ਜਲੰਧਰ ਸ਼ਹਿਰ ’ਚ ਤਿੰਨ ਦਿਨਾਂ ਤੋਂ ਨਹੀਂ ਚੁੱਕਿਆ ਕੂੜਾ, ਕਾਂਗਰਸੀ ਬੇਫਿਕਰ

05/12/2021 12:25:27 PM

ਜਲੰਧਰ (ਖੁਰਾਣਾ)-ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਦੂਜਾ ਦੌਰ ਚੱਲ ਰਿਹਾ ਹੈ, ਜਿਸ ਦੌਰਾਨ ਨਾ ਸਿਰਫ਼ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਸੈਂਕੜਿਆਂ ’ਚ ਆ ਰਹੀ ਹੈ, ਉਥੇ ਹੀ ਦਮ ਤੋੜਨ ਵਾਲਿਆਂ ਦੀ ਗਿਣਤੀ ਵੀ ਚਿੰਤਾਜਨਕ ਹੱਦ ਤਕ ਵਧ ਰਹੀ ਹੈ। ਅਜਿਹੇ ਹਾਲਾਤ ’ਚ ਵੀ ਜਲੰਧਰ ਨਗਰ ਨਿਗਮ ਲੋਕਾਂ ਨੂੰ ਸਾਫ-ਸੁਥਰਾ ਮਾਹੌਲ ਨਹੀਂ ਦੇ ਪਾ ਰਿਹਾ ਅਤੇ ਮਹਾਮਾਰੀ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਅੱਜ ਕਰੀਬ 1500 ਟਨ ਕੂੜਾ ਜਮ੍ਹਾ ਰਿਹਾ, ਜਿਸ ਕਾਰਨ ਮੇਨ ਸੜਕਾਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਵਿਖਾਈ ਦਿੱਤੇ। ਪਲਾਜ਼ਾ ਚੌਕ ਅਤੇ ਹੋਰ ਥਾਵਾਂ ’ਤੇ ਤਾਂ ਕੂੜੇ ਦੇ ਢੇਰਾਂ ਨੇ ਸੜਕਾਂ ਤਕ ਨੂੰ ਬੰਦ ਕਰ ਦਿੱਤਾ ਹੈ।

ਨਿਗਮ ਯੂਨੀਅਨਾਂ ਦੀ ਹੜਤਾਲ ਕਾਰਨ ਸ਼ਹਿਰ ’ਚੋਂ 3 ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਸਕਿਆ ਪਰ ਸੱਤਾ ਧਿਰ ਨਾਲ ਸਬੰਧਤ ਕਾਂਗਰਸੀ ਆਗੂ ਇਸ ਮਾਮਲੇ ’ਚ ਬਿਲਕੁਲ ਬੇਫਿਕਰ ਅਤੇ ਅਣਜਾਣ ਦਿਸ ਰਹੇ ਹਨ। ਸ਼ਹਿਰ ਦੇ ਕਿਸੇ ਕਾਂਗਰਸੀ ਆਗੂ ਨੇ ਨਿਗਮ ਯੂਨੀਅਨਾਂ ਵੱਲੋਂ ਕੀਤੀ ਗਈ ਇਸ ਹੜਤਾਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾ ਹੀ ਇਸ ਹੜਤਾਲ ਨੂੰ ਖੁਲ੍ਹਵਾਉਣ ਦੀ ਕੋਈ ਕੋਸ਼ਿਸ਼ ਹੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ’ਚ ਕਈ ਵਾਰ ਅਜਿਹੀ ਹੜਤਾਲ ਹੋਈ ਅਤੇ ਹਮੇਸ਼ਾ ਯੂਨੀਅਨ ਦੀ ਐਡਵਾਂਸ ਕਾਲ ’ਤੇ ਹੀ ਆਗੂਆਂ ’ਚ ਹਲਚਲ ਸ਼ੁਰੂ ਹੋ ਜਾਂਦੀ ਹੁੰਦੀ ਸੀ।

ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ

ਨਿਗਮ ’ਚੋਂ ਯੂਨੀਅਨਬਾਜ਼ੀ ਖਤਮ ਨਹੀਂ ਕਰ ਸਕੇ ਕਾਂਗਰਸੀ ਵਿਧਾਇਕ
ਜਲੰਧਰ ਨਿਗਮ ਦੀ ਗੱਲ ਕਰੀਏ ਤਾਂ ਇਥੇ ਯੂਨੀਅਨਾਂ ਦਾ ਗਲਬਾ ਪਿਛਲੇ ਕਈ ਸਾਲਾਂ ਤੋਂ ਹੈ। ਅਕਾਲੀ-ਭਾਜਪਾ ਸ਼ਾਸਨਕਾਲ ’ਚ ਵੀ ਨਿਗਮ ਯੂਨੀਅਨਾਂ ਵੱਲੋਂ ਕਈ ਵਾਰ ਸੰਘਰਸ਼ ਕੀਤਾ ਗਿਆ, ਜਿਸ ’ਚ ਉਸ ਸਮੇਂ ਵਿਰੋਧੀ ਧਿਰ ’ਚ ਬੈਠੀ ਕਾਂਗਰਸ ਦੇ ਆਗੂ ਵੀ ਸ਼ਾਮਲ ਹੁੰਦੇ ਰਹੇ। ਚਾਰ ਸਾਲ ਪਹਿਲਾਂ ਜਦੋਂ ਪੰਜਾਬ ਅਤੇ ਜਲੰਧਰ ਨਿਗਮ ਦੀ ਸੱਤਾ ’ਤੇ ਕਾਂਗਰਸ ਕਾਬਜ਼ ਹੋਈ, ਉਦੋਂ ਸ਼ਹਿਰ ਦੇ ਨਵੇਂ ਚੁਣੇ ਗਏ ਚਾਰਾਂ ਕਾਂਗਰਸੀ ਵਿਧਾਇਕਾਂ ਨੇ ਆਪਸ ’ਚ ਏਕਤਾ ਕਰ ਕੇ ਰਣਨੀਤੀ ਬਣਾਈ ਸੀ ਕਿ ਜਲੰਧਰ ਨਿਗਮ ’ਚ ਯੂਨੀਅਨਬਾਜ਼ੀ ਦੇ ਵਧਦੇ ਪ੍ਰਭਾਵ ਨੂੰ ਖ਼ਤਮ ਕੀਤਾ ਜਾਵੇ।
ਇਸ ਰਣਨੀਤੀ ਤਹਿਤ ਸ਼ਹਿਰ ਦੇ ਇਕ-ਦੋ ਵਿਧਾਇਕਾਂ ਨੇ ਯੂਨੀਅਨ ਆਗੂਆਂ ਨਾਲ ਨਾ ਸਿਰਫ ਬਹਿਸਬਾਜ਼ੀ ਕੀਤੀ, ਸਗੋਂ ਹੋਰ ਤਰੀਕਿਆਂ ਨਾਲ ਵੀ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਵੱਖ ਗੱਲ ਹੈ ਕਿ ਸ਼ਹਿਰ ਦੇ ਪੁਰਾਣੇ ਕਾਂਗਰਸੀ ਆਗੂਆਂ ਨੇ ਹੀ ਵਿਧਾਇਕਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰ ਦਿੱਤਾ, ਜਿਸ ਤੋਂ ਬਾਅਦ ਨਾ ਸਿਰਫ਼ ਵਿਧਾਇਕਾਂ ਦੀ ਆਪਸੀ ਏਕਤਾ ਖਤਮ ਹੋ ਗਈ, ਸਗੋਂ ਵਿਧਾਇਕਾਂ ਵੱਲੋਂ ਯੂਨੀਅਨਬਾਜ਼ੀ ਵਿਰੁੱਧ ਬਣਾਈ ਗਈ ਰਣਨੀਤੀ ਵੀ ਠੰਡੀ ਪੈ ਗਈ। ਇਸੇ ਕਾਰਨ ਅੱਜ ਜਲੰਧਰ ਨਿਗਮ ’ਚ ਹਾਲਾਤ ਇਹ ਬਣ ਗਏ ਹਨ ਕਿ ਨਿਗਮ ’ਚ ਯੂਨੀਅਨ ਆਗੂ ਪਹਿਲਾਂ ਤੋਂ ਵੀ ਜ਼ਿਆਦਾ ਹਾਵੀ ਹੋ ਗਏ ਹਨ ਅਤੇ ਹੁਣ ਸ਼ਹਿਰ ਦੇ ਕੁਝ ਕਾਂਗਰਸੀ ਵਿਧਾਇਕ ਵੀ ਯੂਨੀਅਨ ਆਗੂਆਂ ਨਾਲ ਪੰਗਾ ਲੈਣ ’ਚ ਪੱਖ ’ਚ ਨਹੀਂ ਹਨ।

