ਦਿੱਲੀ ’ਚ ਸਖ਼ਤੀ ਕਾਰਨ ਅੱਧੀਆਂ ਸੀਟਾਂ ’ਤੇ ਸਫ਼ਰ, ਪੰਜਾਬ ਦੀਆਂ ਬੱਸਾਂ ’ਚ ਸਿਰਫ ਮਾਸਕ ਦਾ ਨਿਯਮ ਲਾਗੂ ਕਰਵਾਉਣ ’ਚ ਵੀ ਅਣਦੇਖੀ

04/16/2021 10:26:33 AM

ਜਲੰਧਰ (ਪੁਨੀਤ)–ਕੋਰੋਨਾ ਦਾ ਅੰਕੜਾ ਜਿਸ ਰਫ਼ਤਾਰ ਨਾਲ ਵਧ ਰਿਹਾ ਹੈ, ਉਹ ਚਿੰਤਾਜਨਕ ਹੈ। ਇਸ ਕਾਰਨ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿਚ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਚੱਲਣ ਵਾਲੀਆਂ ਬੱਸਾਂ ਅਤੇ ਮੈਟਰੋ ਵਿਚ 50 ਫੀਸਦੀ ਲੋਕਾਂ ਦੇ ਸਫਰ ਕਰਨ ਦਾ ਨਿਯਮ ਲਾਗੂ ਕਰ ਦਿੱਤਾ ਗਿਆ ਹੈ। ਇਸ ਕਾਰਨ ਹੁਣ ਬੱਸਾਂ ਵਿਚ ਅੱਧੀਆਂ ਸੀਟਾਂ ’ਤੇ ਲੋਕ ਬੈਠਦੇ ਹਨ ਅਤੇ ਅੱਧੀਆਂ ਸੀਟਾਂ ਖਾਲੀ ਰਹਿੰਦੀਆਂ ਹਨ। ਇਸ ਦੇ ਉਲਟ ਪੰਜਾਬ ਵਿਚ ਚੱਲਣ ਵਾਲੀਆਂ ਬੱਸਾਂ ਲਈ ਫਿਲਹਾਲ ਕੋਈ ਸਖ਼ਤ ਨਿਯਮ ਨਹੀਂ ਬਣਾਇਆ ਗਿਆ। ਇਥੋਂ ਦੀਆਂ ਬੱਸਾਂ ਅੰਦਰ ਕੋਰੋਨਾ ਤੋਂ ਬਚਾਅ ਲਈ ਸਿਰਫ਼ ਮਾਸਕ ਪਹਿਨਣ ਦਾ ਨਿਯਮ ਬਣਾਇਆ ਗਿਆ ਹੈ ਪਰ ਇਸ ਛੋਟੇ ਜਿਹੇ ਨਿਯਮ ਦੀ ਪਾਲਣਾ ਕਰਵਾਉਣ ਵਿਚ ਵੀ ਅਣਦੇਖੀ ਹੋ ਰਹੀ ਹੈ, ਜੋ ਕਿ ਇਨਸਾਨੀ ਜ਼ਿੰਦਗੀਆਂ ਨਾਲ ਸਿੱਧੇ ਤੌਰ ’ਤੇ ਖਿਲਵਾੜ ਹੈ।
ਬੱਸ ਅੱਡੇ ਅੰਦਰ ਦੇਖਣ ਵਿਚ ਆ ਰਿਹਾ ਹੈ ਕਿ ਸਿਰਫ਼ ਕੁਝ ਫ਼ੀਸਦੀ ਜਾਗਰੂਕ ਲੋਕ ਹੀ ਮਾਸਕ ਪਹਿਨ ਰਹੇ ਹਨ, ਜਦੋਂ ਕਿ ਵਧੇਰੇ ਮਾਸਕ ਨਹੀਂ ਪਹਿਨਦੇ। ਜਿਹੜੇ ਲੋਕ ਮਾਸਕ ਪਹਿਨ ਰਹੇ ਹਨ, ਉਨ੍ਹਾਂ ਨੂੰ ਆਪਣੇ ਨੇੜੇ ਬਿਨਾਂ ਮਾਸਕ ਬੈਠੇ ਲੋਕਾਂ ਕੋਲੋਂ ਡਰ ਲੱਗਦਾ ਹੈ।

