ਜਗਦੀਸ਼ ਝੀਂਡਾ ਦਾ ਭਾਜਪਾ 'ਤੇ ਹਮਲਾ, ਕਿਹਾ- ਹਰਿਆਣਾ ਸਰਕਾਰ ਸਿੱਖਾਂ ’ਚ ਕਰਵਾਉਣਾ ਚਾਹੁੰਦੀ ਹੈ ਭਰਾ ਮਾਰੂ ਜੰਗ

Tuesday, Jan 24, 2023 - 08:49 PM (IST)

ਜਗਦੀਸ਼ ਝੀਂਡਾ ਦਾ ਭਾਜਪਾ 'ਤੇ ਹਮਲਾ, ਕਿਹਾ- ਹਰਿਆਣਾ ਸਰਕਾਰ ਸਿੱਖਾਂ ’ਚ ਕਰਵਾਉਣਾ ਚਾਹੁੰਦੀ ਹੈ ਭਰਾ ਮਾਰੂ ਜੰਗ

ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਬਣਾਈ ਨਵੀਂ ਕਮੇਟੀ ਸਿੱਧ ਕਰਦੀ ਹੈ ਕਿ ਖੱਟੜ ਸਰਕਾਰ ਸਿੱਖਾਂ ਵਿੱਚ ਭਰਾ ਮਾਰੂ ਜੰਗ ਕਰਵਾਉਣਾ ਚਾਹੁੰਦੀ ਹੈ ਤੇ ਸਰਕਾਰ ਵੱਲੋਂ ਬਣਾਈ ਗਈ ਇਸ ਕਮੇਟੀ ਦੇ ਪ੍ਰਧਾਨ ਤੇ ਸਾਰੇ ਮੈਂਬਰ ਮਰੀਆਂ ਜ਼ਮੀਰਾਂ ਵਾਲੇ ਹਨ, ਜੋ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੇ ਹਨ।

ਇਹ ਵੀ ਪੜ੍ਹੋ : Inflation in Pakistan: ਆਖਿਰ ਪਾਕਿਸਤਾਨ 'ਚ ਇੰਨਾ ਮਹਿੰਗਾ ਕਿਉਂ ਹੈ ਆਟਾ?, ਜਾਣੋ ਵਜ੍ਹਾ

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਹਰਿਆਣਾ ਦੇ ਸਿੱਖਾਂ ਨੂੰ ਆਪਸ 'ਚ ਲੜਾਉਣ ਲਈ ਇਕ 40 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਮੈਨੂੰ ਵੀ ਮੈਂਬਰ ਲਿਆ ਗਿਆ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਭਾਜਪਾ ਸਾਡੇ ਗੁਰੂ ਘਰਾਂ 'ਤੇ ਕਬਜ਼ਾ ਕਰਕੇ ਗੁਰੂ ਕੀ ਗੋਲਕ ਦੀ ਦੁਰਵਰਤੋਂ ਕਰੇ ਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਆਪਣੇ ਚਹੇਤਿਆਂ ਨੂੰ ਦੇ ਕੇ ਸੰਗਤ ਦੀ ਸ਼ਰਧਾ ਨਾਲ ਖਿਲਵਾੜ ਕਰੇ। ਇਸ ਕਰਕੇ ਮੈਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਅਤੇ ਸ੍ਰੀ ਅਕਾਲ ਤਖਤ 'ਤੇ ਜਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ। ਉਨ੍ਹਾਂ ਮੈਨੂੰ ਭਰੋਸਾ ਦਿੱਤਾ ਕਿ ਅਸੀਂ ਸਾਰੇ ਜਥੇਦਾਰ ਮਿਲ ਕੇ ਤੁਹਾਡੀ ਗੱਲ 'ਤੇ ਵਿਚਾਰ ਕਰਾਂਗੇ ਤੇ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਅਕਾਲ ਤਖਤ 'ਤੇ ਭਰੋਸਾ ਹੈ ਤੇ ਸੰਗਤ ਵੀ ਸਰਕਾਰ ਦੀ ਕਮੇਟੀ ਨੂੰ ਨਕਾਰਦੀ ਹੈ। 

ਇਹ ਵੀ ਪੜ੍ਹੋ : ਰਾਘਵ ਚੱਢਾ 'ਇੰਡੀਆ-ਯੂ. ਕੇ. ਆਊਟਸਟੈਂਡਿੰਗ ਅਚੀਵਰਸ ਆਨਰ' ਐਵਾਰਡ ਨਾਲ ਹੋਣਗੇ ਸਨਮਾਨਿਤ

ਕੀ ਇਸ ਤਰ੍ਹਾਂ ਸਿੱਖ 2 ਹਿੱਸਿਆਂ 'ਚ ਨਹੀਂ ਵੰਡੇ ਜਾਣਗੇ? ਪੁੱਛਣ 'ਤੇ ਝੀਂਡਾ ਨੇ ਕਿਹਾ ਕਿ ਅਸੀਂ ਨਹੀਂ ਸਗੋਂ ਸਰਕਾਰ ਸਿੱਖਾਂ ਨੂੰ ਵੰਡਣ ਵਿੱਚ ਲੱਗੀ ਹੋਈ ਹੈ, ਜਿਸ ਕਰਕੇ ਸਰਕਾਰ ਨੇ ਕਮੇਟੀ ਬਣਾਈ ਹੈ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ, ਨਾ ਕਿ ਭਾਜਪਾ ਦੀ ਸਰਕਾਰ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਾਡੀ ਕਮੇਟੀ ਹੋਵੇਗੀ ਤੇ ਦੂਜੇ ਪਾਸੇ ਮਹੰਤ ਕਰਮਜੀਤ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਕਮੇਟੀ ਹੈ। ਹੁਣ ਸੰਗਤ ਨੇ ਦੇਖਣਾ ਹੈ ਕਿ ਉਹ ਅਕਾਲ ਤਖਤ ਦੇ ਨਾਲ ਹਨ ਜਾਂ ਸਰਕਾਰ ਦੇ ਨਾਲ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਅਜੇ ਵੀ ਸਮਾਂ ਹੈ ਪੰਥਕ ਏਕਤਾ ਲਈ ਹੰਭਲਾ ਮਾਰੋ। ਅਸੀਂ ਸ਼੍ਰੋਮਣੀ ਕਮੇਟੀ ਨੂੰ ਆਪਣੀ ਪਾਰਲੀਮੈਂਟ ਮੰਨਦੇ ਹਾਂ ਤੇ ਸਾਨੂੰ ਸਟੇਟ ਬਾਡੀ ਮੰਨ ਕੇ ਕੌਮੀ ਏਕਤਾ ਹੋ ਸਕਦੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News