ਯੌਨ ਸ਼ੋਸ਼ਣ ਦੇ ਮਾਮਲੇ ''ਚ JDS ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀਆਂ ਮੁਸ਼ਕਲਾਂ ਵਧੀਆਂ, ਗ੍ਰਿਫ਼ਤਾਰੀ ਵਾਰੰਟ ਜਾਰੀ

Sunday, May 19, 2024 - 12:05 PM (IST)

ਯੌਨ ਸ਼ੋਸ਼ਣ ਦੇ ਮਾਮਲੇ ''ਚ JDS ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀਆਂ ਮੁਸ਼ਕਲਾਂ ਵਧੀਆਂ, ਗ੍ਰਿਫ਼ਤਾਰੀ ਵਾਰੰਟ ਜਾਰੀ

ਬੈਂਗਲੁਰੂ- ਬੈਂਗਲੁਰੂ 'ਚ ਸੰਸਦ ਮੈਂਬਰ ਅਤੇ ਵਿਧਾਇਕਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਇਕ ਵਿਸ਼ੇਸ਼ ਅਦਾਲਤ ਨੇ ਯੌਨ ਸ਼ੋਸ਼ਣ ਮਾਮਲੇ ਵਿਚ ਜਨਤਾ ਦਲ (S) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਨੇ ਪ੍ਰਜਵਲ ਖਿਲਾਫ਼ ਯੌਨ ਸ਼ੋਸ਼ਣ ਦੇ ਮਾਮਲੇ ਵਿਚ ਸ਼ਨੀਵਾਰ ਨੂੰ ਵਾਰੰਟ ਜਾਰੀ ਕੀਤਾ। ਇਸ ਮਾਮਲੇ ਵਿਚ ਪ੍ਰਜਵਲ ਦੇ ਪਿਤਾ ਅਤੇ ਹੋਲੇਨਰਸੀਪੁਰਾ ਤੋਂ ਵਿਧਾਇਕ ਐੱਚ. ਡੀ. ਰੇਵੰਨਾ ਵੀ ਦੋਸ਼ੀ ਹਨ। ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੇ ਪੁੱਤਰ ਐੱਚ. ਡੀ. ਰੇਵੰਨਾ ਇਕ ਮਹਿਲਾ ਦੇ ਅਗਵਾ ਮਾਮਲੇ ਵਿਚ 7 ਦਿਨ ਜੇਲ੍ਹ 'ਚ ਬਿਤਾਉਣ ਮਗਰੋਂ ਜ਼ਮਾਨਤ 'ਤੇ ਹਨ। 

ਹਾਸਨ ਲੋਕ ਸਭਾ ਸੀਟ ਤੋਂ ਰਾਸ਼ਟਰੀ ਜਨਤਾਂਤਰਿਕ ਗਠਜੋੜ (NDA) ਦੇ ਉਮੀਦਵਾਰ ਪ੍ਰਜਵਲ ਖਿਲਾਫ਼ ਤਿੰਨ ਔਰਤਾਂ ਨੇ ਯੌਨ ਸ਼ੋਸ਼ਣ ਦੇ ਤਿੰਨ ਮਾਮਲੇ ਦਰਜ ਕਰਵਾਏ ਹਨ। ਪ੍ਰਜਵਲ ਫਿਲਹਾਲ ਫ਼ਰਾਰ ਹਨ ਅਤੇ ਉਨ੍ਹਾਂ ਖਿਲਾਫ਼ ਇੰਟਰਪੋਲ ਨੇ 'ਬਲਿਊ ਕਾਰਨਰ' ਨੋਟਿਸ ਜਾਰੀ ਕੀਤਾ ਹੈ। ਹਾਲ ਹੀ ਵਿਚ ਵੱਡੀ ਗਿਣਤੀ ਵਿਚ ਅਜਿਹੇ ਵੀਡੀਓ ਜਨਤਕ ਹੋਏ ਸਨ, ਜਿਸ ਵਿਚ ਪ੍ਰਜਵਲ ਨੂੰ ਔਰਤਾਂ ਦਾ ਯੌਨ ਸ਼ੋਸ਼ਣ ਕਰਦਿਆਂ ਵਿਖਾਇਆ ਗਿਆ ਹੈ। ਇਸ ਤੋਂ ਬਾਅਦ ਕਰਨਾਟਕ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਕਰਨਾਟਕ ਸੂਬਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਨਾਗਲਕਸ਼ਮੀ ਚੌਧਰੀ ਦੀਆਂ ਸਿਫਾਰਸ਼ਾਂ 'ਤੇ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕੀਤਾ। 

ਓਧਰ ਐੱਚ. ਡੀ. ਦੇਵਗੌੜਾ ਨੇ ਆਪਣੇ ਪੋਤੇ ਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ’ਤੇ ਪਹਿਲੀ ਵਾਰ ਆਪਣੀ ਚੁੱਪ ਤੋੜਦੇ ਹੋਏ ਸ਼ਨੀਵਾਰ ਕਿਹਾ ਕਿ ਜੇ ਪ੍ਰਜਵਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਨ ’ਤੇ ਮੈਨੂੰ ਕੋਈ ਇਤਰਾਜ਼ ਨਹੀਂ। ਕਾਰਵਾਈ ਹੋਣੀ ਚਾਹੀਦੀ ਹੈ।  ਦੇਵਗੌੜਾ ਨੇ ਕਿਹਾ ਕਿ ਮੇਰੇ ਪੁੱਤਰ ਅਤੇ ਜੇ. ਡੀ. (ਐੱਸ) ਦੇ ਵਿਧਾਇਕ ਐੱਚ. ਡੀ. ਰੇਵੰਨਾ ਵਿਰੁੱਧ ਕੇਸ ਮਨਘੜਤ ਸਨ। ਉਨ੍ਹਾਂ ਹੋਰ ਟਿੱਪਣੀ ਕਰਨ ਤੋਂ ਇਸ ਲਈ ਗੁਰੇਜ਼ ਕੀਤਾ ਕਿਉਂਕਿ ਮਾਮਲਾ ਵਿਚਾਰ ਅਧੀਨ ਹੈ। ਰੇਵੰਨਾ ਇਕ ਔਰਤ ਦੇ ਯੌਨ ਸ਼ੋਸ਼ਣ ਤੇ ਅਗਵਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਗੌੜਾ ਨੇ ਕੁਝ ਦਿਨ ਪਹਿਲਾਂ ਆਪਣਾ ਜਨਮ ਦਿਨ ਨਾ ਮਨਾਉਣ ਦੇ ਫੈਸਲੇ ਦਾ ਐਲਾਨ ਕੀਤਾ ਸੀ ਅਤੇ ਸ਼ੁਭਚਿੰਤਕਾਂ ਤੇ ਪਾਰਟੀ ਵਰਕਰਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਜਿੱਥੇ ਵੀ ਹਨ, ਉੱਥੋਂ ਹੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦੇਣ।


author

Tanu

Content Editor

Related News