ਨਿਗਮ ਦੀਆਂ ਐਡਹਾਕ ਕਮੇਟੀਆਂ ''ਚ ਕੌਂਸਲਰ ਪਤੀਆਂ ਦੇ ਆਉਣ ਨਾਲ ਪਿਆ ਰੌਲਾ

02/07/2020 4:47:16 PM

ਜਲੰਧਰ  (ਖੁਰਾਣਾ): ਮੇਅਰ ਜਗਦੀਸ਼ ਰਾਜਾ ਨੇ ਨਿਗਮ 'ਚ ਵੱਖ-ਵੱਖ ਵਿਭਾਗੀ ਕੰਮਾਂ ਦੇ ਸੰਚਾਲਨ ਲਈ ਕੁਝ ਦਿਨ ਪਹਿਲਾਂ ਐਡਹਾਕ ਕਮੇਟੀਆਂ ਦਾ ਗਠਨ ਕੀਤਾ ਸੀ, ਜਿਨ੍ਹਾਂ ਨੂੰ ਲੈ ਕੇ ਕੌਂਸਲਰ ਰਾਜੀਵ ਓਂਕਾਰ ਟਿੱਕਾ, ਰੋਹਨ ਸਹਿਗਲ, ਦੇਸਰਾਜ ਜੱਸਲ ਨੇ ਵਿਰੋਧੀ ਸੁਰ ਬੁਲੰਦ ਕਰ ਕੇ ਮੇਅਰ ਦੀ ਨਿਖੇਧੀ ਕੀਤੀ ਪਰ ਹੁਣ ਨਗਰ ਨਿਗਮ ਦੀ ਅਫਸਰਸ਼ਾਹੀ ਵੀ ਇਨ੍ਹਾਂ ਐਡਹਾਕ ਕਮਟੀਆਂ ਦੇ ਮਾਮਲੇ ਵਿਚ ਉਠ ਖੜ੍ਹੀ ਹੋਈ ਹੈ। ਇਸ ਬਵਾਲ ਦੀ ਨੌਬਤ ਤਦ ਆਈ ਜਦੋਂ ਇਨ੍ਹਾਂ ਐਡਹਾਕ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਮਹਿਲਾ ਕੌਂਸਲਰਾਂ ਦੇ ਪਤੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ। ਨਿਗਮ ਦੇ ਜ਼ਿਆਦਾਤਰ ਅਫਸਰਾਂ ਨੇ ਅੱਜ ਸਾਫ ਸ਼ਬਦਾਂ ਵਿਚ ਕਿਹਾ ਕਿ ਐਡਹਾਕ ਕਮੇਟੀਆਂ ਨਿਗਮ ਦੇ ਐਕਟ ਦੇ ਤਹਿਤ ਬਣਾਈਆਂ ਗਈਆਂ ਹਨ ਇਸ ਲਈ ਇਨ੍ਹਾਂ ਵਿਚ ਸਿਰਫ ਮਹਿਲਾ ਕੌਂਸਲਰ ਹੀ ਸ਼ਾਮਲ ਹੋ ਸਕਦੀਆਂ ਹਨ। ਉਨ੍ਹਾਂ ਦੀ ਥਾਂ 'ਤੇ ਪਤੀ ਜਾਂ ਹੋਰ ਪਰਿਵਾਰਕ ਮੈਂਬਰ ਕਿਸੇ ਵੀ ਹਾਲਤ' ਚ ਐਡਹਾਕ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋ ਸਕਦੇ। ਇਨ੍ਹਾਂ ਅਫਸਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਫਿਰ ਵੀ ਆਉਣ ਵਾਲੇ ਦਿਨਾਂ ਵਿਚ ਕੋਈ ਕੌਂਸਲਰ ਪਤੀ ਜਾਂ ਕੌਂਸਲਰ ਪੁੱਤਰ ਐਡਹਾਕ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਹੋਇਆ ਤਾਂ ਅਫਸਰ ਉਸ ਮੀਟਿੰਗ ਦਾ ਹੀ ਬਾਈਕਾਟ ਕਰ ਦੇਣਗੇ।