PunjabKesari

ਇਸ ਸਬੰਧੀ ਗੱਲ ਕਰਨ ’ਤੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਬੱਸਾਂ ਵਿਚ ਮੁਫ਼ਤ ਸਫ਼ਰ ਦਾ ਐਲਾਨ ਤਾਂ ਕਰ ਦਿੱਤਾ ਗਿਆ ਹੈ ਪਰ ਬੱਸਾਂ ਵਿਚ ਕੋਰੋਨਾ ਸਬੰਧੀ ਨਿਯਮ ਲਾਗੂ ਕਰਵਾਉਣ ਵੱਲ ਸਰਕਾਰ ਧਿਆਨ ਨਹੀਂ ਦੇ ਰਹੀ। ਬੱਸਾਂ ਵਿਚ ਸੋਸ਼ਲ ਡਿਸਟੈਂਸ ਨਾਂਹ ਦੇ ਬਰਾਬਰ ਹੈ। ਜਦੋਂ ਭੀੜ ਹੁੰਦੀ ਹੈ ਤਾਂ ਬੱਸਾਂ ਵਿਚ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਕਿਉਂਕਿ ਸੀਟਾਂ ਦੇ ਮੁਕਾਬਲੇ ਵਧੇਰੇ ਲੋਕਾਂ ਨੂੰ ਬੱਸਾਂ ਵਿਚ ਚੜ੍ਹਾ ਲਿਆ ਜਾਂਦਾ ਹੈ ਅਤੇ ਉਹ ਖੜ੍ਹੇ ਹੋ ਕੇ ਸਫ਼ਰ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬੱਸਾਂ ਅੰਦਰ ਮਾਸਕ ਦਾ ਨਿਯਮ ਲਾਗੂ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ, ਨਹੀਂ ਤਾਂ ਕੋਰੋਨਾ ਨੂੰ ਵਧਣ ਤੋਂ ਰੋਕਣਾ ਅਸੰਭਵ ਹੋਵੇਗਾ। ਜਾਣਕਾਰ ਕਹਿੰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ ਪ੍ਰਤੀ ਗੰਭੀਰ ਕਰਨ ਦੇ ਮੰਤਵ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਹ ਮੁਹਿੰਮ ਬੱਸਾਂ ਅਤੇ ਬੱਸ ਅੱਡਿਆਂ ਅੰਦਰ ਫਲਾਪ ਸਾਬਿਤ ਹੋ ਰਹੀ ਹੈ। ਸਰਕਾਰ ਜੇਕਰ ਪੰਜਾਬ ਵਿਚ ਜ਼ਮੀਨੀ ਹਕੀਕਤ ਵੇਖਣੀ ਚਾਹੁੰਦੀ ਹੈ ਤਾਂ ਉਸ ਨੂੰ ਬੱਸਾਂ ਅਤੇ ਬੱਸ ਅੱਡਿਆਂ ਅੰਦਰ ਚੈਕਿੰਗ ਕਰਵਾਉਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ।

ਦਫ਼ਤਰਾਂ ਵਿਚ ਬੈਠ ਕੇ ਖੁਦ ਆਪਣੀ ਪਿੱਠ ਥਾਪੜਨ ਦੀ ਥਾਂ ਰੋਡਵੇਜ਼ ਦੇ ਅਧਿਕਾਰੀਆਂ ਨੂੰ ਫੀਲਡ ਵਿਚ ਉਤਰ ਕੇ ਨਿਯਮਾਂ ਦੀ ਪਾਲਣਾ ਕਰਵਾਉਣੀ ਚਾਹੀਦੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਬੱਸ ਅੱਡੇ ਵਿਚ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਕੋਸ਼ਿਸ਼ ਕਰਨ ਦੀ ਲੋੜ ਹੈ, ਜਿਸ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਜਾਣਗੇ। ਮਾਸਕ ਦਾ ਨਿਯਮ ਲਾਗੂ ਹੋਣ ਤੋਂ ਬਾਅਦ ਲੋਕ ਕਾਫੀ ਹੱਦ ਤੱਕ ਸੁਰੱਖਿਅਤ ਹੋ ਜਾਣਗੇ ਅਤੇ ਕੋਰੋਨਾ ਦੀ ਤੇਜ਼ੀ ’ਤੇ ਰੋਕ ਲੱਗ ਜਾਵੇਗੀ।

