ਲਾਪਤਾ ਹੋਈਆਂ ਨਾਬਾਲਗ ਵਿਦਿਆਰਥਣਾਂ ਬਰਾਮਦ

08/23/2019 12:50:34 PM

ਜਲੰਧਰ (ਰਮਨ) : ਪਿਛਲੇ ਦਿਨੀਂ ਉਚਾ ਸੁਰਾਜਗੰਜ ਦੀਆਂ ਰਹਿਣ ਵਾਲੀਆਂ 13 ਸਾਲਾ 2 ਸਕੂਲੀ ਵਿਦਿਆਰਥਣਾਂ ਜਿਨ੍ਹਾਂ ਨੂੰ ਨਕੋਦਰ ਰੋਡ ਕੋਲ ਅਣਜਾਨ ਵਿਅਕਤੀ ਵਰਗਲਾ ਕੇ ਆਪਣੇ ਨਾਲ ਲੈ ਗਏ ਸਨ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ-4 ਦੀ ਪੁਲਸ ਨੇ ਸਿਰਫ 24 ਘੰਟਿਆਂ ਵਿਚ ਇਕ ਵਿਦਿਆਰਥਣ ਨੂੰ ਲੱਭ ਲਿਆ, ਜਦੋਂ ਕਿ ਦੂਜੀ ਵਿਦਿਆਰਥਣ ਨੂੰ ਪੁਲਸ ਨੇ ਦੇਰ ਰਾਤ ਬੱਸ ਸਟੈਂਡ ਕੋਲੋਂ ਲੱਭ ਲਿਆ ਸੀ। ਪੁਲਸ ਨੇ ਦੋਵਾਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਥਾਣਾ-4 ਦੀ ਪੁਲਸ ਵਲੋਂ ਉਕਤ ਵਿਅਕਤੀਆਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਲੜਕੀਆਂ ਨੂੰ ਵਰਗਲਾ ਕੇ ਲੈ ਗਏ ਸਨ।

ਥਾਣਾ-4 ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਬਸੰਤ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਜਾਂਚ ਕਰਦੇ ਹੋਏ ਦੇਰ ਰਾਤ ਦੂਜੀ ਲੜਕੀ ਨੂੰ ਬੱਸ ਸਟੈਂਡ ਤੋਂ ਲੱਭ ਲਿਆ। ਪੁਲਸ ਨੇ ਦੋਵਾਂ ਲੜਕੀਆਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਨ੍ਹਾਂ ਨੂੰ ਸਮਾਈਲ ਤੇ ਸਿਮਰਨ ਨਾਂ ਦੇ ਦੋ ਲੜਕੇ ਵਰਗਲਾ ਕੇ ਨਾਲ ਲੈ ਗਏ ਸਨ। ਦੋਵਾਂ ਲੜਕੀਆਂ ਨੂੰ ਸਿਰਫ ਉਨ੍ਹਾਂ ਦਾ ਨਾਂ ਹੀ ਪਤਾ ਸੀ ਜਿਸ ਕਾਰਣ ਪੁਲਸ ਦੋਵਾਂ ਲੜਕਿਆਂ ਨੂੰ ਨਹੀਂ ਫੜ ਸਕੀ। ਪੁਲਸ ਦੋਵਾਂ ਲੜਕਿਆਂ ਦਾ ਪਤਾ ਲਗਵਾ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਧਾਰਾਵਾਂ ਵਿਚ ਵਾਧਾ ਕੀਤਾ ਜਾਵੇਗਾ। ਪੁਲਸ ਜਲਦੀ ਹੀ ਲੜਕਿਆਂ ਨੂੰ ਗ੍ਰਿਫਤਾਰ ਕਰ ਲਵੇਗੀ।

ਜ਼ਿਕਰਯੋਗ ਹੈ ਕਿ ਮੰਗਲਵਾਰ ਦੁਪਹਿਰ ਨਕੋਦਰ ਰੋਡ ਸਥਿਤ ਮਠਿਆਈਆਂ ਦੀ ਦੁਕਾਨ ਕੋਲ ਸਕੂਲ ਬੱਸ ਤੋਂ ਉਤਰ ਕੇ ਅਚਾਨਕ ਦੋਵੇਂ ਲੜਕੀਆਂ ਸਿੱਕਾ ਚੌਕ ਵਲ ਭੱਜਣ ਲੱਗੀਆਂ ਸਨ। ਇਹ ਘਟਨਾ ਮੌਕੇ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਪਰ ਕੈਮਰੇ ਦਾ ਐਂਗਲ ਜ਼ਿਆਦਾ ਦੂਰ ਹੋਣ ਕਾਰਨ ਉਨ੍ਹਾਂ ਨੂੰ ਕਵਰ ਨਹੀਂ ਕਰ ਸਕਿਆ। ਜਿਸ ਕਾਰਣ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਵਿਦਿਆਰਥਣਾਂ ਕਿੱਥੇ ਗਈਆਂ ਸਨ। ਮਾਮਲੇ ਸਬੰਧੀ ਦੋਵਾਂ ਲੜਕੀਆਂ ਦੇ ਪਰਿਵਾਰ ਵਾਲਿਆਂ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ।


Baljeet Kaur

Content Editor

Related News