ਕੌਂਸਲਰ ਪਤੀ ਪ੍ਰੀਤ ਖਾਲਸਾ ਨਾਲ ਹੋਈ ਵਿਵਾਦ ਦੀ ਸ਼ੁਰੂਆਤ
ਅਸਲ ਵਿਚ ਐਡਹਾਕ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਮਹਿਲਾ ਕੌਂਸਲਰ ਦੀ ਥਾਂ 'ਤੇ ਉਨ੍ਹਾਂ ਦੇ ਪਤੀਆਂ ਦੇ ਸ਼ਾਮਲ ਹੋਣ ਦੇ ਵਿਵਾਦ ਦੀ ਸ਼ੁਰੂਆਤ ਵਾਰਡ ਨੰ. 71 ਦੀ ਕੌਂਸਲਰ ਸਤਿੰਦਰਜੀਤ ਕੌਰ ਖਾਲਸਾ ਦੇ ਪਤੀ ਪ੍ਰੀਤ ਖਾਲਸਾ ਤੋਂ ਹੋਈ। ਸ਼੍ਰੀਮਤੀ ਸਤਿੰਦਰਜੀਤ ਕੌਰ ਨੂੰ ਮੇਅਰ ਨੇ ਸੈਨੀਟੇਸ਼ਨ ਐਡਹਾਕ ਕਮੇਟੀ ਵਿਚ ਮੈਂਬਰ ਬਣਾਇਆ ਹੈ ਪਰ ਬੀਤੇ ਦਿਨ ਚੇਅਰਮੈਨ ਬਲਰਾਜ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੌਂਸਲਰ ਸਤਿੰਦਰਜੀਤ ਕੌਰ ਦੀ ਥਾਂ 'ਤੇ ਉਨ੍ਹਾਂ ਦੇ ਪਤੀ ਪ੍ਰੀਤ ਖਾਲਸਾ ਸ਼ਾਮਲ ਹੋਏ।
ਮੀਟਿੰਗ ਦੌਰਾਨ ਮੌਜੂਦ ਕਈ ਕੌਂਸਲਰਾਂ ਨੇ ਮੌਕੇ 'ਤੇ ਹੀ ਕੌਂਸਲਰ ਪਤੀ ਦੀ ਮੌਜੂਦਗੀ ਦਾ ਵਿਰੋਧ ਜਤਾਇਆ। ਕਿਹਾ ਜਾਂਦਾ ਹੈ ਕਿ ਚੇਅਰਮੈਨ ਬਲਰਾਜ ਠਾਕੁਰ ਨੇ ਵੀ ਪ੍ਰੀਤ ਖਾਲਸਾ ਨੂੰ ਇਸ ਮਾਮਲੇ ਵਿਚ ਟੋਕਿਆ ਪਰ ਉਹ ਫਿਰ ਵੀ ਆਪਣੀ ਪਤਨੀ ਦੀ ਥਾਂ 'ਤੇ ਮੀਟਿੰਗ ਿਵਚ ਬੈਠੇ ਰਹੇ, ਜਿਸ ਦੀ ਸੂਚਨਾ ਮਿਲਦਿਆਂ ਹੀ ਨਿਗਮ ਦੀ ਬਾਕੀ ਅਫਸਰਸ਼ਾਹੀ 'ਚ ਵੀ ਰੋਸ ਪੈਦਾ ਹੋ ਗਿਆ। ਇਸ ਦੌਰਾਨ ਜਦੋਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨਾਲ ਸੰਪਰਕ ਕੀਤਾ ਿਗਆ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਾਊਸ ਵਿਚ ਸਿਰਫ ਮਹਿਲਾ ਕੌਂਸਲਰਾਂ ਨੂੰ ਹੀ ਮੀਟਿਗ ਦੀ ਇਜਾਜ਼ਤ ਹੈ ਠੀਕ ਉਸੇ ਤਰ੍ਹਾਂ ਐਡਹਾਕ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਵੀ ਮਹਿਲਾ ਕੌਂਸਲਰ ਹੀ ਸ਼ਾਮਲ ਹੋ ਸਕਦੀਆਂ ਹਨ। ਉਨ੍ਹਾਂ ਦੀ ਥਾਂ 'ਤੇ ਕਿਸੇ ਹੋਰ ਦਾ ਬੈਠਣਾ ਗਲਤ ਹੋਵੇਗਾ।

