ਰੇਲਵੇ ਤੇ NHAI ਵਿਚਕਾਰ ਨਹੀਂ ਸੁਲਝ ਰਿਹਾ PAP ਦੀ ਬੰਦ ਪਈ ਲੇਨ ਦਾ ਮਾਮਲਾ, ਅਧਿਕਾਰੀ ਦਾ ਹੋ ਗਿਆ ਤਬਾਦਲਾ
Wednesday, May 03, 2023 - 02:55 PM (IST)

ਜਲੰਧਰ (ਜ. ਬ.)–4 ਸਾਲ ਤੋਂ ਵਿਚਾਲੇ ਲਟਕੀ ਪੀ. ਏ. ਪੀ. ਦੀ ਬੰਦ ਲੇਨ ਦਾ ਮਾਮਲਾ ਨਾ ਤਾਂ ਰੇਲਵੇ ਵੱਲੋਂ ਸੁਲਝਾਇਆ ਜਾ ਰਿਹਾ ਹੈ ਅਤੇ ਨਾ ਹੀ ਐੱਨ. ਐੱਚ. ਏ. ਆਈ. ਵੱਲੋਂ। ਦੋਵੇਂ ਵਿਭਾਗ ਸ਼ਾਂਤ ਹੋ ਕੇ ਬੈਠ ਗਏ ਹਨ ਪਰ ਹਜ਼ਾਰਾਂ ਲੋਕਾਂ ਨੂੰ ਰੋਜ਼ਾਨਾ ਬੰਦ ਫਾਟਕ ਅਤੇ 4 ਕਿਲੋਮੀਟਰ ਲੰਮਾ ਰਸਤਾ ਤਹਿ ਕਰਨਾ ਪੈ ਰਿਹਾ ਹੈ ਅਤੇ ਜਾਮ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਅੰਬਾਲਾ ਦੇ ਪ੍ਰਾਜੈਕਟ ਡਾਇਰੈਕਟਰ ਨੇ ਪੀ. ਏ. ਪੀ. ਦੀ ਬੰਦ ਪਈ ਲੇਨ ਦਾ ਕੰਮ ਜਲੰਧਰ ਦੇ ਪ੍ਰਾਜੈਕਟ ਡਾਇਰੈਕਟਰ ਨੂੰ ਸੌਂਪਿਆ ਸੀ ਤਾਂ ਕਿ ਇਸ ਨੂੰ ਸਮੇਂ ’ਤੇ ਨਿਪਟਾਇਆ ਜਾ ਸਕੇ ਪਰ ਹੁਣ ਉਸ ਦਾ ਵੀ ਤਬਾਦਲਾ ਹੋ ਗਿਆ ਹੈ ਅਤੇ ਨਵੇਂ ਪ੍ਰਾਜੈਕਟ ਡਾਇਰੈਕਟਰ 2 ਦਿਨਾਂ ਬਾਅਦ ਜੁਆਇਨ ਕਰਨਗੇ, ਜਿਨ੍ਹਾਂ ਨੂੰ ਸਾਰਾ ਮਾਮਲਾ ਸਮਝਣ ਲਈ ਫਿਰ ਤੋਂ ਮਿਹਨਤ ਕਰਨੀ ਪਵੇਗੀ। ਇਸ ਤੋਂ ਪਹਿਲਾਂ ਪੁਰਾਣੇ ਪ੍ਰਾਜੈਕਟ ਡਾਇਰੈਕਟਰ ਅਤੇ ਅੰਬਾਲਾ ਹੈੱਡ ਆਫਿਸ ਤੋਂ ਇਸ ਲੇਨ ਨੂੰ ਚਾਲੂ ਕਰਨ ਲਈ 5 ਦੇ ਲਗਭਗ ਡਰਾਇੰਗਜ਼ ਤਿਆਰ ਕਰਵਾਈਆਂ ਗਈਆਂ ਹਨ। ਪਹਿਲਾਂ ਤਾਂ ਇਹ ਰੇਲਵੇ ਨੂੰ ਪਸੰਦ ਹੀ ਨਹੀਂ ਆਈਆਂ ਅਤੇ ਜਦੋਂ ਆਈਆਂ ਤਾਂ ਦਿੱਲੀ ਹੈੱਡਕੁਆਰਟਰ ਵਿਚ ਇਸ ਨੂੰ ਪਾਸ ਕਰਨ ਲਈ ਭੇਜ ਦਿੱਤਾ ਗਿਆ ਹੈ, ਜਿਹੜੀਆਂ ਅਜੇ ਤੱਕ ਪਾਸ ਹੋ ਕੇ ਜਲੰਧਰ ਨਹੀਂ ਪਹੁੰਚੀਆਂ ਹਨ।
ਇਹ ਵੀ ਪੜ੍ਹੋ : ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਗਈਆਂ ਜਲ ਪ੍ਰਵਾਹ
