ਜਲੰਧਰ ਪ੍ਰਸ਼ਾਸਨ ਵਲੋਂ 241 ਲੋਕਾਂ ਲਈ ਕੁਆਰੰਟਾਈਨ ਸੈਂਟਰਾਂ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ

05/02/2020 10:12:10 PM

ਜਲੰਧਰ : ਜ਼ਿਲਾ ਪ੍ਰਸ਼ਾਸਨ ਵਲੋਂ ਦੂਸਰੇ ਸੂਬਿਆਂ ਤੋਂ ਵਾਪਸ ਪਰਤੇ 241 ਲੋਕਾਂ ਲਈ ਕਪੂਰਥਲਾ ਰੋਡ 'ਤੇ ਸਥਿਤ ਮੈਰੀਟੋਰੀਅਸ ਸਕੂਲ ਵਿਖੇ ਆਰਾਮ ਨਾਲ ਠਹਿਰਣ ਅਤੇ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ 241 ਲੋਕਾਂ 'ਚ 148 ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ, 7 ਵਿਦਿਆਰਥੀ ਕੋਟਾ, 28 ਮਜ਼ਦੂਰ ਜੈਸਲਮੇਰ ਅਤੇ  58 ਹੋਰ ਸ਼ਾਮਲ ਹਨ, ਜੋ ਵਾਪਸ ਪਰਤੇ ਹਨ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀਆਂ ਹਦਾਇਤਾਂ ਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿਘ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ ਉਚ ਤਾਕਤੀ ਕਮੇਟੀ ਜਿਸ 'ਚ ਸਹਾਇਕ ਕਮਿਸ਼ਨਰ ਹਰਦੀਪ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਹਰਿੰਦਰ ਪਾਲ ਸਿੰਘ ਬਤੌਰ ਮੈਂਬਰ ਸ਼ਾਮਲ ਹਨ, ਵਲੋਂ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੁਆਰੰਟਾਈਨ ਸੈਂਟਰ ਵਿਖੇ ਇਨ੍ਹਾਂ ਲੋਕਾਂ ਦੇ ਰਹਿਣ, ਖਾਣੇ ਅਤੇ ਡਾਕਟਰੀ ਸਹਾਇਤਾ ਤੋਂ ਇਲਾਵਾ ਹੋਰਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਸੈਂਟਰ ਵਿਖੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਨੂੰ ਵੈਲਕਮ ਕਿੱਟ ਜਿਸ ਵਿੱਚ ਦੰਦਾਂ ਦਾ ਬਰਸ਼, ਟੂਥ ਪੇਸਟ, ਨਹਾਉਣ ਵਾਲਾ ਸਾਬਣ, ਕੱਪੜੇ ਧੋਣ ਵਾਲਾ ਸਾਬਣ, ਸੈਨੀਟਾਈਜ਼ਰ, ਤੋਲੀਆ, ਬਾਲਟੀ, ਮੱਗ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ ਆਦਿ ਦਿੱਤੀਆਂ ਜਾ ਰਹੀਆਂ ਹਨ।

PunjabKesari

ਇਸ ਤੋਂ ਇਲਾਵਾ ਕੁਆਰੰਟੀਨ ਸੈਂਟਰ ਵਿਖੇ ਆਉਣ ਵਾਲੇ ਲੋਕਾਂ ਨੂੰ ਸਾਫ਼-ਸੁਥਰੀ ਬੈਡ ਦੀ ਚਾਦਰ, ਸਰਹਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਹਾਣੇ ਅਤੇ ਬੈਡ ਦੀ ਚਾਦਰ ਨੂੰ ਸਾਫ਼ ਸੁਥਰਾ ਰੱਖਣ ਲਈ ਰੋਜ਼ਾਨਾ ਬਦਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਂਪਸ ਵਿਖੇ 24 ਘੰਟੇ ਸਾਫ਼ ਸਫਾਈ ਨੂੰ ਸੈਨੀਟਰੀ ਵਰਕਰਾਂ ਦੁਆਰਾ ਯਕੀਨੀ ਬਣਾਉਣ ਲਈ ਖਾਸ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਕੈਂਪਸ ਵਿਖੇ ਸਥਾਈ ਤੌਰ 'ਤੇ ਮੈਡੀਕਲ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸੇ ਤਰ੍ਹਾਂ ਡਾਕਟਰਾਂ ਦੀ ਟੀਮ ਵਲੋਂ ਦੂਸਰੇ ਰਾਜਾਂ ਤੋਂ ਆਏ ਲੋਕਾਂ ਦੇ ਗਲੇ ਰਾਹੀਂ ਟੈਸਟ ਵੀ ਕੀਤੇ ਗਏ ਹਨ।

PunjabKesari

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੈਂਪਸ ਵਿਖੇ ਭੋਜਨ ਦੀ ਸਪਲਾਈ ਲਈ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸੈਂਟਰ ਵਿਖੇ ਸਵੇਰੇ, ਦੁਪਹਿਰ ਅਤੇ ਰਾਤ ਦਾ ਭੋਜਨ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤਲਹਣ ਵਲੋਂ ਭੇਜਿਆ ਜਾ ਰਿਹਾ ਹੈ ਜਿਸ ਦਾ ਸਾਰਾ ਖਰਚਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਬਾ ਸਰਕਾਰ ਦੁਆਰਾ ਦਿੱਤੇ ਗਏ ਫੰਡ ਵਿਚੋਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੁੱਧ, ਚਾਹ ਅਤੇ ਬਿਸਕੁਟ ਵੀ ਸਵੇਰੇ ਤੇ ਸ਼ਾਮ ਨੂੰ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾ ਕੁਆਰੰਟੀਨ ਸੈਂਟਰ ਵਿਖੇ ਵਿਅਕਤੀਆਂ ਨੂੰ ਤਾਜ਼ਾ ਫ਼ਲ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

PunjabKesari

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੁਆਰੰਟੀਨ ਸੈਂਟਰ ਵਿਚ ਲੋਕਾਂ ਨੂੰ ਆਰਾਮ ਨਾਲ ਠਹਿਰਾਉਣ ਲਈ ਪਾਬੰਦ ਹੈ। ਉਨ੍ਹਾ ਕਿਹਾ ਕਿ ਇਹ ਕੁਆਰੰਟੀਨ ਸੈਂਟਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਉਚ ਅਧਿਕਾਰੀਆਂ ਵਲੋਂ ਕੁਆਰੰਟੀਨ ਸੈਂਟਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।


Deepak Kumar

Content Editor

Related News