ਅੱਜ ਪਤਨੀਆਂ ਨਾਲ ਆਏ ਬਾਹਰੀ ਤੇ ਢੱਲ
ਅੱਜ ਵੀ ਤਹਿਬਾਜ਼ਾਰੀ ਐਡਹਾਕ ਕਮੇਟੀ ਦੀ ਮੀਟਿੰਗ ਚੇਅਰਮੈਨ ਅਰੁਣਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਉਸ ਮੀਟਿੰਗ ਵਿਚ ਵੀ ਕੌਂਸਲਰ ਪਤੀ ਸਲਿਲ ਬਾਹਰੀ ਅਤੇ ਹੰਸਰਾਜ ਢੱਲ ਮੌਜੂਦ ਸਨ ਪਰ ਖਾਸ ਗੱਲ ਇਹ ਸੀ ਕਿ ਜਿੱਥੇ ਸਲਿਲ ਬਾਹਰੀ ਦੀ ਪਤਨੀ ਕੌਂਸਲਰ ਰਜਨੀ ਬਾਹਰੀ ਉਨ੍ਹਾਂ ਦੇ ਨਾਲ ਮੌਜੂਦ ਸੀ ਉਥੇ ਕੌਂਸਲਰ ਕਮਲਾ ਢੱਲ ਵੀ ਮੀਟਿੰਗ ਿਵਚ ਸ਼ਾਮਲ ਸੀ। ਅੱਜ ਵੀ ਕੌਂਸਲਰ ਪਤੀਆਂ ਦੇ ਮੀਟਿੰਗ 'ਚ ਬੈਠਣ 'ਤੇ ਇਤਰਾਜ਼ ਉਠੇ ਪਰ ਦੋਵਾਂ ਮਹਿਲਾ ਕੌਂਸਲਰਾਂ ਦੇ ਖੁਦ ਮੌਜੂਦ ਹੋਣ ਕਾਰਣ ਜ਼ਿਆਦਾ ਵਿਵਾਦ ਨਹੀਂ ਉਪਜਿਆ।

ਤਹਿਬਾਜ਼ਾਰੀ ਕਮੇਟੀ ਨੇ ਮੰਗੀ ਹਰ ਸੜਕ 'ਤੇ ਲੱਗਦੀਆਂ ਰੇਹੜੀਆਂ ਦੀ ਰਿਪੋਰਟ
ਤਹਿਬਾਜ਼ਾਰੀ ਐਡਹਾਕ ਕਮੇਟੀ ਦੀ ਇਕ ਮੀਟਿੰਗ ਚੇਅਰਮੈਨ ਅਰੁਣਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਅਤੇ ਸੁਪਰਡੈਂਟ ਮਨਦੀਪ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਮੌਜੂਦ ਸਨ। ਮੀਟਿੰਗ ਦੌਰਾਨ ਕਮੇਟੀ ਨੇ ਸ਼ਹਿਰ ਦੀ ਹਰ ਸੜਕ 'ਤੇ ਲੱਗਦੀਆਂ ਰੇਹੜੀਆਂ ਦੀ ਗਿਣਤੀ ਦੀ ਰਿਪੋਰਟ ਮੰਗੀ, ਪਿਛਲੇ ਦੋ ਸਾਲਾਂ ਅਤੇ ਪਿਛਲੇ ਚਾਰ ਮਹੀਨਿਆਂ ਦੌਰਾਨ ਮਿਲੇ ਰੈਵੇਨਿਊ ਬਾਰੇ ਪੁੱਛਿਆ। ਹਰ ਸਟਾਫ ਦੀ ਤਾਇਨਾਤੀ ਅਤੇ ਮੋਬਾਇਲ ਨੰਬਰਾਂ ਦੀ ਲਿਸਟ ਮੰਗੀ। ਨਿਰਦੇਸ਼ ਿਦੱਤੇ ਗਏ ਕਿ ਰੇਹੜੀਆਂ ਸੜਕਾਂ ਦੀ ਬਜਾਏ ਫੁੱਟਪਾਥਾਂ 'ਤੇ ਲਾਈਆਂ ਜਾਣ ਤੇ ਭਵਿੱਖ ਵਿਚ ਵੱਖਰੇ ਰੇਹੜੀ ਜ਼ੋਨ ਦੇ ਪ੍ਰਬੰਧ ਕੀਤੇ ਜਾਣ। ਨਿੱਜੀ ਵਸੂਲੀਬੰਦ ਕੀਤੀ ਜਾਵੇ ਅਤੇ ਜੋ ਰੇਹੜੀ ਵਾਲੇ ਗੰਦਗੀ ਖਿਲਾਰਦੇ ਹਨ ਉਨ੍ਹਾਂ ਦੇ ਚਲਾਨ ਹੈਲਥ ਵਿਭਾਗ ਤੋਂ ਕਟਵਾਏ ਜਾਣ, ਜੋ ਨਿਗਮ ਨੂੰ ਪਰਚੀ ਨਹੀਂ ਕਟਵਾਉਂਦੇ ਉਨ੍ਹਾਂ ਕੋਲੋਂ ਦੁੱਗਣਾ ਜੁਰਮਾਨਾ ਲਿਆ ਜਾਵੇ।

