ਬੱਸ ਅਤੇ ਆਟੋ ਰਿਕਸ਼ਾ ਦੀ ਟੱਕਰ ''ਚ ਔਰਤ ਦੀ ਮੌਤ

08/19/2019 1:56:11 AM

ਕਪੂਰਥਲਾ (ਮਹਾਜਨ)-ਅਰਬਨ ਅਸਟੇਟ ਦੇ ਬਾਹਰ ਬੱਸ ਅਤੇ ਆਟੋ ਰਿਕਸ਼ਾ ਦੀ ਟੱਕਰ ਹੋ ਗਈ। ਟੱਕਰ ਕਾਰਣ ਆਟੋ ਰਿਕਸ਼ਾ ਪਲਟ ਗਿਆ, ਜਿਸ ਕਾਰਣ ਆਟੋ 'ਚ ਸਵਾਰ ਔਰਤ ਦੀ ਮੌਤ ਹੋ ਗਈ, ਜਦਕਿ ਡਰਾਈਵਰ ਸਮੇਤ ਇਕ ਹੋਰ ਔਰਤ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਐਤਵਾਰ ਦੀ ਦੁਪਹਿਰ ਕਰੀਬ 3 ਵਜੇ ਜਲੰਧਰ ਵੱਲੋਂ ਆ ਰਹੀ ਬੱਸ ਅਰਬਨ ਅਸਟੇਟ ਦੇ ਬਾਹਰ ਸਵਾਰੀਆਂ ਉਤਾਰ ਕੇ ਚੱਲਣ ਲੱਗੀ ਤਾਂ ਪਿੱਛਿਓਂ ਸਵਾਰੀਆਂ ਨਾਲ ਭਰਿਆ ਆਟੋ ਰਿਕਸ਼ਾ ਜਿਸ 'ਚ 5 ਸਵਾਰੀਆਂ ਸਨ, ਉਹ ਬੱਸ ਨਾਲ ਟਕਰਾ ਗਿਆ ਤੇ ਪਲਟ ਗਿਆ। ਹਾਦਸੇ 'ਚ ਆਟੋ ਚਾਲਕ ਡਰਾਈਵਰ ਮੰਗਤ ਰਾਮ ਪੁੱਤਰ ਹਰੀ ਰਾਮ ਵਾਸੀ ਪਿੰਡ ਰਜਾਪੁਰ ਕਪੂਰਥਲਾ ਤੇ ਆਟੋ 'ਚ ਬੈਠੀਆਂ ਚਾਰ ਸਵਾਰੀਆਂ 'ਚੋਂ ਦੋ ਸਵਾਰੀਆਂ ਰਾਜਵਿੰਦਰ ਕੌਰ ਪਤਨੀ ਹਰਜਿੰਦਰ ਸਿੰਘ ਵਾਸੀ ਰਾਏਪੁਰ ਪੀਰਬਖਸ਼ ਭੁਲੱਥ ਕਪੂਰਥਲਾ ਤੇ ਪਰਮਜੀਤ ਕੌਰ ਪਤਨੀ ਕਮਲ ਕੁਮਾਰ ਵਾਸੀ ਉੱਚਾ ਧੋੜਾ ਕਪੂਰਥਲਾ ਜ਼ਖਮੀ ਹੋ ਗਈਆਂ। ਰਾਹਗੀਰਾਂ ਨੇ ਆਟੋ ਨੂੰ ਸਿੱਧਾ ਕੀਤਾ ਤੇ ਆਟੋ 'ਚ ਡਰਾਈਵਰ ਸਮੇਤ ਫਸੀਆਂ ਤਿੰਨ ਸਵਾਰੀਆਂ ਨੂੰ ਇਲਾਜ ਵਾਸਤੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਜਿਥੇ ਇਲਾਜ ਦੇ ਕੁਝ ਦੇਰ ਬਾਅਦ ਹੀ ਰਾਜਵਿੰਦਰ ਕੌਰ ਦੀ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਣ ਮੌਤ ਹੋ ਗਈ। ਆਟੋ ਰਿਕਸ਼ਾ 'ਚ ਸਵਾਰ ਲੋਕ ਐਤਵਾਰ ਨੂੰ ਕਪੂਰਥਲਾ ਦੇ ਪਿੰਡ ਖੋਜੇਵਾਲ ਤੋਂ ਧਾਰਮਕ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ ਕਿ ਹਾਦਸੇ ਦਾ ਸ਼ਿਕਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਪਾਰਟੀ ਸਮੇਤ ਦੁਰਘਟਨਾ ਵਾਲੀ ਥਾਂ 'ਤੇ ਪਹੁੰਚੇ ਏ. ਐੱਸ. ਆਈ. ਮਨਜੀਤ ਸਿੰਘ ਨੇ ਮ੍ਰਿਤਕ ਦੀ ਪਛਾਣ ਕਰਵਾ ਕੇ ਭੁਲੱਥ ਦੇ ਪਿੰਡ ਰਾਏਪੁਰ ਪੀਰਬਖਸ਼ ਸੂਚਨਾ ਭੇਜ ਦਿੱਤੀ ਹੈ


Karan Kumar

Content Editor

Related News