‘3 ਸਾਲ ਪਹਿਲਾਂ ਪਾਸ ਹੋਏ ਵਿਕਾਸ ਕਾਰਜ ਨਹੀਂ ਚੜ੍ਹੇ ਸਿਰੇ, ਵਧੀ ਲਾਗਤ ਕੀਮਤ ਦਾ ਜ਼ਿੰਮੇਵਾਰ ਕੌਣ’
Wednesday, Jan 20, 2021 - 04:27 PM (IST)
ਜਲੰਧਰ (ਸੋਮਨਾਥ) - ਨਗਰ ਨਿਗਮ ਵੱਲੋਂ 2018 ਵਿਚ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਪਾਸ ਕੰਮ ਅਜੇ ਤੱਕ ਸਿਰੇ ਨਹੀਂ ਚੜ੍ਹੇ। ਹੁਣ 2021 ਵਿਚ ਵਿਕਾਸ ਦੇ ਇਨ੍ਹਾਂ ਕੰਮਾਂ ਦੀ ਲਾਗਤ 40 ਤੋਂ 60 ਫੀਸਦੀ ਤੱਕ ਵਧ ਗਈ ਹੈ। ਇਸ ਵਧੀ ਹੋਈ ਲਾਗਤ ਕੀਮਤ ਲਈ ਜ਼ਿੰਮੇਵਾਰ ਕੌਣ ਹੈ? ਇਸ ਸਬੰਧੀ ਵਾਰਡ ਨੰਬਰ 17 ਤੋਂ ਕੌਂਸਲਰ ਸ਼ੈਲੀ ਖੰਨਾ ਨੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੂੰ ਚਿੱਠੀ ਲਿਖੀ ਹੈ।
ਉਨ੍ਹਾਂ ਨਿਗਮ ਕਮਿਸ਼ਨਰ ਦਾ 2018 ਵਿਚ ਪਾਸ ਹੋਏ ਵਿਕਾਸ ਕਾਰਜਾਂ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਪ੍ਰਸਤਾਵ ਨੰਬਰ 100 (45) ਅਤੇ 100 (46) 25 ਜਨਵਰੀ 2018 ਵਿਚ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਸੜਕਾਂ ਬਣਾਉਣ ਸਬੰਧੀ ਪਾਸ ਹੋਇਆ ਸੀ, ਜੋ ਸੜਕਾਂ ਅੱਜ ਤੱਕ ਨਹੀਂ ਬਣੀਆਂ। ਇਸੇ ਤਰ੍ਹਾਂ ਹਾਊਸ ਵਿਚ ਪਾਸ ਪ੍ਰਸਤਾਵ ਨੰਬਰ 142 (29), 142 (30), 142 (31) ਤਹਿਤ ਬਸ਼ੀਰਪੁਰਾ ਅਤੇ ਜੀ. ਜੀ. ਐੱਸ. ਐਵੇਨਿਊ ਪਾਰਕਿੰਗ ਏਰੀਆ ਵਿਚ ਵਿਕਾਸ ਕਾਰਜ ਹੋਣੇ ਸਨ। ਇਹ ਵਿਕਾਸ ਕਾਰਜ ਵੀ ਅੱਜ ਤੱਕ ਨਹੀਂ ਕਰਵਾਏ ਗਏ ਹਨ।
ਸ਼ੈਲੀ ਖੰਨਾ ਨੇ ਸਵਾਲ ਕੀਤਾ ਕਿ ਜੇਕਰ ਹਾਊਸ ਵਿਚ ਪਾਸ ਵਿਕਾਸ ਕਾਰਜਾਂ ਨੂੰ ਲੈ ਕੇ ਉਨ੍ਹਾਂ ’ਤੇ ਕੰਮ ਹੀ ਨਹੀਂ ਕਰਵਾਉਣਾ ਤਾਂ ਹਾਊਸ ਦੀਆਂ ਮੀਟਿੰਗਾਂ ਦਾ ਸਿਰਫ਼ ਹਾਜ਼ਰੀ ਲਗਾਉਣ ਤੋਂ ਇਲਾਵਾ ਕੋਈ ਫ਼ਾਇਦਾ ਹੀ ਨਹੀਂ।
ਰੂਟ ਮੈਪ ’ਚ ਸ਼ਾਮਲ ਹੋਣ ਦੇ ਬਾਵਜੂਦ ਮਸ਼ੀਨਾਂ ਨਾਲ ਸਫ਼ਾਈ ਨਹੀਂ
ਵਾਰਡ ਵਿਚ ਸਫ਼ਾਈ ਦੇ ਕੰਮ ਨੂੰ ਲੈ ਕੇ ਕੌਂਸਲਰ ਨੇ ਜਵਾਬ ਮੰਗਿਆ ਹੈ ਕਿ ਉਨ੍ਹਾਂ ਦੀ ਵਾਰਡ ਵਿਚ 11 ਸਫ਼ਾਈ ਕਰਮਚਾਰੀ ਦਿੱਤੇ ਗਏ ਹਨ, ਜਿਹੜੇ ਉਨ੍ਹਾਂ ਦੇ ਵਾਰਡ ਵਿਚ ਸਿਰਫ਼ 2 ਇਲਾਕਿਆਂ ਵਿਚ ਹੀ ਕੰਮ ਕਰ ਪਾਉਂਦੇ ਹਨ, ਜਿਸ ਕਾਰਣ ਬਾਕੀ ਦੀ ਵਾਰਡ ਸਫ਼ਾਈ ਤੋਂ ਅਛੂਤੀ ਰਹਿੰਦੀ ਹੈ। ਨਿਗਮ ਕੋਲ 2 ਸਵੀਪਿੰਗ ਮਸ਼ੀਨਾਂ ਹਨ, ਜਿਨ੍ਹਾਂ ਜ਼ਰੀਏ ਵਾਰਡ ਦੀਆਂ 40, 60 ਅਤੇ 80 ਫੁੱਟ ਦੀਆਂ ਸੜਕਾਂ ਆਸਾਨੀ ਨਾਲ ਸਾਫ਼ ਹੋ ਸਕਦੀਆਂ ਹਨ। ਰੂਟ ਮੈਪ ਵਿਚ ਉਨ੍ਹਾਂ ਦੇ ਵਾਰਡ ਦੀਆਂ ਸੜਕਾਂ ਦੀ ਨਿਸ਼ਾਨਦੇਹੀ ਕੀਤੀ ਹੋਈ ਹੈ। ਅੱਜ ਤੱਕ ਇਕ ਵਾਰ ਵੀ ਇਨ੍ਹਾਂ ਮਸ਼ੀਨਾਂ ਨਾਲ ਸਫ਼ਾਈ ਨਹੀਂ ਹੋਈ ਹੈ।