ਪ੍ਰਾਜੈਕਟ ਡਾਇਰੈਕਟਰ ਬਦਲਣ ਕਾਰਨ ਨਵੇਂ ਸਿਰੇ ਤੋਂ ਦੇਖਣਾ ਪੈ ਸਕਦੈ ਪ੍ਰਾਜੈਕਟ ਦਾ ਕੰਮ
ਪ੍ਰਾਜੈਕਟ ਡਾਇਰੈਕਟਰ ਦੇ ਬਦਲਣ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਸਾਰੇ ਕੰਮ ਨੂੰ ਦੇਖਿਆ ਜਾਵੇਗਾ ਕਿ ਕਿਸ ਡਰਾਇੰਗ ’ਤੇ ਰੇਲਵੇ ਅਤੇ ਐੱਨ. ਐੱਚ. ਏ. ਆਈ. ਵਿਚਕਾਰ ਸਹਿਮਤੀ ਬਣੀ ਸੀ? ਐੱਨ. ਐੱਚ. ਏ. ਆਈ. ਦਾ ਕਹਿਣਾ ਹੈ ਕਿ ਰੇਲਵੇ ਨੇ ਆਬਜੈਕਸ਼ਨ ਲਾਇਆ ਸੀ ਕਿ ਜੰਮੂ ਰੇਲਵੇ ਲਾਈਨ ਉੱਪਰ ਬਣੇ ਦੋਵੇਂ ਪਾਸੇ ਦੇ ਫਲਾਈਓਵਰ ਨੂੰ ਚੌੜਾ ਕੀਤਾ ਜਾਵੇ ਪਰ ਐੱਨ. ਐੱਚ. ਏ. ਆਈ. ਥ੍ਰੀ-ਲੇਨ ਤਿਆਰ ਕਰ ਰਹੀ ਹੈ, ਜਿਸ ਕਾਰਨ ਆਖਰੀ ਡਰਾਇੰਗ ਵਿਚ ਪੇਚ ਫਸ ਗਿਆ। ਇਸ ਸਾਰੇ ਮਾਮਲੇ ਵਿਚ ਆਮ ਜਨਤਾ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਰਹੀ ਹੈ ਪਰ ਨਾ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਨਾ ਹੀ ਕੋਈ ਆਗੂ ਇਸ ਪਾਸੇ ਧਿਆਨ ਦੇ ਰਹੇ ਹਨ। ਸਾਰੇ ਜ਼ਿਮਨੀ ਚੋਣ ਵਿਚ ਰੁੱਝੇ ਹੋਏ ਹਨ। ਗੁਰੂ ਨਾਨਕਪੁਰਾ ਫਾਟਕ ਵੱਲ ਜਾਣ ਵਾਲੇ ਲੋਕਾਂ ਅਤੇ ਸਥਾਨਕ ਲੋਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਕਈ ਵਾਰ ਪੀ. ਏ. ਪੀ. ਦੇ ਲੇਨ ਨੂੰ ਖੋਲ੍ਹਣ ਲਈ ਧਰਨਾ-ਪ੍ਰਦਰਸ਼ਨ ਵੀ ਕੀਤਾ ਗਿਆ ਪਰ ਕੋਈ ਹੱਲ ਨਹੀਂ ਹੋਇਆ।
300 ਕਰੋੜ ਰੁਪਏ ਨਾਲ ਜ਼ਮੀਨ ਕੀਤੀ ਗਈ ਸੀ ਐਕਵਾਇਰ
