ਪਲਾਂਟ ਵੱਡਾ ਹੋਣ ਕਾਰਨ ਪਲੰਬਰ ਇਸ ਨੂੰ ਠੀਕ ਨਹੀਂ ਕਰ ਸਕਦੇ। ਉਹ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕਰਨਗੇ ਕਿ ਇਸ ਨੂੰ ਠੀਕ ਕਰਵਾਇਆ ਜਾਵੇ।