PunjabKesari

ਟਿਕਟਾਂ ਕੱਟਣ ਵਾਲੇ ਤੇ ਖਰੀਦਣ ਵਾਲੇ ਨਾ ਕਰਨ ਅਣਦੇਖੀ
ਬੱਸ ਅੱਡੇ ਵਿਚ ਜਿਥੇ ਇਕ ਪਾਸੇ ਲੋਕ ਬਿਨਾਂ ਮਾਸਕ ਟਿਕਟਾਂ ਲੈਂਦੇ ਦੇਖੇ ਜਾ ਸਕਦੇ ਹਨ, ਉੇਥੇ ਹੀ ਉਨ੍ਹਾਂ ਨੂੰ ਟਿਕਟਾਂ ਦੇਣ ਵਾਲੇ ਚਾਲਕ ਦਲ ਦੇ ਮੈਂਬਰਾਂ ਨੇ ਵੀ ਮਾਸਕ ਨਹੀਂ ਪਹਿਨਿਆ ਹੁੰਦਾ। ਜਾਣਕਾਰ ਕਹਿੰਦੇ ਹਨ ਕਿ ਟਿਕਟਾਂ ਕੱਟਣ ਵਾਲਿਆਂ ਅਤੇ ਖਰੀਦਣ ਵਾਲਿਆਂ ਨੂੰ ਮਾਸਕ ਪਹਿਨਣ ਦੇ ਨਿਯਮ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ।

ਨੌਜਵਾਨਾਂ ਕੋਲੋਂ ਸਿੱਖਣ ਦੀ ਲੋੜ
ਕਹਿੰਦੇ ਹਨ ਕਿ ਵਧੀਆ ਸਿੱਖਿਆ ਜਿਥੋਂ ਵੀ ਮਿਲੇ, ਲੈ ਲੈਣੀ ਚਾਹੀਦੀ ਹੈ। ਮੌਜੂਦਾ ਸਮੇਂ ਮਾਸਕ ਪਹਿਨਣ ਦੀ ਸਿੱਖਿਆ ਸਭ ਤੋਂ ਜ਼ਿਆਦਾ ਲਾਭਦਾਇਕ ਹੈ। ਦੇਖਣ ਵਿਚ ਆ ਰਿਹਾ ਹੈ ਕਿ ਕਈ ਨੌਜਵਾਨ ਮਾਸਕ ਪਹਿਨਣ ਪ੍ਰਤੀ ਬਹੁਤ ਗੰਭੀਰ ਹਨ, ਜਦੋਂ ਕਿ ਉਨ੍ਹਾਂ ਦੇ ਨੇੜਿਓਂ ਲੰਘ ਰਹੇ ਕਈ ਵੱਡੀ ਉਮਰ ਦੇ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਹੁੰਦਾ। ਮਾਸਕ ਪ੍ਰਤੀ ਸਾਰਿਆਂ ਨੂੰ ਨੌਜਵਾਨਾਂ ਕੋਲੋਂ ਸਿੱਖਣ ਦੀ ਲੋੜ ਹੈ।

ਨਿਯਮਾਂ ਦਾ ਉਲੰਘਣ ਹੈ ਅਸਲੀਅਤ
ਰੋਡਵੇਜ਼ ਦੇ ਅਧਿਕਾਰੀ ਸਰਕਾਰ ਤੱਕ ਕੀ ਰਿਪੋਰਟ ਭੇਜ ਰਹੇ ਹਨ, ਇਹ ਤਾਂ ਉਹੀ ਜਾਣਦੇ ਹਨ ਜਾਂ ਸਰਕਾਰ ਪਰ ਜੋ ਅਸਲੀਅਤ ਹੈ, ਉਹ ਨਿਯਮਾਂ ਦਾ ਸਿੱਧੇ ਤੌਰ ’ਤੇ ਉਲੰਘਣ ਹੈ। ਨਿਯਮਾਂ ਦਾ ਪਾਲਣ ਨਾ ਹੋ ਸਕਣਾ ਪੰਜਾਬ ਲਈ ਖ਼ਤਰਨਾਕ ਹੈ ਕਿਉਂਕਿ ਜਨਤਕ ਸਥਾਨ ਜ਼ਰੀਏ ਕੋਰੋਨਾ ਤੇਜ਼ੀ ਨਾਲ ਲੋਕਾਂ ਦੇ ਘਰਾਂ ਤੱਕ ਪਹੁੰਚ ਸਕਦਾ ਹੈ, ਇਸ ਲਈ ਇਸ ਨੂੰ ਤੁਰੰਤ ਪ੍ਰਭਾਵ ਨਾਲ ਰੋਕਣ ਲਈ ਅਧਿਕਾਰੀਆਂ ਨੂੰ ਕਦਮ ਚੁੱਕਣੇ ਪੈਣਗੇ।


shivani attri

Content Editor

Related News