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ

ਸੈਨੀਟੇਸ਼ਨ ਕਮੇਟੀ ਨੂੰ ਯੂਨੀਅਨ ਦੀਆਂ ਮੰਗਾਂ ਤਕ ਬਾਰੇ ਨਹੀਂ ਪਤਾ
ਮੇਅਰ ਜਗਦੀਸ਼ ਰਾਜਾ ਵੱਲੋਂ ਸਵਾ ਸਾਲ ਪਹਿਲਾਂ ਬਣਾਈ ਗਈ ਸੈਨੀਟੇਸ਼ਨ ਮਾਮਲਿਆਂ ਸਬੰਧੀ ਕਮੇਟੀ ਦੀ ਗੱਲ ਕਰੀਏ ਤਾਂ ਇਸ ਕਮੇਟੀ ਨੂੰ ਵੀ ਯੂਨੀਅਨਾਂ ਵੱਲੋਂ ਤਿੰਨ ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਅਤੇ ਉਸ ਦੇ ਕਾਰਨਾਂ ਬਾਰੇ ਨਹੀਂ ਪਤਾ। ਇਸ ਕਮੇਟੀ ਦੀ ਮੀਟਿੰਗ ਅੱਜ ਚੇਅਰਮੈਨ ਕੌਂਸਲਰ ਬਲਰਾਜ ਠਾਕੁਰ ਦੀ ਪ੍ਰਧਾਨਗੀ ’ਚ ਹੋਈ। ਇਸ ਦੌਰਾਨ ਕੌਂਸਲਰ ਜਗਦੀਸ਼ ਸਮਰਾਏ, ਕੌਂਸਲਰ ਅਵਤਾਰ ਸਿੰਘ ਅਤੇ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਹਾਜ਼ਰ ਹੋਏ। ਮੀਟਿੰਗ ਤੋਂ ਬਾਅਦ ਇਹ ਸਾਰੇ ਕੌਂਸਲਰ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੂੰ ਵੀ ਮਿਲਣ ਗਏ, ਜਿੱਥੇ ਗੱਲ ਹੋਈ ਕਿ ਯੂਨੀਅਨ ਨੇ ਇਸ ਵਾਰ ਹੜਤਾਲ ਕਰਨ ਤੋਂ ਪਹਿਲਾਂ ਨਾ ਤਾਂ ਕੋਈ ਲਿਖਤੀ ਮੈਮੋਰੰਡਮ ਦਿੱਤਾ, ਨਾ ਨੋਟਿਸ ਭੇਜਿਆ। ਕਮੇਟੀ ਦੇ ਮੈਂਬਰਾਂ ਨੇ ਨਿਗਮ ਅਧਿਕਾਰੀਆਂ ਤੋਂ ਪੁੱਛਿਆ ਕਿ ਹੜਤਾਲ ਨੂੰ ਖੁਲ੍ਹਵਾਉਣ ਜਾਂ ਖਤਮ ਕਰਵਾਉਣ ਲਈ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੜਤਾਲ ਕਿਉਂ ਕੀਤੀ ਜਾ ਰਹੀ ਹੈ ਅਤੇ ਇਸ ਨਾਲ ਨਜਿੱਠਣ ਲਈ ਪ੍ਰਾਈਵੇਟ ਠੇਕੇਦਾਰ ਕੋਲੋਂ ਕੰਮ ਕਿਉਂ ਨਹੀਂ ਲਿਆ ਜਾ ਰਿਹਾ।
ਮੀਟਿੰਗ ਦੌਰਾਨ ਫੌਗਿੰਗ ਦਾ ਕੰਮ ਸਮਾਂ ਤੋਂ ਪਹਿਲਾਂ ਸ਼ੁਰੂ ਕਰਵਾਉਣ ’ਤੇ ਵੀ ਚਰਚਾ ਹੋਈ।

ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ

ਨਿਗਮ ਯੂਨੀਅਨਾਂ ’ਚ ਹੋਈ ਏਕਤਾ, ਹੜਤਾਲ ਹੋਰ ਮਜ਼ਬੂਤ ਹੋਈ
ਨਿਗਮ ਯੂਨੀਅਨ ਦੇ ਆਗੂ ਚੰਦਨ ਗਰੇਵਾਲ ਅਤੇ ਪਵਨ ਬਾਬਾ ਦੀਆਂ ਕੋਸ਼ਿਸ਼ਾਂ ਨਾਲ ਅੱਜ ਨਗਰ ਨਿਗਮ ਦੀਆਂ ਵਿਰੋਧੀ ਯੂਨੀਅਨਾਂ ’ਚ ਵੀ ਏਕਤਾ ਹੋ ਗਈ, ਜਿਸ ਕਾਰਨ ਮੌਜੂਦਾ ਸੰਘਰਸ਼ ਅਤੇ ਚੱਲ ਰਹੀ ਹੜਤਾਲ ਹੋਰ ਮਜ਼ਬੂਤ ਹੋਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਅਰੁਣ ਕਲਿਆਣ, ਮਨੀਸ਼ ਬਾਬਾ ਆਦਿ ਦੀ ਅਗਵਾਈ ਵਾਲੀ ਯੂਨੀਅਨ ਨੇ ਹੜਤਾਲ ਦਾ ਸੱਦਾ ਦਿੰਦੇ ਹੋਏ ਵਰਕਸ਼ਾਪ ਨੂੰ ਬੰਦ ਕਰਵਾ ਦਿੱਤਾ ਸੀ ਪਰ ਦੇਵਾਨੰਦ ਥਾਪਰ ਅਤੇ ਸ਼ੰਮੀ ਲੂਥਰਾ ਆਦਿ ਦੀ ਅਗਵਾਈ ਵਾਲੀ ਯੂਨੀਅਨ ਦੇ ਮੈਂਬਰ ਹੜਤਾਲ ’ਚ ਸ਼ਾਮਲ ਹੋਣ ਨੂੰ ਰਾਜ਼ੀ ਨਹੀਂ ਸਨ ਅਤੇ ਗੱਡੀਆਂ ਚਲਾਉਣੀਆਂ ਚਾਹੁੰਦੇ ਸਨ। ਦੋਵਾਂ ਯੂਨੀਅਨਾਂ ਦੀ ਦੁਚਿੱਤੀ ਦੇਖ ਕੇ ਚੰਦਨ ਗਰੇਵਾਲ ਅਤੇ ਪਵਨ ਬਾਬਾ ਵਰਗੇ ਆਗੂ ਸਰਗਰਮ ਹੋਏ, ਜਿਸ ਕਾਰਨ ਦੋਵਾਂ ਯੂਨੀਅਨਾਂ ਦੇ ਆਗੂ ਇਕ ਮੰਚ ’ਤੇ ਇਕੱਠੇ ਹੋ ਗਏ ਅਤੇ ਸਾਰਿਆਂ ਨੇ ਪ੍ਰਣ ਲਿਆ ਕਿ ਕਰਮਚਾਰੀਆਂ ਨਾਲ ਸਬੰਧਤ ਮੰਗਾਂ ’ਤੇ ਸਾਂਝਾ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਮੰਗ ਕੀਤੀ ਗਈ ਕਿ ਠੇਕੇਦਾਰ ਵੱਲੋਂ ਜਿਹੜੇ ਜੇ. ਸੀ. ਬੀ. ਆਪ੍ਰੇਟਰਾਂ ਨੂੰ 7 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ, ਉਹ ਜਲਦ ਦਿਵਾਈ ਜਾਏ ਅਤੇ ਪ੍ਰਾਵੀਡੈਂਟ ਫੰਡ ’ਚ ਘਪਲਾ ਕਰਨ ਵਾਲੇ ਠੇਕੇਦਾਰ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਜਿਹੜੇ ਆਪ੍ਰੇਟਰਾਂ ਨੂੰ ਕੰਮ ਕਰਦਿਆਂ 15-20 ਸਾਲ ਹੋ ਗਏ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਸ਼ਨੀਵਾਰ ਅਤੇ ਐਤਵਾਰ ਨੂੰ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਵਾਧੂ ਤਨਖਾਹ ਦਿੱਤੀ ਜਾਵੇ ਅਤੇ ਠੇਕੇਦਾਰੀ ਪ੍ਰਥਾ ਨੂੰ ਖ਼ਤਮ ਕੀਤਾ ਜਾਵੇ।

ਮੰਗਾਂ ਮੰਨੇ ਜਾਣ ਤਕ ਹੜਤਾਲ ਜਾਰੀ ਰਹੇਗੀ : ਮਨੀਸ਼ ਬਾਬਾ
ਇਸੇ ਵਿਚਕਾਰ ਨਿਗਮ ਯੂਨੀਅਨ ਦੇ ਆਗੂ ਮਨੀਸ਼ ਬਾਬਾ ਨੇ ਸਪੱਸ਼ਟ ਕੀਤਾ ਕਿ ਜਦੋਂ ਤਕ ਨਿਗਮ ਪ੍ਰਸ਼ਾਸਨ ਯੂਨੀਅਨ ਦੀਆਂ ਉਚਿਤ ਮੰਗਾਂ ਨਹੀਂ ਮੰਨਦਾ, ਉਦੋਂ ਤਕ ਹੜਤਾਲ ਜਾਰੀ ਰਹੇਗੀ ਅਤੇ ਸ਼ਹਿਰ ’ਚੋਂ ਕੂੜਾ ਨਹੀਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਨਿਗਮ ਪ੍ਰਸ਼ਾਸਨ ਨੇ ਯੂਨੀਅਨਾਂ ਨਾਲ ਕਈ ਸਮਝੌਤੇ ਕੀਤੇ ਪਰ ਇਕ ’ਤੇ ਵੀ ਅਮਲ ਨਹੀਂ ਕੀਤਾ ਪਰ ਇਸ ਵਾਰ ਅਜਿਹਾ ਨਹੀਂ ਹੋਵੇਗਾ। ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਸੰਘਰਸ਼ ਖ਼ਤਮ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News