ਐਕਸ਼ਨ 'ਚ ਜਲੰਧਰ ਦੇ ਡਿਪਟੀ ਕਮਿਸ਼ਨਰ, 12 ਮੁਲਾਜ਼ਮਾਂ ਨੂੰ ਜਾਰੀ ਕੀਤੇ ਨੋਟਿਸ, ਜਾਣੋ ਕਿਉਂ

Wednesday, Dec 07, 2022 - 12:15 PM (IST)

ਜਲੰਧਰ (ਚੋਪੜਾ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਤੱਕ ਹਾਜ਼ਰ ਹੋਣ ਦੇ ਦਿੱਤੇ ਹੁਕਮਾਂ ਨੂੰ ਕਈ ਮਹੀਨੇ ਬੀਤਣ ਤੋਂ ਬਾਅਦ ਕਈ ਅਧਿਕਾਰੀ ਅਤੇ ਕਰਮਚਾਰੀ ਆਪਣੀ ਡਿਊਟੀ ਪ੍ਰਤੀ ਲਾਪਰਵਾਹ ਹੋ ਗਏ ਹਨ। ਇਸੇ ਕੜੀ ਵਿਚ ਮੰਗਲਵਾਰ ਡੀ. ਸੀ. ਜਸਪ੍ਰੀਤ ਸਿੰਘ ਸਵੇਰੇ ਪ੍ਰਸ਼ਾਸਨਿਕ ਕੰਪਲੈਕਸ ਸਥਿਤ ਵੱਖ-ਵੱਖ ਵਿਭਾਗਾਂ ਦਾ ਅਚਾਨਕ ਮੁਆਇਨਾ ਕੀਤਾ। ਇਸ ਦੌਰਾਨ ਡੀ. ਸੀ. ਨੇ ਡਿਊਟੀ ਤੋਂ ਗੈਰ-ਮੌਜੂਦ ਰਹਿਣ ਵਾਲੇ 12 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਡੀ. ਸੀ. ਨੇ ਚੈਕਿੰਗ ਦੌਰਾਨ ਐੱਮ. ਏ. ਬ੍ਰਾਂਚ, ਅਸਲਾ ਬ੍ਰਾਂਚ, ਸੇਵਾ ਕੇਂਦਰ, ਸਬ-ਰਜਿਸਟਰਾਰ ਦਫ਼ਤਰ, ਫਰਦ ਕੇਂਦਰ ਅਤੇ ਨਵੇਂ ਪਟਵਾਰਖਾਨੇ ਵਿਚ ਜਾ ਕੇ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ ਅਤੇ ਗੈਰ-ਮੌਜੂਦ ਪਾਏ ਜਾਣ ਵਾਲੇ ਕਰਮਚਾਰੀਆਂ ਦੀ ਸੂਚੀ ਤਿਆਰ ਕਰਵਾਈ। ਇਸ ਤੋਂ ਇਲਾਵਾ ਉਨ੍ਹਾਂ ਜਨ-ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਵੱਖ-ਵੱਖ ਵਿਭਾਗਾਂ ਵਿਚ ਲੋਕਾਂ ਨੂੰ ਸਹੂਲਤ ਦੇਣ ਸਬੰਧੀ ਪਾਈਆਂ ਜਾਣ ਵਾਲੀਆਂ ਕਮੀਆਂ ਦੀ ਵੀ ਜਾਂਚ ਕੀਤੀ। ਡੀ. ਸੀ. ਨੇ ਚੈਕਿੰਗ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ-ਆਪਣੇ ਦਫ਼ਤਰਾਂ ਵਿਚ ਰੋਜ਼ਾਨਾ ਸਮੇਂ ’ਤੇ ਹਾਜ਼ਰੀ ਯਕੀਨੀ ਬਣਾਉਣ ਦੇ ਸਖ਼ਤ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਦਫ਼ਤਰ ਸਮੇਂ ਦੌਰਾਨ ਆਪਣੇ-ਆਪਣੇ ਸਥਾਨ ’ਤੇ ਹਾਜ਼ਰ ਰਹਿਣ ਤਾਂ ਕਿ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਸੁਚਾਰੂ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜਿਸ ਵਿਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਸਹਿਣ ਨਹੀਂ ਕੀਤੀ ਜਾਵੇਗੀ ਅਤੇ ਦੇਰੀ ਨਾਲ ਆਉਣ ਵਾਲੇ ਕਰਮਚਾਰੀਆਂ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੀ ਚੈਕਿੰਗ ਲਗਾਤਾਰ ਜਾਰੀ ਰਹੇਗੀ। ਇਸ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਮੇਜਰ ਅਮਿਤ ਮਹਾਜਨ, ਐੱਸ. ਡੀ. ਐੱਮ.-1 ਡਾ. ਜੈਇੰਦਰ ਸਿੰਘ, ਐੱਸ. ਡੀ. ਐੱਮ.-2 ਬਲਬੀਰ ਰਾਜ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਰਹੇ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲੀ ਵਾਰ ਬਿਜਲੀ ਦੀ ਕਮੀ ਨਹੀਂ ਹੋਈ, ਥਰਮਲ ਪਲਾਂਟਾਂ ਨੂੰ ਹੋਰ ਮਜ਼ਬੂਤ ਬਣਾਵਾਂਗੇ: ਭਗਵੰਤ ਮਾਨ

