ਦਲਜੀਤ ਆਹਲੂਵਾਲੀਆ ਖਿਲਾਫ ਜ਼ਿਲਾ ਖਪਤਕਾਰ ਫੋਰਮ ਨੇ ਫਿਰ ਕੱਢਿਆ ਅਰੈਸਟ ਵਾਰੰਟ

11/07/2019 4:10:44 PM

ਜਲੰਧਰ (ਚੋਪੜਾ)— ਬੀਬੀ ਭਾਨੀ ਕੰਪਲੈਕਸ ਦੇ ਫਲੈਟ ਨੰਬਰ 12/ਏ ਫਸਟ ਫਲੋਰ ਦੇ ਅਲਾਟੀ ਤੇ ਸੀਨੀਅਰ ਸਿਟੀਜ਼ਨ ਦਰਸ਼ਨ ਲਾਲ ਨਰੂਲਾ ਨਾਲ ਸਬੰਧਤ ਕੇਸ 'ਚ ਜ਼ਿਲਾ ਖਪਤਕਾਰ ਅਦਾਲਤ ਨੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਖਿਲਾਫ ਇਕ ਵਾਰ ਫਿਰ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਫੋਰਮ ਨੇ ਆਪਣੇ ਹੁਕਮਾਂ ਦੀ ਉਲੰਘਣਾ ਸਬੰਧੀ ਟਰੱਸਟ ਚੇਅਰਮੈਨ ਖਿਲਾਫ ਇਹ 5ਵਾਂ ਅਰੈਸਟ ਵਾਰੰਟ ਕੱਢਿਆ ਹੈ। 4 ਨਵੰਬਰ ਨੂੰ ਕੇਸ ਦੀ ਸੁਣਵਾਈ ਦੇ ਦਿਨ ਬਾਰ ਐਸੋ. ਨੇ ਨੋ ਵਰਕ ਡੇ ਐਲਾਨ ਕੀਤਾ ਹੋਇਆ ਸੀ, ਜਿਸ ਕਾਰਣ ਚੇਅਰਮੈਨ ਆਹਲੂਵਾਲੀਆ ਫੋਰਮ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ। ਫੋਰਮ ਨੇ ਹੁਣ ਇਸ ਕੇਸ ਦੀ ਅਗਲੀ ਸੁਣਵਾਈ 10 ਦਸੰਬਰ ਤੈਅ ਕੀਤੀ ਹੈ।

ਜ਼ਿਕਰਯੋਗ ਹੈ ਕਿ ਆਹਲੂਵਾਲੀਆ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਫੋਰਮ ਨੇ ਇਸ ਕੇਸ 'ਚ ਚੇਅਰਮੈਨ ਖਿਲਾਫ 24 ਜੁਲਾਈ ਨੂੰ ਗੈਰ ਜ਼ਮਾਨਤੀ ਵਾਰੰਟ ਇਸ਼ੂ ਕਰਦੇ ਹੋਏ ਉਨ੍ਹਾਂ ਨੂੰ 28 ਅਗਸਤ ਤੱਕ ਫੈਸਲੇ ਮੁਤਾਬਕ ਭੁਗਤਾਨ ਕਰਨ ਦਾ ਸਮਾਂ ਦਿੱਤਾ ਸੀ। ਕੇਸ ਦੀ ਸੁਣਵਾਈ ਦੌਰਾਨ ਟਰੱਸਟ ਅਧਿਕਾਰੀ ਨੇ ਫੋਰਮ ਨੂੰ ਕਿਹਾ ਕਿ ਚੇਅਰਮੈਨ ਕਿਸੇ ਕੰਮ ਦੇ ਸਿਲਸਿਲੇ 'ਚ ਚੰਡੀਗੜ੍ਹ ਗਏ ਹਨ ਜਦਕਿ ਚੇਅਰਮੈਨ ਉਸੇ ਦੌਰਾਨ ਦਫਤਰ 'ਚ ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ ਫਲੈਟਾਂ ਦੇ ਡਰਾਅ ਕੱਢ ਰਹੇ ਸਨ। ਇਸ ਝੂਠ ਦਾ ਫੋਰਮ ਨੇ ਸਖਤ ਨੋਟਿਸ ਲੈਂਦਿਆਂ ਪੁਲਸ ਕਮਿਸ਼ਨਰ ਜ਼ਰੀਏ ਨਵੇਂ ਅਰੈਸਟ ਵਾਰੰਟ ਜਾਰੀ ਕਰਦੇ ਹੋਏ 30 ਸਤੰਬਰ ਨੂੰ ਕੇਸ ਦੀ ਅਗਲੀ ਸੁਣਵਾਈ ਨਿਸ਼ਚਿਤ ਕੀਤੀ। ਕੇਸ ਦੀ ਤਰੀਕ 'ਚ ਕਮਿਸ਼ਨਰੇਟ ਪੁਲਸ ਨੇ ਫੋਰਮ 'ਚ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਦੱਸਿਆ ਕਿ ਪੁਲਸ 27 ਸਤੰਬਰ ਨੂੰ ਚੇਅਰਮੈਨ ਨੂੰ ਗ੍ਰਿਫਤਾਰ ਕਰਨ ਗਈ ਸੀ ਪਰ ਉਹ ਨਹੀਂ ਮਿਲੇ। ਉਸੇ ਦੌਰਾਨ ਫੋਰਮ ਨੇ ਪੁਲਸ ਕਮਿਸ਼ਨਰ ਦੇ ਮਾਰਫਤ ਹੀ ਚੌਥੀ ਵਾਰ ਚੇਅਰਮੈਨ ਖਿਲਾਫ ਨਵੇਂ ਅਰੈਸਟ ਵਾਰੰਟ ਜਾਰੀ ਕਰਦੇ ਹੋਏ ਅਗਲੀ ਤਰੀਕ 4 ਨਵੰਬਰ ਦੀ ਰੱਖੀ ਸੀ।


shivani attri

Content Editor

Related News