ਚੱਲਦੇ ਆਟੋ ’ਚ ਕਟਰ ਨਾਲ ਔ²ਰਤ ਦਾ ਸੋਨੇ ਦਾ ਕੜਾ ਕੱਟਿਆ

11/18/2018 6:03:18 AM

ਜਲੰਧਰ,  (ਸੁਧੀਰ)-  ਸਥਾਨਕ ਡੀ. ਏ. ਵੀ. ਕਾਲਜ ਤੋਂ ਕੁਝ ਦੂਰੀ 'ਤੇ ਉਸ ਸਮੇਂ ਹੰਗਾਮਾ  ਹੋ ਗਿਆ ਜਦੋਂ ਆਟੋ ’ਚ ਸਵਾਰ 5 ਔਰਤਾਂ ਨੇ ਉਨ੍ਹਾਂ ਨਾਲ ਬੈਠੀ ਇਕ ਹੋਰ ਔਰਤ ਦੇ ਹੱਥ  ’ਚੋਂ ਸੋਨੇ ਦਾ ਸਾਢੇ 3 ਤੋਲੇ ਦਾ ਕੜਾ ਕਟਰ ਨਾਲ ਕੱਟ ਦਿੱਤਾ। ਇਸ ਦੌਰਾਨ ਕੜਾ ਹੇਠਾਂ  ਡਿੱਗ ਪਿਆ ਤੇ ਆਟੋ ’ਚ ਬੈਠੀ ਔਰਤ ਨੇ ਦੇਖ ਲਿਆ ਤੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ  ਗਿਰੋਹ ਦੀ ਇਕ ਔਰਤ ਨੂੰ ਆਟੋ ਚਾਲਕ ਤੇ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ, ਜਦੋਂ ਕਿ  4 ਔਰਤਾਂ ਭੱਜਣ ’ਚ ਕਾਮਯਾਬ ਰਹੀਆਂ।
ਜਾਣਕਾਰੀ ਮੁਤਾਬਕ ਮੋਹਿਤ ਸ਼ਰਮਾ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਉਸ ਦੀ ਰਿਸ਼ਤੇਦਾਰ ਸੀਮਾ (ਕਾਲਪਨਿਕ ਨਾਂ) ਆਪਣੀ ਬੇਟੀ ਦਾ ਪੇਪਰ ਦਿਵਾਉਣ  ਲਈ ਫਿਰੋਜ਼ਪੁਰ ਤੋਂ ਟਰੇਨ ’ਚ ਆਈ ਤੇ ਦੋਵੇਂ ਮਾਂ-ਬੇਟੀ ਡੀ. ਏ. ਵੀ. ਕਾਲਜ ਸਟੇਸ਼ਨ 'ਤੇ  ਟਰੇਨ ’ਚੋਂ ਉਤਰੀਆਂ, ਜਿਸ ਤੋਂ ਬਾਅਦ ਉਹ ਆਟੋ ਵਿਚ ਬੈਠੀਆਂ। ਇਸ ਦੌਰਾਨ 5 ਔਰਤਾਂ ਵੀ  ਉਨ੍ਹਾਂ ਕੋਲ ਆ ਕੇ ਬੈਠ ਗਈਆਂ, ਜਿਨ੍ਹਾਂ ’ਚੋਂ ਇਕ ਔਰਤ ਨੇ ਕਟਰ ਨਾਲ ਉਸ ਦੀ ਰਿਸ਼ਤੇਦਾਰ  ਔਰਤ ਦਾ ਸੋਨੇ ਦਾ ਕੜਾ ਕੱਟ ਦਿੱਤਾ ਤੇ ਕੜਾ ਹੇਠਾਂ ਡਿੱਗ ਪਿਆ। ਇਹ ਦੇਖ ਕੇ ਆਟੋ ’ਚ  ਬੈਠੀ ਔਰਤ ਤੇ ਉਸ ਦੀ ਬੇਟੀ ਨੇ ਰੌਲਾ ਪਾ ਦਿੱਤਾ। ਇਸ ਦੌਰਾਨ 4 ਔਰਤਾਂ ਉਥੋਂ ਭੱਜ ਗਈਆਂ,  ਜਦੋਂ ਕਿ ਇਕ ਔਰਤ ਨੂੰ ਲੋਕਾਂ ਨੇ ਫੜ ਕੇ ਉਸ ਦੀ ਖਾਤਿਰਦਾਰੀ ਕਰਨ ਤੋਂ ਬਾਅਦ ਪੁਲਸ ਹਵਾਲੇ  ਕਰ ਦਿੱਤਾ। 
4 ਘੰਟੇ ਧੱਕੇ ਖਾਣ ਤੋਂ ਬਾਅਦ ਵੀ ਥਾਣੇ ’ਚ ਨਹੀਂ ਮਿਲਿਆ ਇਨਸਾਫ : ਦੂਜੇ ਪਾਸੇ ਘਟਨਾ ਦੀ ਸ਼ਿਕਾਰ ਹੋਈ ਔਰਤ ਨੇ ਦੱਸਿਆ ਕਿ ਉਹ ਥਾਣੇ ਵਿਚ ਕਰੀਬ 4 ਘੰਟੇ ਬੈਠੀ  ਰਹੀ। ਉਸ ਨੇ ਥਾਣੇਦਾਰ ਨੂੰ ਕਿਹਾ ਕਿ ਮੇਰਾ ਕੜਾ ਮਿਲ ਗਿਆ ਹੈ ਤੇ ਮੈਂ ਕੋਈ ਕਾਰਵਾਈ  ਨਹੀਂ ਕਰਵਾਉਣਾ ਚਾਹੁੰਦੀ। ਮੇਰਾ ਕੜਾ ਵਾਪਸ ਕਰ ਦਿਓ ਪਰ ਪੁਲਸ ਨੇ ਉਸ ਨੂੰ ਨਾ ਸਿਰਫ 4  ਘੰਟੇ ਤੱਕ ਥਾਣੇ ਬਿਠਾਈ ਰੱਖਿਆ ਸਗੋਂ ਉਸ ਦਾ ਕੜਾ ਵੀ ਨਹੀਂ ਵਾਪਸ ਮੋੜਿਆ ਤੇ ਨਾ ਹੀ  ਮਾਮਲਾ ਦਰਜ ਕਰ ਕੇ ਉਸ ਨੂੰ ਐੱਫ. ਆਈ. ਆਰ. ਦੀ ਕਾਪੀ ਹੀ ਦਿੱਤੀ। ਇਸ ਤੋਂ ਬਾਅਦ ਔਰਤ  ਥਾਣੇ ਤੋਂ ਵਾਪਸ ਚਲੀ ਗਈ। ਇਸ ਵਾਰਦਾਤ ਨਾਲ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ  ਲੱਗ ਰਿਹਾ ਹੈ ਕਿ ਇਕ ਪਾਸੇ ਜਨਤਾ ਨੂੰ ਇਨਸਾਫ ਦਿਵਾਉਣ ਦੇ ਲੰਮੇ-ਚੌੜੇ ਦਾਅਵੇ ਕਮਿਸ਼ਨਰੇਟ  ਪੁਲਸ ਕਰ ਰਹੀ ਹੈ ਤਾਂ ਦੂਜੇ ਪਾਸੇ ਲੋਕਾਂ ਨੂੰ ਥਾਣਿਆਂ ’ਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।


Related News