PunjabKesari

ਕਰਮਚਾਰੀਆਂ ’ਚ ਮਚੀ ਹਫ਼ੜਾ-ਦਫ਼ੜੀ

ਡੀ. ਸੀ. ਵੱਲੋਂ ਦਫ਼ਤਰਾਂ ਦਾ ਅਚਾਨਕ ਮੁਆਇਨਾ ਕਰਨ ਦੀ ਸੂਚਨਾ ਪੂਰੇ ਪ੍ਰਸ਼ਾਸਨਿਕ ਕੰਪਲੈਕਸ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ। ਡੀ. ਸੀ. ਨੂੰ ਜਾਂਚ ਕਰਦਿਆਂ ਵੇਖ ਕਰਮਚਾਰੀਆਂ ਵਿਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਦੇਰੀ ਨਾਲ ਆ ਰਹੇ ਕਰਮਚਾਰੀ ਕਿਸੇ ਤਰ੍ਹਾਂ ਬਚਦੇ-ਬਚਾਉਂਦੇ ਅਧਿਕਾਰੀ ਦੇ ਉਨ੍ਹਾਂ ਦੇ ਦਫਤਰ ਤੱਕ ਆਉਣ ਤੋਂ ਪਹਿਲਾਂ ਆਪਣੀਆਂ ਸੀਟਾਂ ਤੱਕ ਪਹੁੰਚਣ ਦੀ ਕਵਾਇਦ ਵਿਚ ਜੁਟੇ ਰਹੇ। ਇੰਨਾ ਹੀ ਨਹੀਂ, ਸਮੇਂ ’ਤੇ ਪਹੁੰਚ ਚੁੱਕੇ ਕਈ ਕਰਮਚਾਰੀ ਆਪਣੇ ਸਹਿਯੋਗੀ ਕਰਮਚਾਰੀਆਂ ਨੂੰ ਫੋਨ ਕਰਕੇ ਜਲਦ ਤੋਂ ਜਲਦ ਦਫ਼ਤਰ ਆਉਣ ਲਈ ਕਹਿੰਦੇ ਰਹੇ।

ਵੱਖ-ਵੱਖ ਦਫ਼ਤਰਾਂ ਵਿਚ ਧੜੱਲੇ ਨਾਲ ਕੰਮ ਕਰਨ ਵਾਲੇ ਪ੍ਰਾਈਵੇਟ ਕਰਿੰਦੇ ਹੋਏ ਗਾਇਬ

ਉਂਝ ਤਾਂ ਡੀ. ਸੀ. ਆਫਿਸ ਵਿਚ ਰੋਜ਼ਾਨਾ ਦਰਜਨਾਂ ਦੀ ਗਿਣਤੀ ਵਿਚ ਪ੍ਰਾਈਵੇਟ ਕਰਿੰਦਿਆਂ ਦਾ ਤਾਂਤਾ ਲੱਗਾ ਰਹਿੰਦਾ ਹੈ, ਜਿਹੜੇ ਕਿ ਭੋਲੇ-ਭਾਲੇ ਲੋਕਾਂ ਦੇ ਵਿਭਾਗੀ ਕੰਮ ਕਰਵਾਉਣ ਬਦਲੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲਦੇ ਹਨ ਪਰ ਡੀ. ਸੀ. ਦੇ ਜਾਂਚ ’ਤੇ ਨਿਕਲਣ ਦੌਰਾਨ ਸਬ-ਰਜਿਸਟਰਾਰ ਬਿਲਡਿੰਗ ਦੇ ਪਟਵਾਰਖਾਨੇ ਵਿਚ ਕੁਝ ਪਟਵਾਰੀਆਂ ਵੱਲੋਂ ਆਪਣੇ ਨਾਲ ਰੱਖੇ ਪ੍ਰਾਈਵੇਟ ਕਰਿੰਦਿਆਂ ਤੋਂ ਇਲਾਵਾ ਸੇਵਾ ਕੇਂਦਰ, ਤਹਿਸੀਲ ਅਤੇ ਹੋਰ ਦਫ਼ਤਰਾਂ ਵਿਚ ਧੜੱਲੇ ਨਾਲ ਕੰਮ ਕਰਨ ਵਾਲੇ ਕਰਿੰਦੇ ਵੀ ਮੌਕੇ ਤੋਂ ਗਾਇਬ ਰਹੇ, ਹਾਲਾਂਕਿ ਜਿਉਂ ਹੀ ਡੀ. ਸੀ. ਵਾਪਸ ਆਪਣੇ ਆਫਿਸ ਿਵਚ ਚਲੇ ਗਏ, ਤਿਉਂ ਹੀ ਪ੍ਰਾਈਵੇਟ ਕਰਿੰਦੇ ਇਕ ਵਾਰ ਫਿਰ ਕੰਪਲੈਕਸ ’ਚ ਸਰਗਰਮ ਹੋ ਗਏ।

ਇਹ ਵੀ ਪੜ੍ਹੋ : ਭਾਰਤੀ ਇੰਜੀਨੀਅਰ ਦੀ ਕਮਾਲ ਦੀ ਕਹਾਣੀ, ਐਂਬੂਲੈਂਸ ਤੋਂ ਪਹਿਲਾਂ ਪਹੁੰਚ ਬ੍ਰਿਟਿਸ਼ ਨਾਗਰਿਕਾਂ ਦੀ ਕੀਤੀ ਸੀ ਮਦਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News