ਪੀ. ਏ. ਪੀ. ਫਲਾਈਓਵਰ ਨੂੰ ਤਿਆਰ ਕਰਨ ਲਈ ਐੱਨ. ਐੱਚ. ਏ. ਆਈ. ਨੇ 300 ਕਰੋੜ ਰੁਪਏ ਦੇ ਕੇ ਜ਼ਮੀਨ ਐਕਵਾਇਰ ਕੀਤੀ ਸੀ। ਨਵਾਂ ਫਲਾਈਓਵਰ ਤਾਂ ਚੌੜਾ ਬਣਾ ਦਿੱਤਾ ਪਰ ਡਰਾਇੰਗ ਵਿਚ ਖਾਮੀਆਂ ਹੋਣ ਕਰਕੇ ਪੀ. ਏ. ਪੀ. ਚੌਗਿੱਟੀ ਫਲਾਈਓਵਰ ਦੀ ਫੋਰ-ਲੇਨ ਚੌੜੀ ਨਹੀਂ ਹੋ ਸਕੀ ਅਤੇ ਆਏ ਦਿਨ ਹਾਦਸੇ ਹੋ ਰਹੇ ਹਨ। ਇਸ ਫਲਾਈਓਵਰ ’ਤੇ ਜਿੰਨੇ ਵੀ ਹਾਦਸੇ ਹੁੰਦੇ ਹਨ, ਉਨ੍ਹਾਂ ਵਿਚ ਵਧੇਰੇ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ
ਰੇਲਵੇ ਦੇ ਇੰਜੀਨੀਅਰਾਂ ਦਾ ਕਹਿਣਾ-ਉਨ੍ਹਾਂ ਵੱਲੋਂ ਕੋਈ ਸਮੱਸਿਆ ਨਹੀਂ
ਰੇਲਵੇ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਪ੍ਰੇਸ਼ਾਨੀ ਅਤੇ ਸਮੱਸਿਆ ਨਹੀਂ ਹੈ। ਰੇਲਵੇ ਖ਼ੁਦ ਚਾਹੁੰਦਾ ਹੈ ਕਿ ਜਲਦ ਕੰਮ ਸ਼ੁਰੂ ਹੋਵੇ ਕਿਉਂਕਿ ਗੁਰੂ ਨਾਨਕਪੁਰਾ ਫਾਟਕ ’ਤੇ ਹਰ ਰੋਜ਼ ਜਾਮ ਲੱਗ ਰਿਹਾ ਹੈ ਅਤੇ ਕਈ ਵਾਰ ਫਾਟਕ ਟੁੱਟ ਚੁੱਕਾ ਹੈ। ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਇਸ ਫਲਾਈਓਵਰ ਦਾ ਜਲਦ ਹੱਲ ਕਰਵਾਉਣਾ ਚਾਹੀਦਾ ਹੈ। ਦੂਜੇ ਪਾਸੇ ਨਵੇਂ ਪ੍ਰਾਜੈਕਟ ਡਾਇਰੈਕਟਰ ਨੇ 2 ਦਿਨ ਬਾਅਦ ਚਾਰਜ ਸੰਭਾਲਣਾ ਹੈ। ਲੋਕਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਇਕ ਵਾਰ ਫਿਰ ਡੀ. ਸੀ. ਨੂੰ ਦਖਲਅੰਦਾਜ਼ੀ ਕਰਨੀ ਚਾਹੀਦੀ ਹੈ ਅਤੇ ਪ੍ਰਾਜੈਕਟ ਦੀ ਜਾਣਕਾਰੀ ਲੈਣੀ ਚਾਹੀਦੀ ਹੈ ਕਿ ਇਹ ਕਦੋਂ ਸ਼ੁਰੂ ਹੋਵੇਗਾ? ਜੇਕਰ ਨਹੀਂ ਹੋਣਾ ਹੈ ਤਾਂ ਘੱਟ ਤੋਂ ਘੱਟ ਬੰਦ ਪਈ ਲੇਨ ਨੂੰ ਖੁੱਲ੍ਹਵਾਉਣ ਦਾ ਹੱਲ ਜ਼ਰੂਰ ਕੱਢਿਆ ਜਾਵੇ।
ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਤਮਸਤਕ ਹੋਏ CM ਭਗਵੰਤ ਮਾਨ, ਗਾਇਕ ਗੁਰਦਾਸ ਮਾਨ ਨੇ ਕੀਤਾ ਸਨਮਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