ਟਰੱਸਟ ਨੇ ਨੀਲਾਮੀ ''ਚੋਂ ਕੱਢੀ ਸੂਰਿਆ ਐਨਕਲੇਵ ਦੀ ਵਿਵਾਦਿਤ ਪ੍ਰਾਪਰਟੀ
Wednesday, Feb 06, 2019 - 12:45 PM (IST)

ਜਲੰਧਰ (ਪੁਨੀਤ)— ਇੰਪਰੂਵਮੈਂਟ ਟਰੱਸਟ ਫਿਰ ਤੋਂ ਬੈਕਫੁਟ 'ਤੇ ਆ ਗਿਆ ਹੈ ਤੇ ਲੋਕਾਂ ਦੀ ਜਿੱਤ ਹੋਈ ਹੈ ਕਿਉਂਕਿ ਟਰੱਸਟ ਨੇ 170 ਏਕੜ ਸੂਰਿਆ ਐਨਕਲੇਵ ਨਾਲ ਸਬੰਧਤ ਵਿਵਾਦਿਤ ਪ੍ਰਾਪਰਟੀ ਨੂੰ 7 ਫਰਵਰੀ ਨੂੰ ਹੋਣ ਵਾਲੀ ਨੀਲਾਮੀ ਤੋਂ ਬਾਹਰ ਰੱਖਣ ਦਾ ਫੈਸਲਾ ਕੀਤਾ ਹੈ। ਟਰੱਸਟ ਵਲੋਂ ਸੂਰਿਆ ਐਨਕਲੇਵ ਸਕੀਮ ਵਿਚੋਂ 5 ਫੁੱਟ ਏਰੀਏ ਵਾਲੀਆਂ ਜਿਨ੍ਹਾਂ 2 ਜਾਇਦਾਦਾਂ ਨੂੰ ਨੀਲਾਮੀ ਵਿਚ ਰੱਖਿਆ ਗਿਆ ਸੀ, ਉਸ ਦਾ ਇਲਾਕਾ ਵਾਸੀਆਂ ਨੇ ਸਖਤ ਵਿਰੋਧ ਕੀਤਾ ਸੀ, ਜਿਸ ਕਾਰਨ ਬੀਤੇ ਦਿਨ ਟਰੱਸਟ ਦਫਤਰ ਦੇ ਬਾਹਰ ਧਰਨੇ-ਪ੍ਰਦਰਸ਼ਨ ਕੀਤੇ ਗਏ। ਲੋਕਾਂ ਨੇ ਸਾਫ ਕਿਹਾ ਸੀ ਕਿ ਜੇਕਰ ਨੀਲਾਮੀ ਕਰਵਾਈ ਗਈ ਤਾਂ ਹਾਈਵੇ ਜਾਮ ਕੀਤਾ ਜਾਵੇਗਾ। ਇਸ ਕਾਰਨ ਟਰੱਸਟ ਬੈਕਫੁੱਟ 'ਤੇ ਆ ਗਿਆ ਤੇ ਟਰੱਸਟ ਦੀ ਖੂਬ ਕਿਰਕਿਰੀ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਟਰੱਸਟ ਵਲੋਂ ਇਨ੍ਹਾਂ ਜਾਇਦਾਦਾਂ ਨੂੰ ਨੀਲ ਰੱਖਿਆ ਗਿਆ ਸੀ ਤਾਂ ਲੋਕਾਂ ਦੇ ਵਿਰੋਧ ਕਾਰਨ ਇਸ ਨੀਲਾਮੀ ਨੂੰ ਰੱਦ ਕਰਨਾ ਪਿਆ ਸੀ। ਟਰੱਸਟ ਇਸ ਨੂੰ ਕਮਰਸ਼ੀਅਲ ਪ੍ਰਾਪਰਟੀ ਦੱਸ ਰਿਹਾ ਹੈ, ਜਦੋਂਕਿ ਲੋਕਾਂ ਦਾ ਕਹਿਣਾ ਹੈ ਕਿ ਇਥੇ ਪਾਰਕ ਹੈ, ਜਿਸ ਕਾਰਨ ਇਸ ਨੂੰ ਨੀਲਾਮੀ ਵਿਚ ਰੱਖਿਆ ਜਾਣਾ ਗਲਤ ਹੈ। ਇਲਾਕਾ ਕੌਂਸਲਰ ਪਤੀ ਵਿਵੇਕ ਖੰਨਾ ਨੇ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੋਈ ਹੈ। ਭਵਿੱਖ ਵਿਚ ਜੇਕਰ ਟਰੱਸਟ ਨੇ ਕੋਈ ਗਲਤ ਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਵਿਰੋਧ ਵੀ ਕੀਤਾ ਜਾਵੇਗਾ। ਨੀਲਾਮੀ ਰੱਦ ਕਰਨ ਦੀ ਟਰੱਸਟ ਅਧਿਕਾਰੀਆਂ ਵਲੋਂ ਪੁਸ਼ਟੀ ਕੀਤੀ ਗਈ ਹੈ।