15 ਦਿਨਾਂ ਬਾਅਦ ਸ਼ਹਿਰ ਵਿਚ ਕੋਈ ਨਾਜਾਇਜ਼ ਹੋਰਡਿੰਗ ਨਜ਼ਰ ਨਾ ਆਵੇ
ਨਗਰ ਨਿਗਮ ਦੀ ਇਸ਼ਤਿਹਾਰ ਕਮੇਟੀ ਦੀ ਪਹਿਲੀ ਮੀਟਿੰਗ ਅੱਜ ਚੇਅਰਮੈਨ ਨੀਰਜਾ ਜੈਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੌਂਸਲਰ ਸ਼ਵੇਤਾ ਤੇ ਸਰਵਜੀਤ ਕੌਰ ਬਿੱਲਾ ਤੋਂ ਇਲਾਵਾ ਸਾਰੇ ਅਧਿਕਾਰੀ ਸ਼ਾਮਲ ਹੋਏ। ਕੌਂਸਲਰ ਰਾਜੀਵ ਓਂਕਾਰ ਟਿੱਕਾ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਇਸ਼ਤਿਹਾਰ ਪਾਲਿਸੀ ਅਤੇ ਹੋਰ ਨਿਯਮਾਂ ਸਬੰਧੀ ਰਿਪੋਰਟ ਕਮੇਟੀ ਨੂੰ ਦੇਣ। 15 ਦਿਨਾਂ ਬਾਅਦ ਸ਼ਹਿਰ ਵਿਚ ਕੋਈ ਨਾਜਾਇਜ਼ ਹੋਰਡਿੰਗ ਨਜ਼ਰ ਨਾ ਆਵੇ। ਮਾਡਲ ਟਾਊਨ ਜ਼ੋਨ ਵਿਚ ਲੱਗੇ ਇਸ਼ਤਿਹਾਰਾਂ ਦੀ ਜਾਂਚ ਵੀ ਕਮੇਟੀ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਮਦਨ ਵਧਾਉਣ ਦੇ ਸਾਧਨਾਂ 'ਤੇ ਵੀ ਚਰਚਾ ਹੋਈ।

ਓ. ਐਂਡ ਐੱਮ. ਕਮੇਟੀ ਨੇ ਸੀਵਰਮੈਨਾਂ ਦੀ ਰਿਪੋਰਟ ਤਲਬ ਕੀਤੀ
ਓ. ਐਂਡ ਐੱਮ. ਕਮੇਟੀ ਦੀ ਮੀਟਿੰਗ ਅੱਜ ਚੇਅਰਮੈਨ ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਜਿਥੇ ਵਿਭਾਗ ਦੀ ਮਸ਼ੀਨਰੀ ਤੇ ਸਟਾਫ ਦੀ ਸੂਚੀ ਤਲਬ ਕੀਤੀ ਗਈ ਉਥੇ ਹਰ ਵਾਰਡ ਵਿਚ ਲੱਗੇ ਸੀਵਰਮੈਨਾਂ ਦੇ ਨਾਂ ਤੇ ਵੇਰਵਾ ਮੰਗਿਆ ਗਿਆ। ਇਸ ਤੋਂ ਇਲਾਵਾ ਟਿਊਬਵੈੱਲਾਂ, ਡਿਸਪੋਜ਼ਲਾਂ, ਸੁਪਰ ਸਕਸ਼ਨ ਮਸ਼ੀਨਾਂ ਦੇ ਕੰਮ ਅਤੇ ਅਮਰੁਤ ਯੋਜਨਾ ਦੇ ਕੰਮਾਂ ਬਾਰੇ ਵੀ ਜਾਣਕਾਰੀ ਮੰਗੀ ਗਈ।ਵਿਭਾਗ ਦੇ ਰੈਵੇਨਿਊ ਅਤੇ ਉਸ ਦੀ ਵਸੂਲੀ ਅਤੇ ਟੀਚਿਆਂ 'ਤੇ ਵੀ ਚਰਚਾ ਹੋਈ ਅਤੇ ਜ਼ਿੰਮੇਵਾਰੀ ਫਿਕਸ ਕਰਨ ਲਈ ਕਿਹਾ ਗਿਆ।


Shyna

Content Editor

Related News